ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਉਦੇਸ਼ ਨਾਲ ਸ਼ੁਰੁ ਹੋਏ ਦੋ ਰੋਜ਼ਾ ਕਿਸਾਨ ਮੇਲੇ ਦੇ ਉਦਘਾਟਨੀ ਸਮਾਰੋਹ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ: ਸ਼ਰਨਜੀਤ ਸਿੰਘ ਢਿੱਲੋਂ, ਮਾਣਯੋਗ ਲੋਕ ਨਿਰਮਾਣ ਮੰਤਰੀ, ਪੰਜਾਬ ਨੇ ਕਿਹਾ ਕਿ ਅੱਜ ਸਾਨੂੰ ਵਾਤਾਵਰਣ ਨੁੰ ਪ੍ਰਦੂਸ਼ਣ ਰਹਿਤ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਨਾਲ ਹੀ ਅਸੀਂ ਖੇਤੀ ਦੀ ਲਗਾਤਾਰਤਾ ਨੂੰ ਨਿਰੰਤਰ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਨੂੰ ਭਰਨ ਵਿੱਚ ਪੰਜਾਬ ਦੇ ਕਿਸਾਨ ਅਣਥੱਕ ਯਤਨ ਕਰਦੇ ਹਨ ਲੇਕਿਨ ਅੱਜ ਸਾਨੂੰ ਲੋੜ ਹੈ ਕਿ ਅਸੀਂ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤਿਆਗ ਕੇ ਖੇਤੀ ਵਿਭਿੰਨਤਾ ਨੂੰ ਅਪਣਾਈਏ । ਜ਼ਮੀਨ ਵਿੱਚ ਫ਼ਸਲ ਵੰਡ ਕੇ ਬੀਜਣ ਤੇ ਜ਼ੋਰ ਦਿੰਦਿਆਂ ਸ: ਢਿੱਲੋਂ ਨੇ ਕਿਹਾ ਕਿ ਸਾਨੂੰ ਗੈਰ ਰਸਮੀ ਫ਼ਸਲਾਂ ਵੱਲ ਵੀ ਵਿਸੇਸ਼ ਧਿਆਨ ਦੇਣ ਦੀ ਲੋੜ ਹੈ। ਪੀ ਏ ਯੂ ਦੇ ਵਿਗਿਆਨੀਆਂ ਵੱਲੋਂ ਖੇਤੀ ਖੋਜ ਅਤੇ ਪਸਾਰ ਵੱਲ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੱਸਿਆ ਕਿ ਖੇਤੀ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਵੀ ਯੂਨੀਵਰਸਿਟੀ ਦਾ ਬਜਟ 93 ਕਰੋੜ ਤੋਂ ਵਧਾ ਕੇ 190 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੱਕੀ ਅਤੇ ਕਣਕ ਦੀ ਖੋਜ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਨਾਲ ਬੋਰਲਾਗ ਇੰਸਟੀਚਿਊਟ ਆਫ ਸਾਊਥ ਏਸ਼ੀਆ ਲੁਧਿਆਣਾ ਵਿਖੇ ਸਥਾਪਿਤ ਹੋ ਸਕਿਆ ਹੈ। ਜਿਸ ਨਾਲ ਮੱਕੀ ਅਤੇ ਕਣਕ ਉੱਤੇ ਅੰਤਰ ਰਾਸ਼ਟਰੀ ਪੱਧਰ ਦੀ ਖੋਜ ਹੋ ਸਕੇਗੀ ਜਿਸ ਦਾ ਫਾਇਦਾ ਪੰਜਾਬ ਨੂੰ ਸਭ ਤੋਂ ਵਧੇਰੇ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਦੱਸਿਆ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਵੀ ਰਾਸ਼ਟਰ ਪੱਧਰੀ ਮੱਕੀ ਖੋਜ ਸੰਸਥਾ ਲੁਧਿਆਣਾ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਨਾਲ ਮੱਕੀ ਕੀ ਖੋਜ ਤੇਜ਼ ਹੋਵੇਗੀ ਅਤੇ ਪੰਜਾਬ ਦੀ ਖੇਤੀ ਵਿੱਚ ਵੰਨ ਸੁਵੰਨਤਾ ਲਿਆਉਣ ਵਿੱਚ ਵੀ ਮਦਦ ਮਿਲ ਸਕੇਗੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਸ਼੍ਰੀ ਪ੍ਰਣਾਬ ਮੁਖਰਜੀ ਅਤੇ ਭਾਰਤ ਸਰਕਾਰ ਦੇ ਮਾਨਯੋਗ ਖੇਤੀ ਮੰਤਰੀ ਸ਼੍ਰੀ ਸ਼ਰਦ ਪਵਾਰ ਜੀ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਮੇਲੇ ਵਿੱਚ ਸ਼ਿਰਕਤ ਕਰ ਰਹੇ ਕਿਸਾਨਾਂ ਦੀ ਵੱਡੀ ਗਿਣਤੀ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਐਗਰੀਕਲਚਰਲ ਯੂਨੀਵਰਸਿਟੀ ਪ੍ਰਤੀ ਕਿਸਾਨਾਂ ਦੇ ਅਥਾਹ ਵਿਸ਼ਵਾਸ ਦਾ ਪ੍ਰਤੀਕ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚਲੀ ਤੁਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਤੇ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਭਿਆਤਾਵਾਂ ਦੀ ਸ਼ੁਰੂਆਤ ਪਾਣੀ ਨਾਲ ਹੀ ਹੁੰਦੀ ਹੈ, ਜਿਸ ਕਰਕੇ ਆਪਣੀ ਸਭਿਅਤਾ ਨੂੰ ਜਿਉਂਦੇ ਰੱਖਣ ਲਈ ਸਾਨੂੰ ਜਲ ਸੋਮਿਆਂ ਦੀ ਉਚਿਤ ਵਰਤੋਂ ਕਰਨ ਦੀ ਲੋੜ ਹੈ। ਇਸ ਲਈ ਉਨ੍ਹਾਂ ਨੇ ਲੇਜ਼ਰ ਕਰਾਹੇ ਦੀ ਵਰਤੋਂ ਕਰਨ ਅਤੇ ਟੈਂਸ਼ੀਓਮੀਟਰ ਆਦਿ ਯੰਤਰਾਂ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ। ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੇ ਰਸਾਇਣਾਂ ਦੀ ਥਾਂ ਦੇਸੀ ਰੂੜੀ ਵਰਤਣ ਲਈ ਕਿਹਾ। ਖੇਤੀ ਲਾਗਤਾਂ ਨੂੰ ਘਟਾਉਣ ਸੰਬੰਧੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਨਾਈਟਰੋਜਨ ਦੀ ਵਰਤੋਂ ਪੱਤਾ ਰੰਗ ਚਾਰਟ ਨਾਲ ਹੀ ਕਰਨੀ ਚਾਹੀਦੀ ਹੈ, ਜਿਸ ਨਾਲ ਜਿਥੇ ਫ਼ਸਲ ਦੀ ਗੁਣਵਤਾ ਵਿੱਚ ਵਾਧਾ ਹੋਵੇਗਾ ਉਥੇ ਮੁਨਾਫ਼ਾ ਵੀ ਵੱਧ ਹੋਵੇਗਾ । ਖੇਤੀ ਦੇ ਨਾਲ ਨਾਲ ਸ਼ਹਿਦ, ਖੁੰਭਾਂ, ਹਾਈਬ੍ਰਿਡ ਬੀਜ ਅਤੇ ਨਰਸਰੀਆਂ ਆਦਿ ਦਾ ਉਤਪਾਦਨ ਕਰਨ ਬਾਰੇ ਮਸ਼ਵਰਾ ਦਿੰਦਿਆਂ ਉਨ੍ਹਾਂ ਕਿਹਾ ਕਿ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੁੰ ਅਪਣਾ ਕੇ ਅਸੀਂ ਆਪਣੀ ਆਮਦਨ ਵਿੱਚ ਵਾਧਾ ਕਰ ਸਕਾਂਗੇ। ਭਰੂਣ ਹੱਤਿਆ ਅਤੇ ਨਸ਼ਾਖੋਰੀ ਆਦਿ ਸਮਾਜਿਕ ਅਲਾਹਮਤਾਂ ਤੋਂ ਦੂਰ ਰਹਿਣ ਲਈ ਪ੍ਰੇਰਦਿਆਂ ਡਾ:ਢਿੱਲੋਂ ਨੇ ਕਿਹਾ ਕਿ ਸਾਨੂੰ ਕਰਜ਼ਿਆਂ ਤੋਂ ਮੁਕਤ ਤਣਾਓ ਰਹਿਤ ਜ਼ਿੰਦਗੀ ਜਿਊਣੀ ਚਾਹੀਦੀ ਹੈ।
ਇਸ ਮੌਕੇ ਆਏ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਡਾ: ਮੁਖਤਾਰ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਮਾਹਿਰਾਂ ਵੱਲੋਂ ਕੀਤੀ ਜਾ ਰਹੀ ਖੇਤੀ ਖੋਜ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਡਾਇਰੈਕਟੋਰੇਟ ਵੱਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਜੋਕੀ ਖੇਤੀ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਯੂਨੀਵਰਸਿਟੀ ਦੇ ਮਾਹਿਰ ਬਹੁਤ ਸੰਵੇਦਨਸ਼ੀਲ ਹਨ ਅਤੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਵਿਚਕਾਰ ਪੁਲ ਵਜੋਂ ਲਗਪਗ 6000 ਪੀ ਏ ਯੂ ਦੂਤ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ 32 ਲੱਖ ਰੁਪਏ ਦੀ ਲਾਗਤ ਨਾਲ ਯੂਨੀਵਰਸਿਟੀ ਵੱਲੋਂ ਇਕ ਵੈਨ ਤਿਆਰ ਕੀਤੀ ਗਈ ਹੈ, ਜਿਸ ਨਾਲ ਖੇਤੀ ਤਕਨਾਲੋਜੀ ਦਾ ਵਿਭਿੰਨ ਢੰਗ ਤਰੀਕਿਆਂ ਨਾਲ ਪਸਾਰ ਕਰਨ ਵਿੱਚ ਅਸਾਨੀ ਹੋਵੇਗੀ। ਪਰਾਲੀ ਤੋਂ ਬਾਇਓ ਗੈਸ ਤਿਆਰ ਕਰਨ ਦੀ ਨਵੀਂ ਤਕਨਾਲੋਜੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਊਰਜਾ ਦੀ ਲਾਗਤ ਤੇ ਬੱਚਤ ਹੋ ਸਕੇਗੀ ਉਥੇ ਪਰਾਲੀ ਦੀ ਵੀ ਸਾਂਭ-ਸੰਭਾਲ ਹੋ ਸਕੇਗੀ । ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਪੌਦ ਸੁਰੱਖਿਆ ਹਸਪਤਾਲ ਖੁੱਲ ਚੁੱਕੇ ਹਨ, ਜਿੱਥੇ ਕਿਸਾਨ ਪੌਦਿਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਹਾਸਿਲ ਕਰ ਸਕਣਗੇ। ਇਸੇ ਤਰ੍ਹਾਂ 17 ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚੋਂ 10 ਵਿੱਚ ਮਿੱਟੀ ਅਤੇ ਪਾਣੀ ਦੀਆਂ ਪਰਖ਼ ਪ੍ਰਯੋਗਸ਼ਾਲਾਵਾਂ ਖੁੱਲ ਚੁੱਕੀਆਂ ਹਨ ਜਿੱਥੋਂ ਪਰਖ਼ ਕਰਵਾਉਣ ਉਪਰੰਤ ਹੀ ਕਿਸਾਨਾਂ ਨੂੰ ਖਾਦਾਂ ਅਤੇ ਪਾਣੀ ਦੀ ਉਚਿਤ ਵਰਤੋਂ ਕਰਨੀ ਚਾਹੀਦੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਡਾ: ਪਿਆਰਾ ਸਿੰਘ ਚਾਹਲ ਸਹਿਯੋਗੀ ਨਿਰਦੇਸ਼ਕ ਖੋਜ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਫ਼ਸਲਾਂ ਦੀਆ ਲਗਪਗ 707 ਕਿਸਮਾਂ ਸਿਫਾਰਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 117 ਕਿਸਮਾਂ ਦੀ ਸਿਫਾਰਸ਼ ਰਾਸ਼ਟਰੀ ਪੱਧਰ ਤੇ ਵੀ ਕੀਤੀ ਗਈ ਹੈ। ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਅਨੁਸਾਰ ਖੇਤੀ ਲੋੜਾਂ ਦੇ ਵਧਣ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਝੋਨੇ ਦੀਆਂ ਉਹ ਕਿਸਮਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਜੋ ਘੱਟ ਤੋਂ ਘੱਟ ਪਾਣੀ ਅਤੇ ਪੱਕਣ ਵਿੱਚ ਘੱਟ ਸਮਾਂ ਲੈਣ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਕਣਕ ਵਿੱਚ ਵੀ ਵੱਧ ਤਾਪਮਾਨ ਨੂੰ ਸਹਿਣ ਵਾਲੀਆਂ ਉਹ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਘੱਟ ਤੋਂ ਘੱਟ ਬਿਮਾਰੀ ਲੱਗੇ ਅਤੇ ਜ਼ਹਿਰਾਂ ਦਾ ਛਿੜਕਾਅ ਵੀ ਨਾ ਮਾਤਰ ਹੀ ਕਰਨਾ ਪਵੇ।
ਇਸ ਮੌਕੇ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਹਰਦੇਵ ਸਿੰਘ ਰਿਆੜ ਅਤੇ ਸ਼੍ਰੀਮਤੀ ਉਰਵਿੰਦਰ ਕੌਰ ਗਰੇਵਾਲ ਨੇ ਵੀ ਕਿਸਾਨਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਸ੍ਰੀ ਰਣਜੀਤ ਸਿੰਘ ਢਿੱਲੋਂ, ਵਿਧਾਇਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਗਿਆਨ-ਵਿਗਿਆਨ ਸੋਚ ਦੇ ਸਹਾਰੇ ਖੇਤੀ ਨੂੰ ਸਿਖ਼ਰਾਂ ਤੇ ਪਹੁੰਚਾਉਣ ਵਾਲੇ ਪੰਜਾਬ ਦੇ ਪੰਜ ਅਗਾਂਹਵਧੂ ਕਿਸਾਨਾਂ, ਜਿਨ੍ਹਾਂ ਵਿਚੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਟੌਲ ਰੋਹੀ ਦੇ ਗੁਰਦਰਸ਼ਨ ਸਿੰਘ ਢਿੱਲੋਂ ਨੂੰ ਸ: ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਯਾਤਨਗਰ ਦੇ ਰਜੇਸ਼ ਬਹਿਲ ਨੂੰ ਸ: ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ, ਜ¦ਧਰ ਜ਼ਿਲ੍ਹੇ ਦੇ ਪਿੰਡ ਕੋਹਲਾ ਦੇ ਸ: ਮੰਗਲ ਸਿੰਘ ਨਾਗਰਾ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੈਨੇਕੋਟ ਦੇ ਸ: ਮਨਜੀਤ ਸਿੰਘ ਨੂੰ ਸ: ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਦੀ ਸ਼੍ਰੀਮਤੀ ਕਰਮਜੀਤ ਕੌਰ ਨੂੰ ਸਟੇਟ ਅਵਾਰਡੀ ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤੀ ਖੋਜ ਅਤੇ ਵਿਕਾਸ ਵਿੱਚ ਵਿੱਤੀ ਯੋਗਦਾਨ ਪਾਉਣ ਬਦਲੇ ਮੇਜਰ ਸਿੰਘ ਤੂਰ ਅਤੇ ਡਾ: ਪੀ ਐਸ ਦਿਓਲ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਹਰਜੀਤ ਸਿੰਘ ਸਹਿਗਲ ਨੇ ਮੁੱਖ ਮਹਿਮਾਨ ਤੋਂ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਰਿਲੀਜ਼ ਕਰਵਾਈਆਂ।