ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੇ ਕੇਂਦਰ ਸਰਕਾਰ ਨਾਲੋਂ ਸਬੰਧ ਤੋੜਨ ਤੋਂ ਬਾਅਦ ਸਰਕਾਰ ਦੀ ਸਥਿਰਤਾ ਬਾਰੇ ੳਠ ਰਹੇ ਸਵਾਲਾਂ ਨੂੰ ਵਿੱਤਮੰਤਰੀ ਪੀ. ਚਿਦੰਬਰਮ ਨੇ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਰਕਾਰ ਨੂੰ ਸਮਰਥਣ ਦੇਣ ਲਈ ਲੋੜੀਂਦੇ ਦੋਸਤ ਹਨ ਅਤੇ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਸਮਰਥੱਕਾਂ ਨਾਲ ਗੱਲਬਾਤ ਚੱਲ ਰਹੀ ਹੈ।
ਬਸਪਾ ਨੇ ਯੂਪੀਏ ਸਰਕਾਰ ਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਹੋਇਆ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਬਹੁਜਨ ਸਮਾਜ ਪਾਰਟੀ ਸਰਕਾਰ ਨੂੰ ਸਮਰਥੱਣ ਦੇ ਸਕਦੀ ਹੈ। ਇਸ ਲਈ ਮਮਤਾ ਵੱਲੋਂ ਆਪਣੀ ਜਿਦ ਤੇ ਅੜੇ ਰਹਿਣ ਦੀ ਸਥਿਤੀ ਵਿੱਚ ਮਾਇਆਵਤੀ ਕੇਂਦਰ ਸਰਕਾਰ ਵਿੱਚ ਉਸ ਦੀ ਥਾਂ ਲੈ ਸਕਦੀ ਹੈ। ਸਰਕਾਰ ਨੂੰ ਬਾਹਰ ਤੋਂ ਸਪੋਰਟ ਦੇਣ ਵਾਲੇ ਸਪਾ ਦੇ ਮੁਲਾਇਮ ਸਿੰਘ ਅਤੇ ਬਸਪਾ ਦੀ ਮਾਇਆਵਤੀ ਤੇ ਹੀ ਸਰਕਾਰ ਦੀਆਂ ਨਜ਼ਰਾਂ ਹਨ। ਮੁਲਾਇਮ ਸਿੰਘ ਵੀ ਸਮਰਥੱਣ ਦੇ ਸਕਦਾ ਹੈ। ਅਜੇ ਤੱਕ ਦੋਵਾਂ ਪਾਰਟੀਆਂ ਨੇ ਆਪਣੇ ਪੱਤੇ ਨਹੀਂ ਖੋਲ੍ਹੇ। ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਯੂਪੀਏ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਹੈ। ਉਨ੍ਹਾਂ ਨੇ ਵੀ ਇਹੋ ਕਿਹਾ ਕਿ ਸੰਸਦ ਵਿੱਚ ਸਾਨੂੰ ਲੋੜੀਂਦਾ ਸਮਰਥੱਣ ਪ੍ਰਾਪਤ ਹੈ। ਇਸ ਲਈ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ।