ਲੁਧਿਆਣਾ, (ਪੰਚ ਪਰਧਾਨੀ)- ਅਕਾਲੀ ਦਲ ਪੰਚ ਪਰਧਾਨੀ ਉੱਤੇ ਬਾਦਲ ਸਰਕਾਰ ਵਲੋਂ ਅਗਸਤ 2009 ਵਿਚ ਟਾਡਾ-ਪੋਟਾ ਦੇ ਨਵੇਂ ਅਵਤਾਰ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਸੀ ਜਿਸ ਤਹਿਤ ਅਕਾਲੀ ਦਲ ਪੰਚ ਪਰਧਾਨੀ ਦੇ ਤਤਕਾਲੀ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਰੀਬ ਢਾਈ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ ਸੀ ਤੇ ਜ਼ਮਾਨਤ ‘ਤੇ ਬਾਹਰ ਆਉਂਦਿਆਂ ਦੀ ਪਾਰਟੀ ਦੀਆਂ ਗੰਭੀਰ ਮੀਟਿੰਗਾਂ ਤੋਂ ਬਾਅਦ ਪਿਛਲੇ ਦਿਨੀ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਦਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਸੀ ਤੇ ਉਹਨਾਂ ਦੀ ਅਗਵਾਈ ਵਿਚ ਜਿੱਥੇ ਦਲ ਨੂੰ ਦੁਬਾਰਾ ਜਥੇਬੰਦ ਕਰਨ ਦੀਆਂ ਕਵਾਇਦਾਂ ਚੱਲ ਰਹੀਆਂ ਸਨ ਉੱਥੇ ਸਬਦ ਗੁਰੂ ਦੇ ਸਤਿਕਾਰ ਲਈ ਤੇ ਦੇਹਧਾਰੀ ਪਖੰਡੀਆਂ ਦੇ ਵਿਰੋਧ ਵਿਚ ਦਲ ਵਲੋਂ ਵੱਦ-ਚੜ੍ਹ ਕੇ ਸਰਗਰਮੀਆਂ ਕੀਤੀਆ ਜਾ ਰਹੀਆਂ ਸਨ ਪਰ ਸਰਕਾਰ ਨੂੰ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਫਿਕਰ ਹੈ ਅਤੇ ਨਾ ਹੀ ਸਿੱਖੀ ਸਿਧਾਂਤਾ ਦਾ ਉਹਨਾਂ ਦਾ ਇਕ ਨੁਕਾਤੀ ਪ੍ਰੋਗਰਾਮ ਸੱਤਾ ਵਿਚ ਟਿਕੇ ਰਹਿ ਕੇ ਆਪਣੇ ਲੋਭਾਂ ਦੀ ਪੂਰਤੀ ਹੈ।
ਪੰਥਕ ਹਲਕਿਆਂ ਵਿਚ ਕੱਲ੍ਹ 20 ਸਤੰਬਰ 2012 ਨੂੰ ਹੈਰਾਨੀ ਹੋਈ ਕਿ ਅਕਾਲੀ ਦਲ ਪੰਚ ਪਰਧਾਨੀ ਦੇ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਨੂੰ ਭਾਰਤੀ ਫੋਜਦਾਰੀ ਦੀ ਧਾਰਾ 107/151 ਅਧੀਨ ਗ੍ਰਿਫਤਾਰ ਕੀਤਾ ਗਿਆ ਤੇ ਕਾਰਨ ਦੱਸਿਆ ਗਿਆ ਕਿ ਭਾਰਤ ਬੰਦ ਦੇ ਸੱਦੇ ਕਾਰਨ ਇਹ ਗ੍ਰਿਫਤਾਰੀਆਂ ਕੀਤੀਆ ਗਈਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਪੰਚ ਪਰਧਾਨੀ ਵਲੋਂ ਭਾਰਤ ਬੰਦ ਸੱਦੇ ਨੂੰ ਸਫਲ ਕਰਨ ਲਈ ਕੋਈ ਬਿਆਨ ਦਿੱਤਾ ਗਿਆ ਤੇ ਨਾ ਹੀ ਅਸਫਲ ਕਰਨ ਲਈ ਤਾਂ ਇਸ ਸਬੰਧੀ ਕੱਲ੍ਹ ਤੋਂ ਹੀ ਸੂਝਵਾਨ ਹਲਕਿਆਂ ਵਿਚ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ ਇਸ ਪਿੱਛੇ ਸਰਕਾਰ ਦੀ ਕੋਈ ਹੋਰ ਚਾਲ ਹੈ ਜੋ ਕਿ ਅੱਜ ਉਸ ਸਮੇਂ ਨੰਗੀ ਹੋ ਗਈ ਜਦੋਂ ਅੱਜ ਸਵੇਰੇ ਭਾਈ ਕੁਲਵੀਰ ਸਿੰਘ ਬੜਾਪਿੰਡ ਤੇ ਭਾਈ ਦਲਜੀਤ ਸਿੰਘ ਬਿੱਟੂ ਦੇ ਘਰਾਂ ਵਿਚ ਪੁਲਸ ਦੀਆਂ ਧਾੜਾਂ ਨੇ ਬਿਨਾਂ ਤਲਾਸ਼ੀ ਵਾਰੰਟ ਦੇ ਕਈ ਘੰਟੇ ਤਲਾਸ਼ੀ ਲਈ ਤੇ ਉਹਨਾਂ ਦੇ ਘਰਾਂ ਵਿਚੋਂ ਕੰਪਿਊਟਰ, ਲੈਪਟਾਪ, ਕਿਤਾਬਾਂ ਤੇ ਹੋਰ ਕਾਗਜ਼ਾਤ ਕਬਜੇ ਵਿਚ ਲਏ। ਅਕਾਲੀ ਦਲ ਪੰਚ ਪਰਧਾਨੀ ਦੇ ਲੁਧਿਆਣਾ ਸਥਿਤ ਦਫਤਰ ਨੂੰ ਵੀ ਪੁਲਸ ਨੇ ਆਪਣੇ ਤਾਲੇ ਲਾ ਕੇ ਬੰਦ ਕਰ ਦਿੱਤਾ।
ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਅੱਜ ਲੁਧਿਆਣਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟਾਂ ‘ਤੇ ਲਿਆ ਕੇ ਜੁਡੀਸ਼ਲ ਮੈਜਿਸਟ੍ਰੇਟ ਜਤਿੰਦਰਪਾਲ ਸਿੰਘ ਦੀ ਅਦਾਲਤ ਫਿਲੌਰ ਵਿਖੇ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਉੱਤੇ ਮੁਕੱਦਮਾ ਨੰਬਰ 137/2012, ਅਧੀਨ ਧਾਰਾ 121, 121-ਏ, 120-ਬੀ, 506 ਆਈ.ਪੀ.ਸੀ, 3, 4, 5 ਐਕਸਪਲੋਸਿਵ ਐੈਕਟ, 25/54/59 ਅਸਲਾ ਐਕਟ, 17, 18, 18-ਬੀ, 22, 23, 38, 40 ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਥਾਣਾ ਗੁਰਾਇਆ ਅਧੀਨ ਗ੍ਰਿਫਤਾਰੀ ਪਾ ਕੇ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਤੇ ਜੱਜ ਨੇ ਸਫਾਈ ਧਿਰ ਦੇ ਵਕੀਲ ਸ. ਕਸ਼ਮੀਰ ਸਿੰਘ ਮੱਲ੍ਹੀ ਦੀਆਂ ਠੋਸ ਦਲੀਲਾਂ ਦੇ ਬਾਵਜੂਦ 25 ਸਤੰਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਸ. ਮੱਲ੍ਹੀ ਨੇ ਦੱਸਿਆ ਕਿ ਪੁਲਿਸ ਨੇ ਬਿਨਾਂ ਤਲਾਸ਼ੀ ਵਾਰੰਟਾਂ ਦੇ ਘਰ ਦੀ ਤਲਾਸ਼ੀ ਲਈ ਤੇ ਇਕ ਪਿਸਤੌਲ, ਦੋ ਬੁਲੇਟ ਪਰੂਫ ਜੈਕਟਾਂ ਤੇ ਇਕ ਏਅਰ ਗੰਨ ਦੀ ਬਰਾਮਦਗੀ ਪਾਈ ਗਈ ਜਦ ਕਿ ਇਸ ਸਬੰਧੀ ਪਿੰਡੇ ਦੇ ਕਿਸੇ ਮੋਹਤਬਾਰ ਵਿਅਕਤੀ ਨੂੰ ਵੀ ਸ਼ਾਮਲ ਤਫਤੀਸ ਨਹੀਂ ਕੀਤਾ ਗਿਆ ਸਗੋਂ ਭਾਈ ਕੁਲਵੀਰ ਸਿੰਘ ਬੜਾਪਿੰਡ ਦੀ ਧਰਮ ਸੁਪਤਨੀ ਨੂੰ ਡਰਾ-ਧਮਕਾ ਕੇ ਸਾਰੇ ਘਰ ਦੀ ਫਰੋਲਾ-ਫਰਾਲੀ ਕੀਤੀ ਗਈ ਸੀ।
ਇਸੇ ਤਰ੍ਹਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਲੁਧਿਆਣਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟਾਂ ਉੱਤੇ ਲਿਆ ਕੇ ਮੁਕੱਦਮਾ ਨੰਬਰ 183/2012, ਅਧੀਨ ਧਾਰਾ 121, 121-ਏ, 120-ਬੀ, 506 ਆਈ.ਪੀ.ਸੀ, 3, 4, 5 ਐਕਸਪਲੋਸਿਵ ਐੈਕਟ, 25/54/59 ਅਸਲਾ ਐਕਟ, 17, 18, 18-ਬੀ, 22, 23, 38, 40 ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ਦਰਜ਼ ਕੀਤਾ ਗਿਆ ਹੈ। ਅੱਜ ਉਹਨਾਂ ਨੂੰ ਸ਼ਾਮ ਕਰੀਬ 4 ਵਜੇ ਜੁਡੀਸ਼ਲ ਮੈਜਿਸਟਰੇਟ ਅਸ਼ੀਸ਼ ਠਟਈ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਸਫਾਈ ਪੱਖ ਤੋਂ ਐਡਵੋਕੇਟ ਗੁਰਮੀਤ ਸਿੰਘ ਰੱਤੂ, ਜਸਪਾਲ ਸਿੰਘ ਮੰਝਪੁਰ, ਹਰਪਾਲ ਸਿੰਘ ਚੀਮਾ ਤੇ ਵਿਕਰਮ ਸਿੰਘ ਟਿੱਕਾ ਪੇਸ਼ ਹੋਏ। ਸਰਕਾਰੀ ਵਕੀਲ ਵਲੋਂ ਝੂਠੀਆਂ ਦਲੀਲਾਂ ਦਿਦਿਆਂ ਕਿਹਾ ਗਿਆ ਕਿ ਦਲਜੀਤ ਸਿੰਘ ਬਿੱਟੂ ਉੱਤੇ ਵੱਡੇ-ਵੱਡੇ ਕੇਸ ਦਰਜ਼ ਹਨ ਜਿਹਨਾਂ ਵਿਚ ਸ਼ਿੰਗਾਰ ਬੰਬ ਕਾਂਡ ਮੁੱਖ ਕੇਸ ਹੈ ਅਤੇ ਇਹਨਾਂ ਦੇ ਪਾਕਿਸਤਾਨ ਵਿਚ ਸਬੰਧ ਹਨ ਤੇ ਇਹਨਾਂ ਕੋਲ ਵਿਦੇਸ਼ਾਂ ਵਿਚੋਂ ਖਾੜਕੁਵਾਦ ਨੂੰ ਮੁੜ ਖੜਾ ਕਰਨ ਲਈ ਪੈਸੇ, ਹਥਿਆਰ ਆਦਿਕ ਆਉਂਦੇ ਹਨ।ਸਫਾਈ ਪੱਖ ਨੇ ਕਿਹਾ ਕਿ ਨਾ ਤਾਂ ਦਲਜੀਤ ਸਿੰਘ ਬਿੱਟੂ ਉੱਤੇ ਸ਼ਿੰਗਾਰ ਬੰਬ ਕਾਂਡ ਦਾ ਕੇਸ ਚੱਲ ਰਿਹਾ ਹੈ ਅਤੇ ਨਾ ਹੀ ਅੱਜ ਤੱਕ ਕਿਸੇ ਕੇਸ ਵਿਚ ਸਜ਼ਾ ਹੋਈ ਹੈ ਹੁਣ ਤੱਕ ਦਰਜ਼ ਦਰਜਨਾਂ ਕੇਸਾਂ ਵਿਚੋਂ ਉਹ ਬਰੀ ਹੋਏ ਹਨ ਅਤੇ ਇਕ ਵਿਅਕਤੀ ਜਿਸਨੂੰ 107/151 ਵਿਚ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਦੂਜੇ ਦਿਨ ਜੇਲ੍ਹ ਵਿਚੋਂ ਲਿਆ ਕੇ ਅਜਿਹੇ ਝੂਠੇ ਕੇਸ ਦਰਜ਼ ਕੀਤੇ ਜਾਂਦੇ ਹਨ ਜਿਹਨਾਂ ਵਿਚ ਬਿਨਾਂ ਕਿਸੇ ਕਿਸਮ ਦੀ ਬਰਾਮਦਗੀ ਤੋਂ ਅਸਲਾ ਤੇ ਐਕਸਪਲੋਸਿਵ ਐਕਟ ਲਗਾ ਦਿੱਤਾ ਜਾਂਦਾ ਹੈ। ਪਰ ਜਿਵੇ ਕਿ ਆਮ ਹੁੰਦਾ ਹੈ ਕਿ ਜੱਜ ਅਜਿਹੇ ਕੇਸਾਂ ਵਿਚ ਸਫਾਈ ਧਿਰ ਨਾਲ ਸਹਿਮਤ ਹੁੰਦਿਆਂ ਵੀ ਉੱਪਤੋਂ ਆਏ ਸੁਨੇਹੇ ਨੂੰ ਟਾਲ ਨਹੀਂ ਸਕਦਾ ਤੇ ਜੱਜ ਅਸ਼ੀਸ਼ ਠਠਈ ਨੇ ਭਾਈ ਬਿੱਟੂ ਨੂੰ ਭਾਈ ਬੜਾਪਿੰਡ ਵਾਂਗ 25 ਸਤੰਬਰ 2012 ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।