ਅੰਮ੍ਰਿਤਸਰ :- ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਭਾਈ ਗੁਰਦਾਸ ਹਾਲ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਪੇਂਟਿੰਗ ਰਾਹੀਂ ਗੁਰੂ ਸਾਹਿਬਾਨ, ਸ਼ਹੀਦਾਂ, ਸਿੱਖ ਸ਼ਖਸ਼ੀਅਤਾਂ, ਖੂਨ-ਦਾਨ, ਚੌਗਿਰਦੇ ਦੀ ਸਾਂਭ-ਸੰਭਾਲ, ਭਰੂਣ-ਹੱਤਿਆ, ਨਸ਼ਿਆਂ ਦਾ ਮਨੁੱਖੀ ਜੀਵਨ ਅਤੇ ਸਮਾਜ ਤੇ ਮਾਰੂ ਅਸਰ ਆਦਿ ਵਿਸ਼ਿਆਂ ਤੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਪੰਜਾਬ ਭਰ ਤੋਂ 52 ਸਕੂਲਾਂ ਅਤੇ 13 ਕਾਲਜਾਂ ਵਿਚੋਂ ਕੁੱਲ 545 ਬੱਚਿਆਂ ਨੇ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ਤੇ ਖੂਬਸੂਰਤ ਅਤੇ ਭਾਵ-ਪੂਰਤ ਪੇਂਟਿੰਗਜ਼ ਬਣਾਈਆਂ।
ਸ. ਬਲਵਿੰਦਰ ਸਿੰਘ ਜੌੜਾ ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ. ਹਰਬੰਸ ਸਿੰਘ ਮੱਲੀ ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਦੀ ਨਿਗਰਾਨੀ ਹੇਠ ਪ੍ਰਕਾਸ਼-ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਇਨ੍ਹਾਂ ਪੇਂਟਿੰਗ ਮੁਕਾਬਲਿਆਂ ‘ਚ ਪਹਿਲਾ, ਦੂਜਾ ਅਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ 9 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ ਚਿੰਨ੍ਹ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਟੀਫ਼ਿਕੇਟ ਵੀ ਦਿੱਤੇ ਜਾਣਗੇ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ
This entry was posted in ਪੰਜਾਬ.