ਚੰਡੀਗੜ੍ਹ- ਬਾਦਲ ਸਰਕਾਰ ਦੇ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਪਬਲਿਕ ਫੰਡਾਂ ਵਿੱਚ ਹਰਾਫੇਰੀ ਕਰਨ ਦੇ ਮਾਮਲੇ ਵਿੱਚ ਨਾਂ ਆਉਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸੌਂਪਿਆ। ਰਣੀਕੇ ਦੇ ਪੀਏ ਦੇ ਖਿਲਾਫ਼ ਪੁਲਿਸ ਨੇ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ। ਸੁਖਬੀਰ ਬਾਦਲ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਵਿੱਤ ਵਿਭਾਗ ਨੇ ਵੀ ਸਰਹੱਦੀ ਜਿਲਿਆਂ ਦੇ ਇੱਕ ਇੱਕ ਬਲਾਕ ਦੀ ਜਾਂਚ ਦੇ ਆਦੇਸ਼ ਦਿੱਤੇ ਹੋਏ ਹਨ।
ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅਸਤੀਫ਼ ਮਨਜੂਰ ਕਰ ਲਿਆ ਹੈ ਅਤੇ ਪੰਜਾਬ ਦੇ ਗਵਰਨਰ ਸ਼ਿਵਰਾਜ ਪਾਟਿਲ ਨੂੰ ਭੇਜ ਦਿੱਤਾ ਹੈ। ਪਸ਼ੂ ਪਾਲਣ,ਮੱਛੀ ਪਾਲਣ, ਡੇਰੀ ਵਿਕਾਸ ਅਤੇ ਐਸ ਸੀ/ ਬੀ ਸੀ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਉਪਰ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਜਾਰੀ ਯੋਜਨਾਵਾਂ ਲਈ ਦਿੱਤੇ ਗਏ ਫੰਡਾਂ ਵਿੱਚ ਘਪਲੇਬਾਜ਼ੀ ਕਰਨ ਦਾ ਆਰੋਪ ਲਗ ਰਿਹਾ ਹੈ। ਸਗੁਨ ਯੋਜਨਾ ਵਿੱਚ ਵੀ ਬੇਨਿਯਮੀਆਂ ਹੋਈਆਂ ਹਨ। ਵਿਰੋਧੀ ਧਿਰ ਵੱਲੋਂ ਮੰਤਰੀ ਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਤੋਤਾ ਸਿੰਘ ਅਤੇ ਬੀਬੀ ਜਗੀਰ ਕੌਰ ਵੀ ਅਸਤੀਫ਼ਾ ਦੇ ਚੁੱਕੇ ਹਨ। ਬਾਦਲ ਸਰਕਾਰ ਬਣਨ ਦੇ 6 ਮਹੀਨੇ ਦੇ ਵਿੱਚ ਹੀ ਤਿੰਨ ਮੰਤਰੀ ਅਸਤੀਫ਼ਾ ਦੇ ਚੁੱਕੇ ਹਨ।