ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਰਥਿਕ ਸੁਧਾਰਾਂ ਸਬੰਧੀ ਸਰਕਾਰ ਦੇ ਦ੍ਰਿੜ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਮਮਤਾ ਦੇ ਸਰਕਾਰ ਛੱਡਣ ਅਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਸਖਤ ਵਿਰੋਧ ਦੀ ਪਰਵਾਹ ਨਾਂ ਕਰਦੇ ਹੋਏ ਸਰਕਾਰ ਨੇ ਰੀਟੇਲ ਸਮੇਤ ਪਿੱਛਲੀ ਕੈਬਨਿਟ ਮੀਟਿੰਗ ਵਿੱਚ ਐਫਡੀਆਈ ਨਾਲ ਸਬੰਧਿਤ ਸਾਰੇ ਫੈਸਲਿਆਂ ਦੀ ਸੂਚਨਾ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਹੋਰ ਅੱਗੇ ਵੱਧਦਿਆਂ ਹੋਇਆਂ ਬੀਮੇ ਵਿੱਚ ਐਫਡੀਆਈ ਦੀ ਸੀਮਾ ਅਤੇ ਪੈਨਸ਼ਨ ਬਿੱਲ ਨੂੰ ਵੀ ਜਲਦੀ ਮਨਜੂਰ ਕਰਨ ਦੇ ਮਨਸੂਬੇ ਵੀ ਜਾਹਿਰ ਕਰ ਦਿੱਤੇ ਹਨ। ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇਸ਼ ਦੀ ਜਨਤਾ ਸਾਹਮਣੇ ਸਖਤ ਆਰਥਿਕ ਫੈਸਲੇ ਲੈਣ ਸਬੰਧੀ ਮੁੱਦੇ ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਰਾਸ਼ਟਰ ਦੇ ਨਾਂ ਸੰਦੇਸ਼ ਵੀ ਦੇ ਸਕਦੇ ਹਨ।
ਐਫ਼ਡੀਆਈ ਵਰਗੇ ਵੱਡੇ ਫੈਸਲਿਆਂ ਦੇ ਨਾਲ-ਨਾਲ ਸਰਕਾਰ ਆਰਥਿਕ ਰਫ਼ਤਾਰ ਵਧਾਉਣ ਸਬੰਧੀ ਜੁੜੇ ਕਈ ਹੋਰ ਪ੍ਰਸਤਾਵਾਂ ਤੇ ਵੀ ਵਿਚਾਰ ਕਰ ਰਹੀ ਹੈ। ਸ਼ੇਅਰ ਬਾਜ਼ਾਰ ਅਤੇ ਵਿਨੀਵੇਸ਼ ਨਾਲ ਜੁੜੇ ਪ੍ਰਸਤਾਵ ਵੀ ਇਸ ਵਿੱਚ ਸ਼ਾਮਿਲ ਹਨ। ਪ੍ਰਧਾਨਮੰਤਰੀ ਮਨਮੋਹਨ ਸਿੰਘ ਆਪਣੇ ਸੰਬੋਧਨ ਵਿੱਚ ਅਰਥਵਿਵਸਥਾ ਵਿੱਚ ਐਫ਼ਡੀਆਈ ਦੀ ਜਰੂਰਤ ਅਤੇ ਵਿਕਾਸ ਦੇ ਲਈ ਸੁਧਾਰਾਂ ਸਬੰਧੀ ਜਾਣਕਾਰੀ ਦੇ ਸਕਦੇ ਹਨ। ਚੀਨੀ ਦੇ ਰੇਟਾਂ ਵਿੱਚ ਸੁਧਾਰ ਕਰਨ ਦਾ ਪ੍ਰਸਤਾਵ ਵੀ ਕੈਬਨਿਟ ਦੀ ਬੈਠਕ ਦੇ ਏਜੰਡੇ ਵਿੱਚ ਸ਼ਾਮਿਲ ਸੀ। ਬੀਮੇ ਵਿੱਚ ਐਫ਼ਡੀਆਈ ਅਤੇ ਪੈਨਸ਼ਨ ਬਿੱਲ ਦੇ ਪ੍ਰਸਤਾਵ ਨੂੰ ਵੀ ਇਸ ਏਜੰਡੇ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ।