ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਵਲੋਂ ਕੁਲਦੀਪ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਯੂਨੀਅਨ ਸਿਟੀ ਵਿਖੇ ਇਕ ਵਿਸ਼ੇਸ਼ ਸਾਹਿਤਕ ਬੈਠਕ ਦਾ ਆਯੋਜਿਨ ਕੀਤਾ ਗਿਆ, ਜਿਸ ਵਿਚ ਡਾ.ਅਮਰਜੀਤ ਸਿੰਘ ਟਾਂਡਾ ਨਾਲ ਸਭਾ ਦੇ ਮੈਂਬਰਾਂ ਨੇ ਸਾਹਿਤਕ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ। ਸਮਾਗਮ ਦੇ ਆਰੰਭ ਵਿਚ ਕੁਲਦੀਪ ਸਿੰਘ ਢੀਂਡਸਾ ਨੇ ਆਪਣੀ ਕਾਰਜਕਾਰਨੀ ਦੀ ਜਾਣ-ਪਹਿਚਾਣ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਦਿਆਂ ਸਭਾ ਦੇ ਪ੍ਰਬੰਧਕ ਪਰਮਿੰਦਰ ਸਿੰਘ ਪਰਵਾਨਾ, ਮੀਤ ਪ੍ਰਧਾਨ ਡਾ. ਗੁਰਮੀਤ ਸਿੰਘ ਬਰਸਾਲ, ਜਨਰਲ ਸਕੱਤਰ ਨੀਲਮ ਸੈਣੀ, ਖ਼ਜਾਨਚੀ ਮਲਵਿੰਦਰ ਸਿੰਘ ਮੰਡ ਅਤੇ ਸਾਬਕਾ ਪ੍ਰਧਾਨ ਤਾਰਾ ਸਿੰਘ ਸਾਗਰ ਵਲੋਂ ਦਿੱਤੇ ਜਾ ਰਹੇ ਭਰਪੂਰ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਤੋਂ ਬਾਅਦ ਡਾ. ਅਮਰਜੀਤ ਸਿੰਘ ਟਾਂਡਾ ਅਤੇ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ (ਇੰਡੀਆ) ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ ।
ਪਰਮਿੰਦਰ ਸਿੰਘ ਪਰਵਾਨਾ ਨੇ ਆਪਣੀ ਬੇਟੀ ‘ਗਿੰਨੀ’ ਦੀ ਯਾਦ ਵਿਚ ਲਿਖੀ ਨਜ਼ਮ ‘ ਮੀਲ ਪੱਥਰ’ ਨਾਲ ਕਵੀ ਦਰਬਾਰ ਦਾ ਆਗਾਜ਼ ਕੀਤਾ। ਹਾਜ਼ਰ ਕਵੀਆਂ ਵੱਲੋਂ ਵੱਖ-ਵੱਖ ਸਮਾਜਿਕ ਪੱਖਾਂ ਨੂੰ ਛੋਂਹਦੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿਚ ਸ. ਈਸ਼ਰ ਸਿੰਘ ਮੋਮਨ, ਅਮਰਜੀਤ ਸਿੰਘ ਜੌਹਲ, ਗੁਰਮੀਤ ਸਿੰਘ ਬਰਸਾਲ, ਸ੍ਰੀ ਆਜ਼ਾਦ ਜਲੰਧਰੀ, ਤਾਰਾ ਸਿੰਘ ਸਾਗਰ, ਕੁਲਦੀਪ ਸਿੰਘ ਢੀਂਡਸਾ ਅਤੇ ਨੀਲਮ ਸੈਣੀ ਸ਼ਾਮਿਲ ਹੋਏ।
ਕਵੀ ਦਰਬਾਰ ਦੇ ਅੰਤ ਵਿਚ ਡਾ. ਅਮਰਜੀਤ ਸਿੰਘ ਟਾਂਡਾ ਨੇ ਪੰਜਾਬੀ ਸਾਹਿਤ ਸਭਾ ਦੀ ਇਸ ਸ਼ਾਨਦਾਰ ਮਿਲਣੀ ਦਾ ਪ੍ਰਬੰਧ ਕਰਨ ਲਈ ਧੰਨਵਾਦ ਕਰਦੇ ਹੋਏ ਆਪਣੀ ਜਾਣ-ਪਹਿਚਾਣ ਵਿਚ ਕਿਹਾ ਕਿ ਬੇਸ਼ੱਕ ਉਹ ਇਕ ਵਿਗਿਆਨੀ ਹਨ ਪਰ ਉਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਅਥਾਹ ਪਿਆਰ ਹੈ ਅਤੇ ਵਿਦੇਸ਼ ਵਿਚ ਰਹਿੰਦੇ ਹੋਏ ਵੀ ਉਹ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਅਤੇ ਸਮਾਜ ਦੀ ਸੇਵਾ ਵਿਚ ਜੁੱਟੇ ਹੋਏ ਹਨ। ਉਨ੍ਹਾਂ ਬਹੁਤ ਹੀ ਭਾਵ ਪੂਰਤ ਤਰੀਕੇ ਨਾਲ ਵੱਖ–ਵੱਖ ਵੰਨਗੀ ਦੀਆਂ ਰਚਨਾਵਾਂ ਪੜ੍ਹੀਆਂ। ਇਸ ਤੋਂ ਬਾਅਦ ਡਾ. ਟਾਂਡਾ ਨੂੰ ਤਾਰਾ ਸਿੰਘ ਸਾਗਰ ਅਤੇ ਨੀਲਮ ਸੈਣੀ ਵਲੋਂ ਉਚੇਚੇ ਤੌਰ ਤੇ ਬਣਾਇਆ ਸਨਮਾਨ ਚਿੰਨ੍ਹ ਅਜਮੇਰ ਸਿੱਧੂ ਅਤੇ ਕਾਰਜਕਾਰਨੀ ਵਲੋਂ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਨੀਲਮ ਸੈਣੀ ਨੇ ਸੁੱਚਜੇ ਢੰਗ ਨਾਲ ਚਲਾਇਆ। ਇਸ ਸਮਾਗਮ ਵਿਚ ਹੋਰਾਂ ਤੋਂ ਇਲਾਵਾ ਅਮਰਜੀਤ ਨਿੱਝਰ, ਮਲਵਿੰਦਰ ਸਿੰਘ ਮੰਡ, ਬਲਵਿੰਦਰ ਕੌਰ ਮੰਡ, ਅਮਰਜੀਤ ਕੌਰ ਜੌਹਲ, ਅਮਰੀਕ ਸਿੰਘ ਜੌਹਲ, ਸਤਵਿੰਦਰ ਸਿੰਘ, ਰੌਸ਼ਨ ਲਾਲ, ਗੋਲਡਨ ਪੰਜਾਬ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਔਜਲਾ ਅਤੇ ਜਨਰਲ ਸਕੱਤਰ ਪ੍ਰੋ. ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਅਭੀਤਾਬ ਸੈਣੀ, ਡਾ. ਕਪਿਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀ ਮਤੀ ਕਿਰਨ ਨੇ ਵੀ ਭਾਗ ਲਿਆ।