ਅੱਜ ਸਵੇਰੇ ਜਦੋਂ ਮੈ ਆਪਣੇ ਡੈਸਕ ਕੋਲ ਪਹੁੰਚਿਆ ਤਾਂ ਨਾਲ ਵਾਲੇ ਡੈਸਕ ‘ਤੇ ਅੰਕਲ ਜੀ ਅਖਬਾਰ ਪੜ੍ਹਨ ਵਿਚ ਮਗਨ ਸਨ। ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਿਹਾ, “ ਗੁਡ ਮੋਰਨਿੰਗ ਅੰਕਲ ਜੀ।’
ਕਾਕਾ ਤੈਨੂੰ ਕਿੰਨੀ ਵਾਰੀ ਦੱਸਿਆ ਕਿ ਮੈਨੂੰ ਸਤਿ ਸ੍ਰੀ ਅਕਾਲ ਹੀ ਕਿਹਾ ਕਰ, ਪਰ ਤੂੰ ਆਪਣੀ ਆਦਤ ਤੋਂ ਮਜ਼ਬੂਰ ਲੱਗਦਾ ਏ।”
“ ਅੰਕਲ ਜੀ, ਇਕੋ ਗੱਲ ਹੈ।”
“ ਸਤਿ ਸ੍ਰੀ ਅਕਾਲ ਕਹਿ ਕੇ ਅਸੀ ਉਸ ਅਕਾਲ ਪੁਰਖ ਦੀ ਉਸਤਿਤ ਕਰਦੇ ਜੋ ਹਮੇਸ਼ਾ ਸਾਡੇ ਅੰਗ-ਸੰਗ ਹੈ।”
ਮੈ ਤਾਂ ਇਸ ਗੱਲ ਵੱਲ ਕਦੇ ਧਿਆਨ ਹੀ ਨਹੀ ਦਿੱਤਾ ਸੀ। ਜਿਵੇ ਬਾਕੀ ਸਭ ਰਿਵਾਜ਼ਨ ਸਤਿ ਸ੍ਰੀ ਅਕਾਲ ਕਹਿ ਛੱਡਦੇ ਨੇ । ਉਸ ਤਰਾਂ ਮੈ ਵੀ ਆਪਣਾ ਫਰਜ਼ ਪੂਰਾ ਕਰ ਦਿੰਦਾ ਸਾਂ, ਪਰ ਅੱਜ ਅੰਕਲ ਜੀ ਨੇ ਸਤਿ ਸ੍ਰੀ ਅਕਾਲ ਦੇ ਅਰਥਾਂ ਵੱਲ ਤਵਜੋਂ ਦਿਵਾਈ ਤਾਂ ਇਹ ਸ਼ਬਦ ਮੈਨੂੰ ਬਹੁਤ ਹੀ ਚੰਗੇ ਲੱਗੇ। ਸੋਚਿਆ ਦੌੜ-ਭੱਜ ਦੀ ਜ਼ਿਦੰਗੀ ਵਿਚ ਰੱਬ ਦਾ ਨਾਮ ਘੱਟ ਹੀ ਲੈ ਹੁੰਦਾ ਹੈ, ਅੱਜ ਤੋਂ ਬਾਅਦ ਸਭ ਨੂੰ ਸਤਿ ਸ੍ਰੀ ਅਕਾਲ ਹੀ ਕਿਹਾ ਕਰਾਂਗਾ ਤਾਂ ਜੋ ਬਹਾਨੇ ਨਾਲ ਪ੍ਰਮਾਤਮਾ ਦਾ ਨਾਮ ਤਾਂ ਲੈ ਹੋ ਜਾਵੇਗਾ।
“ ਕਾਕਾ, ਕੀ ਗੱਲ ਤੂੰ ਚੁੱਪ ਹੀ ਹੋ ਗਿਆ,ਲੱਗਦਾ ਤੈਨੂੰ ਸਤਿ ਸ੍ਰੀ ਅਕਾਲ ਦਾ ਮਤਲਵ ਸਮਝ ਨਹੀ ਆਇਆ।”
“ ਅੰਕਲ ਜੀ, ਮਤਲਵ ਸਮਝ ਆਉਣ ਕਰਕੇ ਹੀ ਸੋਚ ਰਿਹਾ ਸੀ ਕਿ ਅੱਜ ਤੋਂ ਬਾਅਦ ਸਭ ਨੂੰ ਸਤਿ ਸ੍ਰੀ ਅਕਾਲ ਹੀ ਕਿਹਾ ਕਰਾਂਗਾ। ਹੋਰ ਸੁਣਾਉ ਅਖਬਾਰ ਕੀ ਕਹਿੰਦੀ ਆ।”
“ ਅਖਬਾਰ ਕਹਿੰਦੀ ਹੈ ਕਿ ਅਨੁਰਾਧਾ ਬਾਲੀ ਵੀ ਗਈ।”
“ ਕਿਹੜੀ ਅਨੁਰਾਧਾ ਬਾਲੀ”?
“ ਫਿਜ਼ਾ ਮੁਹੰਮਦ।” ਨੰਬਰ ਤਿੰਨ ਡੈਸਕ ਵਾਲਾ ਰਾਜ਼ੀਵ ਮੁਸਕਰਾਂਦਾ ਬੋਲਿਆ, “ ਯਾਰ, ਬਾਕੀ ਦੁਨੀਆਂ ਦੇ ਨਾਲ ਤੂੰ ਵੀ ਵਿਚਾਰੀ ਨੂੰ ਭੁੱਲ ਗਿਆ।”
ਫਿਰ ਮੈਨੂੰ ਚੇਤੇ ਆਇਆ ਕਿ ਇਹ ਅਨੁਰਾਧਾ ਬਾਲੀ ਜਾਂ ਫਿਜ਼ਾ ਮੁਹੰਮਦ ਉਹ ਹੀ ਹੈ ਜਿਸ ਨੇ ਪਿੱਛੇ ਜਿਹੇ ਹਰਿਆਣਾ ਦੇ ਉਪ ਮੁੱਖ ਮੰਤਰੀ ਚੰਦਰ ਮੋਹਨ ਨਾਲ ਸ਼ਾਦੀ ਕੀਤੀ ਸੀ ਜਿਸ ਦੀ ਚਰਚਾ ਕਈ ਦਿਨ ਮੀਡਏ ਵਿਚ ਹੁੰਦੀ ਰਹੀ।
“ ਇਸ ਤਰਾਂ ਦੀਆਂ ਇਸਤਰੀਆਂ ਦਾ ਅੰਤ ਏਦਾ ਹੀ ਹੁੰਦਾ ਆ।” ਮੇਰੇ ਸਾਈਡ ਡੈਸਕ ਵਾਲੇ ਭੈਣ ਜੀ ਸੁਰੰਦਿਰ ਕੌਰ ਬੋਲੇ, “ ਮੈ ਆਪਣੀ ਜ਼ਿੰਦਗੀ ਵਿਚ ਕਾਫੀ ਕੁੜੀਆਂ ਨੂੰ ਦੇਖਿਆ ਜੋ ਇਸ ਲਾਈਨ ਤੇ ਚੱਲੀਆਂ ਉਹਨਾਂ ਦਾ ਅੰਤ ਵੀ ਦੁਖਦਾਈ ਹੀ ਹੋਇਆ।”
“ ਏਨਾ ਮਾੜਾ ਤਾਂ ਨਹੀ ਹੋਇਆ ਹੋਣਾ।” ਅੰਕਲ ਜੀ ਬੋਲੇ, “ ਇਸ ਵਿਚਾਰੀ ਨੂੰ ਤਾਂ ਚਾਰ ਮੋਢੇ ਵੀ ਨਾ ਲੱਭੇ।”
ਮੈ ਕੁੱਝ ਬੋਲਣ ਹੀ ਲੱਗਾ ਸੀ ਕਿ ਸਾਹਮਣੇ ਬੋਸ ਆਉਂਦਾ ਦਿਸ ਪਿਆ। ਇਸ ਗੱਲ ਦਾ ਇਸ਼ਾਰਾ ਮੈ ਆਪਣੇ ਸਾਥੀਆਂ ਨੂੰ ਕਰ ਦਿੱਤਾ ਤਾਂ ਜੋ ਸਾਰੇ ਗੱਲਾਂ ਛੱਡ ਸਾਵਧਾਨ ਹੋ ਕੇ ਆਪਣਾ ਆਪਣਾ ਕੰਮ ਕਰਨ।ਮੈ ਵੀ ਫਾਈਲਾ ਨੂੰ ਇਸ ਤਰਾਂ ਫਰੋਲਣ ਲੱਗਾਂ ਜਿਵੇ ਕੰਮ ਵਿਚ ਬਹੁਤ ਹੀ ਬਿਜ਼ੀ ਹੋਵਾਂ।ਵੈਸੇ ਕੰਮ ਤਾਂ ਅਸੀ ਸਾਰੇ ਹੀ ਇਮਾਨਦਾਰੀ ਨਾਲ ਕਰਦੇ ਹਾਂ,ਪਰ ਜੇ ਮਾਲਕ ਆਪਣੇ ਕਮਰੇ ਵਿਚ ਨਾ ਹੋਵੇ ਤਾਂ ਅਸੀ ਕੰਮ ਦੇ ਨਾਲ ਨਾਲ ਗੱਲਾਂ ਵੀ ਕਰ ਲਈ ਦੀਆਂ ਨੇ।ਮਾਲਕ ਦੀ ਹਾਜ਼ਰੀ ਵਿਚ ਗੱਲਾਂ ਕਰਨ ਦਾ ਘੱਟ ਹੀ ਮੌਕਾ ਪ੍ਰਾਪਤ ਹੁੰਦਾ ਹੈ।ਉਸ ਤਰਾਂ ਸਵੇਰੇ ਜੋ ਵੀ ਵਿਸ਼ਾ ਦਫਤਰ ਵਿਚ ਸ਼ੁਰੂ ਹੋ ਜਾਵੇ, ਤਕਰੀਬਨ ਫਿਰ ਉਸ ਦੇ ਦੁਆਲੇ ਹੀ ਸਾਰਾ ਦਿਨ ਗੱਲ-ਬਾਤ ਚੱਲਦੀ, ਬਰੇਕ ਚਾਹੇ ਕੌਫੀ ਲਈ ਹੋਵੇ ਜਾਂ ਲੰਚ ਲਈ।
ਅੱਜ ਵੀ ਲੰਚ ਰੂਮ ਵਿਚ ਇਕੱਠੇ ਹੁੰਦੇ ਸਾਰ ਹੀ ਸਵੇਰ ਵਾਲੇ ਵਿਸ਼ੇ ਨੂੰ ਜਾਰੀ ਰੱਖਦਾ ਰਾਜ਼ੀਵ ਬੋਲਿਆ, “ ਦੇਖ ਲਉ ਅਨੁਰਾਧਾ ਬਾਲੀ ਲਈ ਚੰਦਰ ਮੋਹਨ ਆਪਣਾ ਧਰਮ ਬਦਲ ਕੇ ਚਾਂਦ ਮੁਹੰਮਦ ਬਣ ਗਿਆ।”
“ ਚੰਦ ਵੀ ਗ੍ਰਹਿਣ ਲੱਗਾ।” ਅੰਕਲ ਜੀ ਬੋਲੇ, “ ਇਸ ਤਰਾਂ ਦੇ ਚੰਦ ਤਾਂ ਸੂਬੇ ਦੀਆ ਸਰਕਾਰਾਂ ਨਾਲ ਨਾਲ ਕੇਂਦਰ ਸਰਕਾਰ ਵਿਚ ਵੀ ਆਮ ਹੀ ਮਿਲ ਜਾਣਗੇ।”
“ ਅੰਕਲ ਜੀ ਰਹਿਣ ਦਿਆ ਕਰੋਂ।” ਮੈ ਵਿਚੋਂ ਹੀ ਬੋਲ ਪਿਆ, “ ਇਕ ਦੇ ਨਾਲ ਸਾਰਿਆਂ ਨੂੰ ਕਿਉਂ ਬਦਨਾਮ ਕਰੀ ਜਾਂਦੇ ਹੋ।”
“ਕਾਕਾ, ਮੈ ਤਾਂ ਢੱਕੀ ਰਿਝਨ ਦੇ ਹੀ ਹੱਕ ਵਿਚ ਸੀ।” ਅੰਕਲ ਜੀ ਆਪਣੇ ਰੋਟੀ ਵਾਲੇ ਡੱਬੇ ਦਾ ਢੱਕਣ ਖੋਲ੍ਹਦੇ ਬੋਲੇ, “ ਪਰ ਤੇਰੀ ਜਾਣਕਾਰੀ ਲਈ ਮੈਨੂੰ ਢੱਕਣ ਚੁੱਕਣੇ ਹੀ ਪੈਣੇ ਆ।”
“ ਇਕ ਹੋਰ ਗ੍ਰਹਿਣ ਲੱਗੇ ਚੰਦ ਦਾ ਤਾਂ ਮੈਨੂੰ ਵੀ ਪਤਾ।” ਰਾਜ਼ੀਵ ਨੇ ਦੱਸਿਆ, “ ਮਾਇਆਵਤੀ ਦੀ ਸਰਕਾਰ ਵਿਚ ਮੰਤਰੀ ਰਹੇ ਅਮਰਮਣੀ ਤ੍ਰਿਪਾਠੀ ਦਾ ਜਿਸ ਨੇ ਆਪਣੇ ਨਜ਼ਾਇਜ਼ ਸਬੰਧ ਮਧੂਮਿਤਾ ਸ਼ੁਕਲਾ ਨਾਲ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ।ਬਾਅਦ ਵਿਚ ਤ੍ਰਿਪਾਠੀ ਦੀ ਪਤਨੀ ਨੇ ਉਸ ਦਾ ਕੰਮ ਤਮਾਮ ਕਰ ਦਿੱਤਾ।”
“ ਵੀਰੇ, ਤੈਨੂੰ ਬੀ.ਜੇ.ਪੀ ਦੇ ਵਿਧਾਇਕ ਧਰੂਵ ਨਰਾਇਣ ਸਿੰਘ ਦਾ ਪਤਾ ਹੀ ਆ।” ਭੈਣ ਜੀ ਮੈਨੂੰ ਸੰਬੋਧਨ ਹੁੰਦੇ ਬੋਲੇ, “ ਜਿਸ ਦੇ ਸਬੰਧ ਭੋਪਾਲ ਦੀ ਸਮਾਜ ਸੇਵਿਕਾ ਸ਼ਹੇਲਾ ਮਸੂਦ ਨਾਲ ਸੀ, ਇਹ ਹੀ ਸਬੰਧ ਉਸ ਦੀ ਮੌਤ ਦਾ ਕਾਰਨ ਬਣਿਆ।”
“ ਹਾਂ ਹਾਂ ਇਸ ਗੱਲ ਨਾਲ ਮੈਨੂੰ ਹੋਰ ਵੀ ਇਕ ਖਬਰ ਯਾਦ ਆ ਗਈ।” ਮੈ ਵੀ ਦੱਸਣੋ ਨਾ ਰੁਕ ਸਕਿਆ, “ ਕਾਂਗਰਸ ਦੇ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਨੇ ਆਪਣੇ ਸਬੰਧ ਸਰਕਾਰੀ ਹਸਪਤਾਲ ਦੀ ਨਰਸ ਭੰਵਰੀ ਦੇਵੀ ਨਾਲ ਬਣਾਏ। ਫਿਰ ਇਸੇ ਭੰਵਰੀ ਦੇਵੀ ਦੇ ਸੰਪਰਕ ਵਿਚ ਰਾਜਸਥਾਨ ਦੇ ਮੰਤਰੀ ਮਹੀਪਾਲ ਮੰਦੇਰਨਾ ਆਏ ਅਤੇ ਇਸੇ ਨਰਸ ਨਾਲ ਉਹਨਾਂ ਦੀ ਅਸਲੀਲ ਸੀ.ਡੀ ਵੀ ਬਣਾਈ ਗਈ।ਥੋੜੇ ਚਿਰ ਵਿਚ ਹੀ ਇਹ ਭੰਵਰੀ ਦੇਵੀ ਵੀ ਲਾਪਤਾ ਹੋ ਗਈ।”
“ ਵਾਰੀ ਪਹਿਲਾਂ ਮੈ ਲੈਣ ਲੱਗਾ ਸੀ।” ਅੰਕਲ ਜੀ ਹੱਸਦੇ ਹੋਏ ਫਿਰ ਬੋਲੇ,” ਪਰ ਤੁਸੀ ਬਾਜ਼ੀ ਮਾਰ ਗਏ, ਖੈਰ ਮੈ ਵੀ ਪਿੱਛੇ ਹੱਟਣ ਵਾਲਾ ਨਹੀ, ਮੈ ਤਹਾਨੂੰ ਚੰਦਰ ਮੋਹਨ ਵਾਲੇ ਹਰਿਆਣੇ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਦੀ ਗੱਲ ਦਸੱਦਾ,ਇਸ ਸ੍ਰੀ ਮਾਨ ਨੇ ਇਕ ਏਅਰ ਹੋਸਟੈਸ ਗੀਤਿਕਾ ਸ਼ਰਮਾ ਨਾਲ ਸਬੰਧ ਬਣਾਏ, ਇਹ ਵੀ ਵਿਚਾਰੀ ਛੇਤੀ ਹੀ ਪੱਖੇ ਨਾਲ ਫਾਹਾ ਲੈ ਕੇ ਮਰ ਗਈ।”
“ ਬੀ.ਐਸ. ਪੀ ਆਗੂ ਰਜਿੰਦਰ ਪ੍ਰਸ਼ਾਦ ਦੀ ਬੇਟੀ ਦੇ ਸਬੰਧ ਮਾਇਆਵਤੀ ਸਰਕਾਰ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਆਨੰਦ ਸੈਨ ਨਾਲ ਸਨ।” ਰਾਜ਼ੀਵ ਨੇ ਹੋਰ ਖਬਰ ਦੱਸਦਿਆ ਕਿਹਾ, “ਫਿਰ ਇਸ ਲੜਕੀ ਨੂੰ ਮੰਤਰੀ ਸਾਹਿਬ ਨੇ ਅਗਵਾ ਕਰਵਾ ਮਾਰ-ਮੁਕਾਇਆ।”
“ ਮੈਨੂੰ ਤਾ ਇਹ ਸਮਝ ਨਹੀ ਆਉਂਦੀ ਜਿਹੜੀਆਂ ਸਰਕਾਰਾਂ ਦੇ ਮੰਤਰੀ ਇਹ ਕੰਮ ਕਰਦੇ ਨੇ।” ਭੈਣ ਜੀ ਗੁੱਸੇ ਵਿਚ ਬੋਲੇ, “ ਉਸ ਸੂਬੇ ਦੇ ਵਸਨੀਕਾ ਦਾ ਕੀ ਹਾਲ ਹੁੰਦਾ ਹੋਵੇਗਾ, ਇਹ ਆਮ ਜਨਤਾਂ ਨੂੰ ਕਿਹੜੀ ਉਦਾਹਰਣ ਪੇਸ਼ ਕਰ ਰਹੇ ਨੇ।”
“ ਬੀਬਾ, ਤੁਸੀ ਤਾਂ ਆਹ ਥੌੜੇ ਅਜਿਹੇ ਕਿੱਸੇ ਸੁਣ ਕੇ ਘਬਰਾ ਗਏ।” ਅੰਕਲ ਜੀ ਬੋਲੇ, “ ਅਜੇ ਤਾਂ ਮੈ ਹੋਰ ਮੰਤਰੀਆਂ ਦੇ ਆਚਰਣ ਉੱਪਰ ਵੀ ਚਾਨਣਾ ਪਾਉਣਾ ਸੀ।”
“ ਰਹਿਣ ਦਿਉ ਅੰਕਲ ਜੀ।” ਭੈਣ ਜੀ ਨੇ ਕਿਹਾ, “ ਮੈਨੂੰ ਇਸ ਗੱਲ ਦਾ ਪੱਕਾ ਪਤਾ, ਹੋਰ ਭਾਂਵੇ ਘੰਟਾ ਲਾ ਲਉ ਪਰ ਕੈਰਕਟਰਲੈਸ ਮੰਤਰੀਆਂ ਦੇ ਨਾਮ ਖਤਮ ਨਹੀ ਹੋਣੇ।”
“ ਭੈਣ ਜੀ, ਇਹ ਸਾਰੀਆਂ ਮਰਨ ਵਾਲੀਆਂ ਔਰਤਾ ਦੇ ਚੱਰਿਤਰ ਵੀ ਤਾਂ ਮੰਤਰੀਆਂ ਵਰਗੇ ਹੀ ਸੀ।” ਮੈ ਕਿਹਾ, “ ਕਿਉਂ ਇਹ ਮੰਤਰੀਆਂ ਦੇ ਜਾਲ ਵਿਚ ਫੱਸਦੀਆਂ ਨੇ।”
“ ਭਰਾਵਾ, ਲਾਲਚ ਬੁਰੀ ਬੁਲਾ ਆ।” ਰਾਜ਼ੀਵ ਬੋਲਿਆ, “ ਰਾਜਸੀ ਐਸ਼ ਲੈਣ ਦੇ ਚੱਕਰ ਵਿਚ ਹੀ ਆਪਣਾ ਜੀਵਨ ਤਬਾਹ ਕਰ ਲੈਂਦੀਆਂ ਨੇ।”
ਰਾਜ਼ੀਵ ਦੀ ਇਸ ਗੱਲ ਨਾਲ ਮੈਨੂੰ ਆਪਣੇ ਨਾਲ ਪੜ੍ਹਦੀ ਸੋਹਣੀ-ਸੁੱਨਖੀ ਕੁੜੀ ਯਾਦ ਆ ਗਈ। ਅਜੇ ਅਸੀ ਐਮ ਦੇ ਆਖਰੀ ਸਾਲ ਵਿਚ ਹੀ ਸੀ ਕਿ ਉਹ ਕੁੜੀ ਇਕ ਮਸ਼ਹੂਰ ਕੰਪਨੀ ਵਿਚ ਕੰਮ ਕਰਨ ਲੱਗ ਪਈ ਅਤੇ ਛੇਤੀ ਹੀ ਉਸ ਕੰਪਨੀ ਦੀ ਡਾਈਰੈਕਟਰ ਬਣ ਗਈ। ਪੜ੍ਹਨ ਨੂੰ ਵੀ ਠੀਕ ਹੀ ਸੀ। ਅਸੀ ਸਾਰੇ ਬਹੁਤ ਹੈਰਾਨ ਹੋਏ,ਪਰ ਬਾਅਦ ਵਿਚ ਛੇਤੀ ਹੀ ਭੇਦ ਖੁੱਲ੍ਹ ਗਿਆ ਕਿ ਉਹ ਆਪਣੀ ਖੁਬਸੂਰਤੀ ਦੇ ਸਹਾਰੇ ਪੌੜੀਆਂ ਚੜ੍ਹਦੀ ਗਈ ਤੇ ਇਕ ਦਿਨ ਚੜਾਉਣ ਵਾਲਿਆ ਨੇ ਉੱਪਰਲੀ ਪੌੜੀ ਤੋਂ ਧੱਕਾ ਦੇ ਕੇ ਸੁੱਟ ਦਿੱਤੀ ਅਤੇ ਡਿਗਦੇ ਸਾਰ ਹੀ ਟੋਟੇ- ਟੋਟੇ ਹੋ ਖਿਲਰ ਗਈ।ਇਹ ਗੱਲ ਜਦੋਂ ਮੈ ਆਪਣੇ ਸਾਥੀਆਂ ਨੂੰ ਦੱਸੀ ਤਾ ਅੰਕਲ ਜੀ ਕਹਿਣ ਲੱਗੇ, “ ਇਸ ਤਰਾਂ ਦੀਆਂ ਕਈ ਜੋਬਨ-ਮੱਤੀਆਂ ਹੁਸਨ ਦੇ ਹੰਕਾਰ ਨਾਲ ਹੀ ਸੁਦੈਣਾ ਬਣ ਅਤੇ ਕਈ ਮੁੱਨਖ ਧੰਨ ਦੇ ਹੰਕਾਰ ਵਿਚ ਸ਼ੁਦਾਈਆ ਵਾਲੇ ਕੰਮਾਂ ਵਿਚ ਪੈ ਜਾਂਦੇ ਨੇ ਜਿਵੇ ਗੁਰੂ ਤੇਗ ਬਹਾਦਰ ਜੀ ਦਾ ਫੁਰਮਾਣ ਹੈ,
ਜੋਬਨੁ ਧਨੁ ਪ੍ਰਭੁਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ॥
“ ਗੁਰੂ ਸਹਿਬਾਨਾਂ ਨੇ ਤਾਂ ਬੰਦੇ ਨੂੰ ਆਪਣਾ ਚਰਿੱਤਰ ਸ਼ੁਧ ਰੱਖਣ ਲਈ ਤਾਰੀਕੇ ਵੀ ਦੱਸੇ ਹਨ।” ਭੈਣ ਜੀ ਬੋਲੇ,
ਦੇਖਿ ਪਰਾਈਆਂ ਚੰਗੀਆਂ, ਮਾਂਵਾਂ ਭੈਣਾਂ ਧੀਆਂ ਜਾਣੈ,
ਪਰ ਕੋਈ ਇਹਨਾਂ ਫੁਰਮਾਣਾ ਨੂੰ ਮੰਨੇ ਵੀ।”
“ ਭੈਣ ਜੀ, ਭਾਗਾਂ ਵਾਲੇ ਬੰਦੇ ਹੀ ਇਹਨਾਂ ਫੁਰਮਾਣਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਨੇ।” ਮੈ ਕਿਹਾ, “ ਬਾਕੀ ਤਾਂ ਅਜਿਹੀਆਂ ਗੱਲਾਂ ਦੀ ਪਰਵਾਹ ਵੀ ਨਹੀ ਕਰਦੇ।”
“ ਬਹੁਤੇ ਲੋਕਾਂ ਦੇ ਅਜਿਹੇ ਸਬੰਧ ਮਤਲਵ ਤੱਕ ਹੀ ਸੀਮਤ ਹੁੰਦੇ ਨੇ।” ਰਾਜ਼ੀਵ ਨੇ ਕਿਹਾ, “ ਕਹਿੰਦੇ ਨੇ ਨਾ ਦਾਦੂ ਦੁਨੀਆ ਬਾਂਵਰੀ, ਚਲੇ ਚਾਮ ਦੇ ਦਾਮ, ਪੂਛ ਮਰੋੜੇ ਬਲਦ ਦੀ ਕਾਢੇ ਆਪਣਾ ਕਾਮ।”
“ ਮਤਲਵ ਪ੍ਰਸਤਾਂ ਨੂੰ ਨਫੇ ਦਾ ਇੰਨਾ ਲਾਲਚ ਹੋ ਜਾਂਦਾ ਹੈ ਕਿ ਉਹ ਨੁਕਸਾਨ ਕਰਾ ਬਹਿੰਦੇ ਨੇ।” ਭੈਣ ਜੀ ਫਿਰ ਬੋਲੇ, “ ਮੈ ਅਜੇ ਦੱਸਵੀ ਕਲਾਸ ਵਿਚ ਹੀ ਪੜ੍ਹਦੀ ਸਾਂ, ਸਾਡੇ ਨਾਲ ਪੜ੍ਹਦੀ ਕੁੜੀ ਇਕ ਅਮੀਰ ਮੁੰਡੇ ਨਾਲ ਘੁੰਮਣ- ਫਿਰਨ ਲੱਗ ਪਈ। ਮੈ ਉਸ ਨੂੰ ਕਿਹਾ, ਤੈਨੂੰ ਪਤਾ ਤਾਂ ਹੈ ਤੇਰਾ ਇਸ ਮੁੰਡੇ ਨਾਲ ਵਿਆਹ ਤਾਂ ਹੋ ਨਹੀ ਸਕਦਾ , ਫਿਰ ਅਵਾਰਾਗਰਦੀ ਕਾਹਦੇ ਲਈ। ਕਹਿੰਦੀ ਮੈਨੂੰ ਪਿਕਚਰਾਂ ਦੇਖਣ ਨੂੰ ਮਿਲਦੀਆਂ, ਖਾਣ-ਪੀਣ ਨੂੰ ਵੀ ਵਾਹਵਾ ਮਿਲਦਾ ਹੈ,ਮੁਫਤ ਵਿਚ ਇਹ ਸਭ ਮਿਲੀ ਜਾਂਦਾ ਏ,ਮੇਰਾ ਕੀ ਜਾਂਦਾ। ਛੇਤੀ ਹੀ ਇਹ ਕੁੜੀ ਨੀਲਾ ਥੋਥਾ ਖਾ ਕੇ ਮਰ ਗਈ। ਘਰਦਿਆ ਨੇ ਦਾਗ ਦੇਣ ਨੂੰ ਮਿੰਟ ਨਾ ਲਾਇਆ।”
“ ਚਲੋ ਉਹਦੇ ਘਰਦਿਆਂ ਨੇ ਦਾਗ ਤਾਂ ਦੇ ਦਿੱਤੇ।” ਅੰਂਕਲ ਜੀ ਬੋਲੇ, “ ਪਰ ਇਸ ਫਿਜ਼ਾ ਮੁਹੰਮਦ ਦਾ ਸਰੀਰ ਤਾਂ ਦਾਗ ਦੇਣ ਜੋਗਾ ਵੀ ਨਾ ਬੱਚਿਆ। ਹੱਡੀਆਂ ਦਾ ਸੰਸਕਾਰ ਕਰਨ ਲਈ ਦੋ ਜਾਂ ਚਾਰ ਬੰਦੇ ਹੀ ਸਨ।”
“ ਡਾਕਟਰ ਮਨਜੀਤ ਸਿੰਘ ਬਲ ਨੇ ਦੱਸਿਆ ਕਿ ਉਸ ਦੇ ਦੀਮਾਗ ਦੀ ਰਿਪੋਰਟ ਤਿਆਰ ਕਰਨੀ ਬਹੁਤ ਹੀ ਔਖੀ ਹੈ।” ਰਾਜ਼ੀਵ ਬੋਲਿਆ, “ ਕਹਿੰਦੇ ਦਿਮਾਗ ਦੀ ਤਾਂ ਬਹੁਤੀ ਮੰਦੀ ਹਾਲਤ ਹੈ।”
“ ਮੰਦੇ ਕੰਮੀ ਨਾਨਕਾ,ਜਦ ਕਦ ਮੰਦਾ ਹੋ।” ਭੈਣ ਜੀ ਬੋਲੇ, “ਗਲਤ ਕੰਮਾ ਦੇ ਨਤੀਜ਼ੇ ਹਮੇਸ਼ਾ ਭੈੜੇ ਹੁੰਦੇ ਆ।”
“ ਥੌੜ੍ਹਾ ਚਿਰ ਤਾਂ ਅਜਿਹੀਆਂ ਔਰਤਾਂ ਰਾਜਸੀ ਸੁਖ ਸਹੂਲਤਾ ਚੰਗੀ ਤਰਾਂ ਭੋਗਦੀਆਂ ਨੇ।” ਮੈ ਕਿਹਾ, “ ਪਰ ਬਾਅਦ ਵਿਚ ਇਹਨਾਂ ਦੇ ਹਿੱਸੇ ਦੁੱਖ ਹੀ ਆਉਂਦਾ ਹੈ।”
“ ਕਾਕਾ,”। ਅੰਕਲ ਜੀ ਨੇ ਆਪਣਾ ਰੋਟੀ ਵਾਲੇ ਡੱਬੇ ਦਾ ਢੱਕਣ ਬੰਦ ਕਰਦੇ ਕਿਹਾ, “ ਮੈ ਤਾਂ ਕਹਿੰਦਾ ਹਾਂ ਕਿ ਹੋਰ ਕੁੜੀਆਂ ਹੀ ਇਹਨਾਂ ਦੀਆਂ ਜ਼ਿੰਦਗੀਆਂ ਤੋਂ ਕੁੱਝ ਸਿੱਖਣ ਤਾਂ ਜੋ ਉਹਨਾਂ ਦਾ ਅਮੋਲ ਜੀਵਨ ਤਬਾਹ ਨਾ ਹੋਵੇ।”
“ ਇਹਨਾਂ ਵਿਚਾਰੀਆਂ ਦਾ ਉਹ ਹੀ ਹਾਲ ਹੋਇਆ।” ਮੈ ਉਦਾਸ ਅਵਾਜ਼ ਵਿਚ ਬੋਲਿਆ, “ ਚਾਰ ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ।”
“ ਭਰਾਵੋ ਆਪਣੀ ਤਾਂ ਲੰਚ ਬਰੇਕ ਵੀ ਖਤਮ ਹੋ ਗਈ।” ਭੈਣ ਜੀ ਕੁਰਸੀ ਤੋੰਂ ਉਠਦੇ ਬੋਲੇ, “ ਪ੍ਰਮਾਤਮਾ ਸਭ ਇਸਤਰੀਆਂ ਨੂੰ ਸੁਮੱਤ ਬਖਸ਼ੇ ਤਾਂ ਜੋ ਉਹ ਆਪਣੇ ਜੀਵਨ ਨੂੰ ਅੰਧੇਰੀ ਰਾਤ ਨਾ ਬਣਾਉਣ।
ਚਾਰ ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ
September 18, 2012
by: ਅਨਮੋਲ ਕੌਰ
by: ਅਨਮੋਲ ਕੌਰ
This entry was posted in ਕਹਾਣੀਆਂ.
Anmol g aap ne es kahani vich bahut vadiya galla likhiya ne.
jo bikul such ne.
Aap ne such keha Ke galt kamma de natije galt hunde aa.