ਕੋਲੰਬੋ- ਟੀ-20 ਮੁਕਾਬਲਿਆਂ ਦੌਰਾਨ ਭਾਰਤੀ ਟੀਮ ਨੂੰ ਅਫ਼ਗਾਨ ਕ੍ਰਿਕੇਟਰਾਂ ਤੋਂ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਾਉਣਾ ਪਿਆ। ਇਸ ਮੈਚ ਦੌਰਾਨ ਭਾਰਤੀ ਟੀਮ 23 ਦੌੜਾਂ ਨਾਲ ਜੇਤੂ ਤਾਂ ਰਹੀ ਪਰ ਉਸਨੂੰ ਜਿੱਤਣ ਲਈ ਅਖ਼ੀਰਲੇ ਓਵਰ ਤੱਕ ਉਡੀਕ ਕਰਨੀ ਪਈ।
ਅਫ਼ਗਾਨਿਸਤਾਨ ਦੀ ਟੀਮ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਭਾਰਤੀ ਟੀਮ ਅਫ਼ਗਾਨ ਟੀਮ ਦੇ ਸਾਹਮਣੇ ਕੋਈ ਵੱਡਾ ਸਕੋਰ ਖੜਾ ਕਰਨ ਤੋਂ ਵਾਂਝੀ ਨਜ਼ਰ ਆਈ। ਉਨ੍ਹਾਂ ਨੇ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾਈਆਂ। ਇਸ ਦੌਰਾਨ ਪਹਿਲਾਂ ਵਾਂਗ ਭਾਰਤੀ ਟੀਮ ਦੇ ਦੋਵੇਂ ਓਪਨਰ ਸਸਤੇ ਵਿਚ ਹੀ ਆਪਣੀਆਂ ਵਿਕਟਾਂ ਗੁਆਕੇ ਪਵੇਲੀਅਨ ਵਾਪਸ ਪਹੁੰਚ ਗਏ। ਪਹਿਲਾਂ ਗੰਭੀਰ ਸਿਰਫ਼ 10 ਦੌੜਾਂ ਬਣਾਕੇ ਜ਼ਾਦਰਾਨ ਦੀ ਗੇਂਦ ‘ਤੇ ਬੋਲਡ ਹੋਏ ਅਤੇ ਇਸਤੋਂ ਕੁਝ ਹੀ ਦੇਰ ਬਾਅਦ ਸਹਿਵਾਗ ਵੀ 8 ਦੌੜਾਂ ਬਣਾਕੇ ਵਾਪਸ ਪਰਤ ਗਏ। ਕੈਂਸਰ ਦੇ ਰੋਗ ਤੋਂ ਜਿੱਤ ਹਾਸਲ ਕਰਕੇ ਮੈਦਾਨ ਪਹੁੰਚੇ ਯੁਵਰਾਜ ਵੀ ਇਕ ਛੱਕੇ ਦੀ ਮਦਦ ਨਾਲ 18 ਦੌੜਾਂ ਬਣਾਕੇ ਆਊਟ ਹੋ ਗਏ। ਇਸ ਦੌਰਾਨ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਅਤੇ ਉਹ 50 ਦੌੜਾਂ ਬਨਾਉਣ ਤੋਂ ਬਾਅਦ ਆਊਟ ਹੋਏ। ਇਸਤੋਂ ਬਾਅਦ ਸੁਰੇਸ਼ ਰੈਨਾ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਧੋਨੀ ਨੇ ਪਾਰੀ ਨੂੰ ਸੰਭਾਲਦੇ ਹੋਏ ਟੀਮ ਦੇ ਸਕੋਰ ਨੂੰ ਪੰਜ ਵਿਕਟਾਂ ਦੇ ਨੁਕਸਾਨ ‘ਤੇ 159 ਤੱਕ ਪਹੁੰਚਾਇਆ।
ਇਸਤੋਂ ਬਾਅਦ ਬੱਲੇਬਾਜ਼ੀ ਕਰਨ ਲਈ ਉਤਰੀ ਅਫ਼ਗਾਨਿਸਤਾਨ ਦੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਭਾਵੇਂ ਉਨ੍ਹਾਂ ਦੀ ਟੀਮ 20ਵੇਂ ਓਵਰ ਵਿਚ 136 ਦੌੜਾਂ ਬਣਾਕੇ ਆਲ ਆਊਟ ਹੋ ਗਈ ਪਰੰਤੂ ਉਨ੍ਹਾਂ ਨੇ ਧੋਨੀ ਦੀ ਟੀਮ ਨੂੰ ਪੂਰਾ ਸਬਕ ਸਿਖਾਇਆ। ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਇਆਂ ਯੁਵਰਾਜ ਅਤੇ ਬਾਲਾਜੀ ਨੇ 3-3 ਵਿਕਟਾਂ ਲਈਆਂ ਜਦਕਿ ਅਸ਼ਵਿਨ ਦੇ ਹੱਥ ਦੋ ਵਿਕਟਾਂ ਲਗੀਆਂ। ਬਾਲਾਜੀ ਨੇ ਇਸ ਲਈ ਸਿਰਫ਼ 19 ਦੌੜਾਂ ਖਰਚੀਆਂ ਅਤੇ ਯੁਵਰਾਜ ਨੇ 24 ਦੌੜਾਂ। ਇਥੇ ਇਹ ਵੀ ਵਰਣਨਯੋਗ ਹੈ ਕਿ 17ਵੇਂ ਓਵਰ ਵਿਚ ਅਫ਼ਗਾਨਿਸਤਾਨ ਦੀ ਟੀਮ ਦਾ ਸਕੋਰ ਇਕ ਵੇਲੇ 125 ਤੱਕ ਪਹੁੰਚ ਗਿਆ ਸੀ। ਉਸ ਵੇਲੇ ਉਨ੍ਹਾਂ ਨੂੰ ਜਿੱਤ ਲਈ ਸਿਰਫ਼ 35 ਦੌੜਾਂ ਹੀ ਚਾਹੀਦੀਆਂ ਸਨ ਜੇਕਰ ਪਾਕਿਸਤਾਨ ਦੌਰਾਨ ਖੇਡੇ ਗਏ ਮੈਚ ਵਾਂਗ ਅਕਲਮ ਵਰਗੇ ਜਾਂ ਸ਼ੋਇਬ ਵਰਗੇ ਖਿਡਾਰੀ ਅਫ਼ਗਾਨਿਸਤਾਨੀ ਟੀਮ ਕੋਲ ਹੁੰਦੇ ਤਾਂ ਭਾਰਤ ਲਈ ਇਹ ਮੈਚ ਜਿੱਤਣਾ ਬਹੁਤ ਹੀ ਮੁਸ਼ਕਲ ਸੀ।
4 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਨਾਉਣ ਵਾਲੇ ਵਿਰਾਟ ਕੋਹਲੀ ਮੈਨ ਆਫ਼ ਦ ਮੈਚ ਰਹੇ। ਭਾਰਤ ਦਾ ਅਗਲਾ ਮੁਕਾਬਲਾ 23 ਸਤੰਬਰ ਨੂੰ ਇੰਗਲੈਂਡ ਦੇ ਖਿਲਾਫ਼ ਹੋਵੇਗਾ।
ਇਕ ਹੋਰ ਮੈਚ ਦੌਰਾਨ ਆਸਟ੍ਰੇਲੀਆਈ ਟੀਮ ਨੇ ਆਇਰਲੈਂਡ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾਇਆ।