ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਦੌੜ ਵਿੱਚ ਓਬਾਮਾ ਨੂੰ ਸਖਤ ਟੱਕਰ ਦੇ ਰਹੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਨੇ ਔਪੋਜੀਸ਼ਨ ਵੱਲੋਂ ਲਗਾਏ ਜਾ ਰਹੇ ਟੈਕਸ ਨਾਂ ਭਰਨ ਦੇ ਆਰੋਪਾਂ ਨੂੰ ਖਾਰਿਜ਼ ਕਰਦੇ ਹੋਏ ਆਪਣੇ 2011 ਦੇ ਟੈਕਸ ਰੀਟਰਨ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਰੋਮਨੀ ਨੇ 19 ਲੱਖ ਡਾਲਰ ਫੈਡਰਲ ਟੈਕਸ ਦਾ ਭੁਗਤਾਨ ਕੀਤਾ ਹੈ। 2011 ਵਿੱਚ ਰੋਮਨੀ ਅਤੇ ਉਸ ਦੀ ਪਤਨੀ ਦੀ ਇਨਕਮ 1.37 ਕਰੋੜ ਡਾਲਰ ਸੀ।
ਮਿਟ ਰੋਮਨੀ ਨੂੰ ਰਾਸ਼ਟਰਪਤੀ ਉਮੀਦਵਾਰਾਂ ਵਿੱਚੋਂ ਅਮੀਰ ਬਿਜ਼ਨੈਸਮੈਨ ਮੰਨਿਆ ਜਾਂਦਾ ਹੈ। ਰੋਮਨੀ ਅਤੇ ਉਨ੍ਹਾਂ ਦੀ ਪਤਨੀ ਦੀ ਨਿਜੀ ਸੰਪਤੀ 19 ਮਿਲੀਅਨ ਤੋਂ 25 ਮਿਲੀਅਨ ਦੇ ਕਰੀਬ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਉਹ 2010 ਦੇ ਟੈਕਸ ਰੀਟਰਨ ਦਾ ਬਿਊਰਾ ਪਹਿਲਾਂ ਹੀ ਸਰਵਜਨਿਕ ਕਰ ਚੁੱਕੇ ਹਨ, ਜਿਸ ਅਨੁਸਾਰ ਉਨ੍ਹਾਂ ਨੇ 30 ਲੱਖ ਡਾਲਰ ਟੈਕਸ ਅਦਾ ਕੀਤਾ ਹੈ।
ਰੋਮਨੀ ਅਤੇ ਉਨ੍ਹਾਂ ਦੀ ਪਤਨੀ ਐਨ ਨੇ 2011 ਵਿੱਚ 40 ਲੱਖ ਡਾਲਰ ਚੈਰਿਟੀ ਨੂੰ ਡੋਨੇਟ ਵੀ ਕੀਤੇ ਹਨ। ਇਹ ਡੋਨੇਸ਼ਨ ਉਨ੍ਹਾਂ ਦੀ ਆਮਦਨ ਦਾ 30% ਸੀ।
ਮਿਟ ਰੋਮਨੀ ਨੇ ਆਪਣੀ ਸਿਹਤ ਸਬੰਧੀ ਰਿਪੋਰਟ ਵੀ ਜਾਰੀ ਕੀਤੀ। ਇਸ ਅਨੁਸਾਰ ਉਹ ਸ਼ਰਾਬ ਵਗੈਰਾ ਨਹੀਂ ਪੀਤੇ ਅਤੇ ਨਾਂ ਹੀ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਕਰਦੇ ਹਨ। ਉਹ ਫੱਲ ਅਤੇ ਸਬਜੀਆਂ ਜਿਆਦਾ ਖਾਂਦੇ ਹਨ ਅਤੇ ਕਲੈਸਟਰੋਲ ਵਧਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ।