ਸ੍ਰੀਲੰਕਾ ਵਿਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਮੈਚ ਦੌਰਾਨ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ 9 ਵਿਕਟਾਂ ਦੇ ਵੱਡੇ ਫਰਕ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਭਾਰਤੀ ਟੀਮ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 140 ਦੌੜਾਂ ਹੀ ਬਣਾ ਸਕੀ।
ਇਸਤੋਂ ਬਾਅਦ ਬਲੇਬਾਜ਼ੀ ਕਰਨ ਲਈ ਉਤਰੀ ਆਸਟ੍ਰੇਲੀਆਈ ਟੀਮ ਦੇ ਓਪਨਰ ਖਿਡਾਰੀਆਂ ਵਾਟਸਨ ਅਤੇ ਵਾਰਨਰ ਨੇ ਛੱਕਿਆਂ ਦੀ ਬਰਸਾਤ ਕਰਦੇ ਹੋਏ ਆਪਣੀ ਟੀਮ ਨੂੰ ਜਿਤਾਉਣ ਲਈ ਅਹਿਮ ਭੂਮਿਕਾ ਨਿਭਾਈ। ਵਾਟਸਨ ਨੇ 72 ਦੌੜਾਂ ਬਣਾਈਆਂ ਜਿਨ੍ਹਾਂ ਵਿਚ 42 ਗੇਂਦਾਂ ‘ਚ ਉਸਨੇ 2 ਚੌਕੇ ਲਾਏ ਅਤੇ 7 ਛੱਕੇ ਜੜੇ। ਵਾਰਨਰ ਨੇ ਬਿਨਾ ਆਊਟ ਹੋਇਆਂ 41 ਗੇਂਦਾਂ ‘ਚ 63 ਦੌੜਾਂ ਬਣਾਈਆਂ ਇਸ ਦੌਰਾਨ ਉਸਨੇ 7 ਚੌਕੇ ਅਤੇ 3 ਛੱਕੇ ਲਾਏ। ਭਾਰਤ ਵਲੋਂ ਕੋਈ ਵੀ ਗੇਂਦਬਾਜ਼ ਆਪਣਾ ਅਸਰ ਨਹੀਂ ਵਿਖਾ ਸਕਿਆ। ਆਸਟ੍ਰੇਲੀਆ ਦੀ ਟੀਮ ਨੇ ਇਹ ਟੀਚਾ ਸਿਰਫ਼ 14.5 ਓਵਰਾਂ ਵਿਚ ਹੀ ਪੂਰਾ ਕਰ ਲਿਆ। ਸਿਰਫ਼ ਯੁਵਰਾਜ ਹੀ ਵਾਟਸਨ ਦਾ ਵਿਕਟ ਹਾਸਲ ਕਰਨ ਵਿਚ ਕਾਮਯਾਬ ਰਿਹਾ।
ਇਸਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਭਾਰਤੀ ਖਿਡਾਰੀ ਕੋਈ ਵੱਡਾ ਸਕੋਰ ਨਾ ਬਣਾ ਸਕੇ। ਉਨ੍ਹਾਂ ਦੇ ਸਾਰੇ ਹੀ ਬੱਲੇਬਾਜ਼ ਪੂਰੀ ਤਰ੍ਹਾਂ ਨਾਕਾਮ ਰਹੇ। ਆਸਟ੍ਰੇਲੀਆਈ ਟੀਮ ਵਲੋਂ ਵਾਟਸਨ ਨੇ 3, ਕਮਿਨੰਸ ਨੇ 2 ਅਤੇ ਸਟਾਰਕ ਨੇ 1 ਵਿਕਟ ਲਈ। ਭਾਰਤੀ ਟੀਮ ਵਲੋਂ ਗੰਭੀਰ 17 ਦੌੜਾਂ, ਪਠਾਨ 31 ਦੌੜਾਂ, ਕੋਹਲੀ 15 ਦੌੜਾਂ, ਯੁਵਰਾਜ 8 ਦੌੜਾਂ, ਰੋਹਿਤ ਸ਼ਰਮਾ 1 ਦੌੜ, ਰੈਨਾ 26 ਦੌੜਾਂ, ਧੋਨੀ 15 ਦੌੜਾਂ ਬਣਾਕੇ ਆਊਟ ਹੋਏ। ਅਸ਼ਵਿਨ 16 ਦੌੜਾਂ ਅਤੇ ਹਰਭਜਨ 1 ਦੌੜ ਬਣਾਕੇ ਅਖੀਰ ਤੱਕ ਆਉਟ ਨਹੀਂ ਹੋਏ।
ਰਨ ਰੇਟ ਦੇ ਆਧਾਰ ਨਾਲ ਇਸ ਵੇਲੇ ਭਾਰਤੀ ਟੀਮ ਆਪਣੇ ਗਰੁਪ ਵਿਚ ਸਭ ਤੋਂ ਹੇਠਾਂ ਹੈ।
ਇਕ ਹੋਰ ਮੈਚ ਦੌਰਾਨ ਪਾਕਿਸਤਾਨ ਨੇ ਦੱਖਣੀ ਅਫ਼ਰੀਕਾ ਨੂੰ 2 ਵਿਕਟਾਂ ਨਾਲ ਹਰਾਕੇ ਮੈਚ ਜਿੱਤ ਲਿਆ। ਇਸਤਰ੍ਹਾਂ ਆਪਣੇ ਗਰੁੱਪ ਵਿਚ ਆਸਟ੍ਰੇਲੀਆ ਪਹਿਲੇ ਨੰਬਰ, ਪਾਕਿਸਤਾਨ ਦੂਜੇ ਨੰਬਰ, ਦੱਖਣੀ ਅਫਰੀਕਾ ਤੀਜੇ ਨੰਬਰ ਅਤੇ ਭਾਰਤ ਚੌਥੇ ਨੰਬਰ ‘ਤੇ ਹੈ।