ਵਾਸ਼ਿੰਗਟਨ- ਨਾਸਾ ਨੇ ਮੰਗਲ ਗ੍ਰਹਿ ਤੇ ਜੀਵਨ ਦੀਆਂ ਸੰਭਾਵਨਾਵਾਂ ਖੋਜਣ ਦੀ ਦਿਸ਼ਾ ਵਿੱਚ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ। ਕਿਉਰਿਯੋਸਿਟੀ ਰੋਵਰ ਨੇ ਇਸ ਲਾਲ ਗ੍ਰਹਿ ਤੇ ਕਦੇ ਤੇਜ਼ ਵਹਾਅ ਵਾਲੇ ਪਾਣੀ ਦੇ ਸਬੂਤਾਂ ਦੀ ਖੋਜ ਕੀਤੀ ਹੈ। 6 ਅਗੱਸਤ ਨੂੰ ਮੰਗਲ ਤੇ ਗਏ ਇਸ ਰੋਵਰ ਨੇ ਮੰਗਲ ਗ੍ਰਹਿ ਤੇ ਬਜਰੀ ਦੀ ਖੋਜ ਕੀਤੀ ਹੈ, ਜਿਸ ਬਾਰੇ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਬਜਰੀ ਪਾਣੀ ਦੀ ਤੇਜ਼ ਧਾਰਾ ਦੇ ਨਾਲ ਵਹਿ ਕੇ ਆਈ ਹੈ। ਚਟਾਨਾਂ ਦੀਆਂ ਨਵੀਆਂ ਤਸਵੀਰਾਂ ਵਿੱਚ ਪਹਿਲੀ ਵਾਰ ਪ੍ਰਾਚੀਨ ਬਜਰੀ ਵਿਖਾਈ ਦਿੱਤੀ ਹੈ।
ਵਿਗਿਆਨਿਕ ਜਾਨ ਗਰੋਟਜਿੰਗਰ ਦਾ ਕਹਿਣਾ ਹੈ ਕਿ ਸਤਾਹ ਤੋਂ ਕਢਿਆ ਗਿਆ ਚਟਾਨੀ ਅੰਸ਼ ਇਸ ਤਰ੍ਹਾਂ ਵਿਖਾਈ ਦਿੰਦਾ ਹੈ, ਜਿਵੇਂ ਕਿਸੇ ਨੇ ਹਥੌੜੇ ਮਾਰ-ਮਾਰ ਕੇ ਫੁੱਟਪਾਥ ਦੀ ਪੱਟੀ ਤੇ ਉਸ ਨੂੰ ਬਣਾਇਆ ਹੋਵੇਗਾ। ਰੋਵਰ ਦੁਆਰਾ ਭੇਜੀਆਂ ਗਈਆਂ ਤਸਵੀਰਾਂ ਵਿੱਚ ਇੱਕ ਦੂਸਰੇ ਨਾਲ ਜੁੜੇ ਪੱਥਰ ਗੇਲ ਨਾਂ ਦੇ ਖੱਡੇ ਦੇ ਉਤਰੀ ਹਿੱਸੇ ਵਿੱਚ ਸ਼ਾਰਪ ਨਾਂ ਦੇ ਪਹਾੜ ਦੇ ਆਧਾਰ ਦੇ ਵਿੱਚਕਾਰ ਮਿਲੇ ਹਨ। ਕਿਊਰਿਓਸਟੀ ਇਸ ਦਿਸ਼ਾ ਵਿੱਚ ਹੀ ਅੱਗੇ ਵੱਧ ਰਿਹਾ ਹੈ।
ਨਾਸਾ ਦੇ ਇਸ ਮਿਸ਼ਨ ਦੀ ਸਹਿਯੋਗੀ ਜਾਂਚ ਕਰਤਾ ਰੇਬੇਕਾ ਵਿਲੀਅਮ ਦਾ ਕਹਿਣਾ ਹੈ ਕਿ ਮੰਗਲ ਤੇ ਮਿਲੇ ਚਟਾਨਾਂ ਦੇ ਅੰਸ਼ ਦੀਆਂ ਆਕ੍ਰਿਤੀਆਂ ਦਸਦੀਆਂ ਹਨ ਕਿ ਇਨ੍ਹਾਂ ਨੂੰ ਇੱਥੇ ਲਿਆਂਦਾ ਗਿਆ ਹੈ ਅਤੇ ਇਨ੍ਹਾਂ ਦਾ ਆਕਾਰ ਦਸਦਾ ਹੈ ਕਿ ਇਹ ਹਵਾ ਨਾਲ ਨਹੀਂ, ਸਗੋਂ ਪਾਣੀ ਦੇ ਵਹਾਅ ਨਾਲ ਇੱਥੇ ਆਈਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮੰਗਲ ਗ੍ਰਹਿ ਤੇ ਮਿਲੀ ਬਜਰੀ ਦੇ ਆਕਾਰ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪਾਣੀ ਦਾ ਵਹਾਅ ਤਿੰਨ ਫੁੱਟ ਪ੍ਰਤੀ ਸਕਿੰਟ ਰਿਹਾ ਹੋਵੇਗਾ ਅਤੇ ਇਹ ਗੋਡੇ ਤੋਂ ਲੈ ਕੇ ਕਮਰ ਤੱਕ ਡੂੰਘਾ ਹੋਵੇਗਾ।