ਅੰਮ੍ਰਿਤਸਰ:- ਕੁਵੈਤ ਦੇਸ਼ ਦੇ ਜੇਲ੍ਹ ਅਧਿਕਾਰੀਆਂ ਵਲੋਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਪਿੰਡ ਪੰਨੂਆਂ ਦੇ ਵਸਨੀਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਕੇਸ ਕਤਲ ਕੀਤੇ ਜਾਣ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲੈਂਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਤੇ ਮਾਨਵੀ ਹੱਕਾਂ ਦੀ ਉਲੰਘਣਾ ਕਰਾਰ ਦਿੱਤਾ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਏਜੰਟਾਂ ਦੇ ਚੁੰਗਲ ‘ਚ ਨਾ ਫਸਣ ਸਗੋਂ ਕਾਨੂੰਨੀ ਤਰੀਕੇ ਨਾਲ ਹੀ ਵਿਦੇਸ਼ਾਂ ‘ਚ ਜਾਣ ਤਾਂ ਜੋ ਦੂਸਰੇ ਦੇਸ਼ ‘ਚ ਜਾ ਕੇ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਉਨ੍ਹਾਂ ਏਜੰਟਾਂ ਨੂੰ ਵੀ ਕਿਹਾ ਕਿ ਵਿਦੇਸ਼ ਭੇਜਣ ਦੇ ਨਾਮ ਪੁਰ ਸਿੱਖ ਨੌਜਵਾਨਾਂ ਦੀ ਲੁੱਟ-ਖਸੁੱਟ ਤੋਂ ਬਾਜ ਆਉਣ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦਾ ਕੇਸ ਵੀ ਏਜੰਟਾਂ ਨਾਲ ਸਬੰਧਤ ਲਗਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕੋਈ ਵੀ ਹੋਵੇ ਇਸਦਾ ਮਤਲਬ ਇਹ ਨਹੀਂ ਕਿ ਕਿਸੇ ਨਾਗਰਿਕ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਕਰਕੇ ਉਸਦੀ ਕੌਮੀਅਤ ਮਾਨਸਿਕਤਾ ਨੂੰ ਠੇਸ ਪਹੁੰਚਾਈ ਜਾਵੇ।
ਉਨ੍ਹਾਂ ਕਿਹਾ ਕਿ ਸਿੱਖ ਹਰ ਦੁੱਖ ਤਕਲੀਫ ਸਹਿਣ ਕਰ ਸਕਦਾ ਹੈ ਪਰ ਗੁਰੂ ਵੱਲੋਂ ਬਖਸ਼ਿਸ਼ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ। ਕੇਸ ਗੁਰੂ ਦੀ ਮੋਹਰ ਹਨ ਤੇ ਅੰਮ੍ਰਿਤਧਾਰੀ ਸਿੰਘ ਦੇ ਕੇਸ ਕਤਲ ਕਰਨੇ ਕਦਾਚਿਤ ਬਰਦਾਸ਼ਤ ਨਹੀਂ। ਕੁਵੈਤ ਦੇਸ਼ ਦੇ ਜੇਲ੍ਹ ਅਧਿਕਾਰੀਆਂ ਦੀ ਇਸ ਕਾਇਰਤਾ ਪੂਰਨ ਕਾਰਵਾਈ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ ਤੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ ਮੰਤਰੀ ਭਾਰਤ ਸਰਕਾਰ ਤੇ ਦਿੱਲੀ ਸਥਿਤ ਕੁਵੈਤ ਦੇਸ਼ ਦੇ ਸਫੀਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਸਵਦੇਸ਼ ਲੌਟ ਚੁੱਕਾ ਹੈ ਤੇ ਇਸ ਸਮੁੱਚੇ ਮਾਮਲੇ ਦੀ ਮੁਕੰਮਲ ਜਾਂਚ-ਪੜਤਾਲ ਕਰਨ ਲਈ ਐਡੀ: ਸਕੱਤਰ ਪ੍ਰਚਾਰ ਨੂੰ ਕਿਹਾ ਗਿਆ ਹੈ।