ਨਵੀਂ ਦਿੱਲੀ- ਕੇਂਦਰ ਸਰਕਾਰ ਵੱਲੋਂ ਐਫ਼ਡੀਆਈ ਨੂੰ ਰੀਟੇਲ ਖੇਤਰ ਵਿੱਚ ਹਰੀ ਝੰਡੀ ਦਿੱਤੇ ਜਾਣ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਸਿਆਸੀ ਡਰਾਮਿਆਂ ਤੋਂ ਜਨਤਾ ਨੂੰ ਸੁਚੇਤ ਕਰਦੇ ਹੋਏ ਪ੍ਰਧਾਨਮੰਤਰੀ ਨੇ ਰਾਸ਼ਟਰ ਦੇ ਨਾਂ ਆਪਣਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਇਨ੍ਹਾਂ ਫੈਸਲਿਆਂ ਦਾ ਵਿਰੋਧ ਕੁਝ ਰਾਜਨੀਤਕ ਦੱਲ ਕਰ ਰਹੇ ਹਨ ਪਰ ਆਮ ਲੋਕਾਂ ਨੂੰ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਚਾਹੀਦਾ। ਪ੍ਰਧਾਨਮੰਤਰੀ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਆਮ ਲੋਕਾਂ ਤੇ ਕਿਸੇ ਤਰ੍ਹਾਂ ਦਾ ਵੀ ਬੋਝ ਪਾਇਆ ਜਾਵੇ, ਪਰ ਪੈਸੇ ਕਿਥੋਂ ਆਉਣ, ਪੈਸੇ ਦਰੱਖਤਾਂ ਤੇ ਤਾਂ ਨਹੀਂ ਲਗਦੇ।
ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਜੋ ਆਰਥਿਕ ਸੁਧਾਰਾਂ ਦੇ ਮੱਦੇਨਜ਼ਰ ਜੋ ਫੈਸਲੇ ਲਏ ਹਨ, ਕੁਝ ਰਾਜਨੀਤਕ ਲੋਕਾਂ ਦੁਆਰਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਦੋ ਵਾਰ ਜਿੱਤਾਇਆ ਹੈ ਅਤੇ ਸਾਡੇ ਕਾਰਜਕਾਲ ਵਿੱਚ ਦੇਸ਼ ਦੇ ਹਰ ਖੇਤਰ ਦਾ ਵਿਕਾਸ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਇਸ ਮੰਦੀ ਦੇ ਦੌਰ ਵਿੱਚ ਯੌਰਪ ਅਤੇ ਅਮਰੀਕਾ ਵਰਗੇ ਦੇਸ਼ ਵੀ ਫਸੇ ਹੋਏ ਹਨ। ਚੀਨ ਵੀ ਮੰਦੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਭਾਰਤ ਵੀ ਇਸ ਸਮੇਂ ਇਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸ ਲਈ ਵਿਕਾਸ ਦੇ ਮਿੱਥੇ ਹੋਏ ਟੀਚੇ ਨੂੰ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਹੈ, ਭਾਂਵੇ ਅਸਾਂ ਮੰਦੀ ਦੇ ਅਸਰ ਨੂੰ ਘੱਟ ਕੀਤਾ ਹੈ।
ਪ੍ਰਧਾਨਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ।ਸਾਨੂੰ ਆਪਣੀ ਲੋੜ ਪੂਰੀ ਕਰਨ ਲਈ 80% ਪੈਟਰੋਲੀਅਮ ਪਦਾਰਥ ਆਯਾਤ ਕਰਨੇ ਪੈਂਦੇ ਹਨ। ਸਰਕਾਰ ਤੇ ਸਬਸਿੱਡੀ ਦਾ ਬੋਝ ਵੀ ਕਾਫ਼ੀ ਵੱਧ ਗਿਆ ਹੈ। ਇਸ ਲਈ ਪੈਸੇ ਦੀ ਜਰੂਰਤ ਹੈ। ਇਸ ਲਈ ਸਰਕਾਰ ਨੇ ਸਿਰਫ਼ ਡੀਜ਼ਲ ਦੇ ਰੇਟਾਂ ਵਿੱਚ ਹੀ ਵਾਧਾ ਕੀਤਾ ਹੈ। ਕੈਰੋਸਿਨ ਦੇ ਰੇਟ ਵਿੱਚ ਵਾਧਾ ਨਹੀਂ ਕੀਤਾ ਗਿਆ ਕਿਉਂਕਿ ਆਮ ਲੋਕ ਇਸ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਲੋਕ ਸਾਲ ਵਿੱਚ ਸਿਰਫ਼ 6 ਸਿਲੰਡਰਾਂ ਦੀ ਹੀ ਵਰਤੋਂ ਕਰਦੇ ਹਨ।
ਰੀਟੇਲ ਮਾਰਕਿਟ ਵਿੱਚ ਐਫ਼ਡੀਆਈ ਦੇ ਸਬੰਧ ਵਿੱਚ ਡਾ: ਮਨਮੋਹਨ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਕਿਸੇ ਵੀ ਰਾਜ ਨੂੰ ਇਹ ਹੱਕ ਨਹੀਂ ਹੈ ਕਿ ਉਹ ਰੁਜ਼ਗਾਰ ਤੇ ਰੋਕ ਲਗਾਵੇ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਐਫ਼ਡੀਆਈ ਦਾ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆਂ ਦੇ ਦੂਸਰੇ ਦੇਸ਼ਾਂ ਨਾਲ ਮੁਕਾਬਲਾ ਕਰ ਰਹੇ ਹਾਂ। ਅਸੀਂ ਆਮ ਲੋਕਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਉਹ ਗਲਤ ਲੋਕਾਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਤੋਂ ਬੱਚਣ।
ਲੋਕ ਵਿਰੋਧੀ ਧਿਰਾਂ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਦੂਰ ਰਹਿਣ – ਪ੍ਰਧਾਨਮੰਤਰੀ
This entry was posted in ਭਾਰਤ.