ਨਵੀਂ ਦਿੱਲੀ- ਯੂਪੀਏ ਸਰਕਾਰ ਤੇ ਭ੍ਰਿਸ਼ਟਾਚਾਰ ਅਤੇ ਕਾਲੇ ਧੰਨ ਦੇ ਆਰੋਪ ਲਗਾਉਣ ਵਾਲਾ ਬਾਬਾ ਰਾਮਦੇਵ ਖੁਦ ਹੀ ਸਰਕਾਰ ਦੇ ਸ਼ਿਕੰਜੇ ਵਿੱਚ ਫਸ ਗਿਆ ਹੈ। ਉਤਰਾਖੰਡ ਵਿੱਚ ਬਾਬਾ ਰਾਮਦੇਵ ਦੇ ਟਰੱਸਟ ਵੱਲੋਂ ਬਣਾਏ ਜਾਂਦੇ ਫੂਡ ਪ੍ਰੋਡਕਟਸ ਦੇ ਸੈਂਪਲ ਰਾਜ ਸਰਕਾਰ ਦੁਆਰਾ ਕੀਤੀ ਗਈ ਜਾਂਚ ਵਿੱਚ ਫੇਲ ਹੋ ਗਏ ਹਨ। ਇਨ੍ਹਾਂ ਸੈਂਪਲਾ ਦੀ ਜਾਂਚ ਉਤਰਾਖੰਡ ਖਾਧ ਵਿਭਾਗ ਦੁਆਰਾ ਕੀਤੀ ਗਈ ਹੈ।
ਹਰਿਦੁਆਰ ਦੇ ਕਨਖਲ ਵਿੱਚ ਮੌਜੂਦ ਰਾਮਦੇਵ ਦੇ ਆਸ਼ਰਮ ਤੋਂ 6 ਖਾਣ ਵਾਲੇ ਪਦਾਰਥਾਂ ਦੇ ਨਮੂਨੇ ਜਾਂਚ ਵਿੱਚ ਫੇਲ ਹੋ ਗਏ ਹਨ। ਇਹ ਨਮੂਨੇ ਉਤਰਾਖੰਡ ਖਾਧ ਸੁਰੱਖਿਆ ਵਿਭਾਗ ਨੇ ਲਏ ਸਨ। ਪਤੰਜਲੀ ਯੋਗਪੀਠ ਅਤੇ ਦਿਵਯ ਫਾਰਮੇਸੀ ਇਸ ਆਸ਼ਰਮ ਦੇ ਹੀ ਅਧੀਨ ਹਨ ਅਤੇ ਇਨ੍ਹਾਂ ਦਾ ਸੰਚਾਲਨ ਵੀ ਕਨਖਲ ਵਾਲੇ ਆਸ਼ਰਮ ਤੋਂ ਹੀ ਕੀਤਾ ਜਾਂਦਾ ਹੈ।
ਰਾਮਦੇਵ ਦੇ ਆਸ਼ਰਮ ਤੋਂ ਕਾਲੀ ਮਿਰਚ, ਲੀਚੀ ਸ਼ਹਿਦ, ਲੂਣ, ਸਰੋਂ ਦਾ ਤੇਲ, ਜੈਮ ਅਤੇ ਵੇਸਣ ਦੇ ਨਮੂਨੇ ਲਏ ਗਏ ਸਨ। ਇਨ੍ਹਾਂ ਸੱਭ ਵਸਤਾਂ ਦੇ ਸੈਂਪਲ ਜਾਂਚ ਵਿੱਚ ਫੇਲ ਹੋ ਗਏ ਹਨ। ਇਨ੍ਹਾਂ ਪਦਾਰਥਾਂ ਦੀ ਗੁਣਵੱਤਾ ਹੇਠਲੇ ਪੱਧਰ ਦੀ ਹੈ। ਜਾਂਚ ਵਿੱਚ ਇਹ ਵੀ ਪਤਾ ਲਗਾ ਹੈ ਕਿ ਕੁਝ ਪ੍ਰੋਡਕਟਸ ਦਾ ਨਿਰਮਾਣ ਬਾਹਰ ਕੀਤਾ ਜਾਂਦਾ ਹੈ, ਜਦ ਕਿ ਉਨ੍ਹਾਂ ਦੀ ਮਾਰਕਿਟਿੰਗ ਆਸ਼ਰਮ ਦੇ ਬਰੈਂਡ ਦੇ ਤਹਿਤ ਕੀਤੀ ਜਾ ਰਹੀ ਹੈ। ਕਾਨੂੰਨ ਅਨੁਸਾਰ ਰਾਮਦੇਵ ਦੇ ਟਰੱਸਟ ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।