ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਅੱਜ 80 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਇਹ ਦਿਨ ਸਧਾਰਣ ਦਿਨਾਂ ਦੀ ਤਰ੍ਹਾਂ ਹੀ ਗੁਜ਼ਾਰਿਆ ਅਤੇ ਆਪਣੇ ਸਾਰੇ ਕੰਮ ਕਾਰ ਆਮ ਦਿਨਾਂ ਵਾਂਗ ਹੀ ਕੀਤੇ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਪਿੰਡ ਗਾਹ ਵਿੱਚ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਅਸਲੀ ਜਨਮ ਤਾਰੀਖ ਯਾਦ ਨਹੀਂ ਹੈ ਪਰ ਸਕੂਲ ਵਿੱਚ ਉਨ੍ਹਾਂ ਦੀ ਜਨਮ ਦੀ ਤਾਰੀਖ 26 ਸਤੰਬਰ ਲਿਖੀ ਹੋਈ ਹੈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੀਐਸਆਈਆਰ ਦੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਅਤੇ ਇਸ ਸੰਸਥਾ ਦਾ ਜਨਮ ਦਿਨ ਇੱਕ ਹੀ ਦਿਨ ਆਉਂਦਾ ਹੈ। ਉਨ੍ਹਾਂ ਨੇ ਕਿਹਾ, ‘ਸਾਡਾ ਦੋਵਾਂ ਦਾ ਜਨਮ 26 ਸਤੰਬਰ ਨੂੰ ਹੋਇਆ। ਮੇਰੇ ਵਿਚਾਰ ਵਿੱਚ ਵਿਗਿਆਨ ਜਗਤ ਨਾਲ ਜੁੜੇ ਮਰਦਾਂ ਅਤੇ ਮਹਿਲਾਵਾਂ ਦੇ ਇਸ ਵਿਸ਼ੇਸ਼ ਇੱਕਠ ਨਾਲੋਂ ਭਲਾ ਹੋਰ ਕਿਹੜਾ ਚੰਗਾ ਮੌਕਾ ਹੁੰਦਾ ਜਿੱਥੇ ਅੱਜ ਦੇ ਖਾਸ ਦਿਨ ਮੈਂ ਸ਼ਾਮਿਲ ਹੁੰਦਾ।’
ਡਾ: ਮਨਮੋਹਨ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਾਰਾ ਦਿਨ ਤਾਂਤਾ ਲਗਿਆ ਰਿਹਾ। ਜਾਨੀਆਂ ਮਾਨੀਆਂ ਹਸਤੀਆਂ ਅਤੇ ਨੇਤਾਵਾਂ ਨੇ ਫੋਨ ਤੇ ਪ੍ਰਧਾਨਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਈਆਂ ਸਾਲਾਂ ਬਾਅਦ ਉਹ ਅੱਜ ਆਪਣੇ ਜਨਮ ਦਿਨ ਤੇ ਘਰ ਵਿੱਚ ਸਨ। ਪਿੱਛਲੇ ਕੁਝ ਸਾਲਾਂ ਤੋਂ ਉਹ ਜਿਆਦਾਤਰ ਇਸ ਦਿਨ ਆਪਣੇ ਵਿਦੇਸ਼ੀ ਦੌਰਿਆਂ ਤੇ ਹੀ ਸਨ।