ਸਿਆਟਲ- ਐਤਵਾਰ 30 ਸਤੰਬਰ 2012 ਨੂੰ ਅਮਰੀਕਾ ਦੇ ਸ਼ਹਿਰ ਕੈਂਟ ਵਿਖੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਮਾਸਿਕ ਇਕਤਰਤਾ ਹੋਈ, ਜਿਸ ਵਿਚ ਸਰੀ, ਕੈਨੇਡਾ ਵਸਦੀਆਂ ‘ਪੰਜਾਬ ਦਾ ਮਾਣ’ ਸੁਘੜ, ਸਚਿਆਰ ਧੀਆ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਹੁਰਾਂ ਨੂੰ ਸਨਮਾਨਿਤ ਕੀਤਾ ਗਿਆ। ਸਭਾ ਦੇਸ਼ ਵਿਦੇਸ਼ ਵਸਦੇ ਨਾਮੀ ਲਿਖਾਰੀਆਂ ਨੂੰ ਹਮੇਸ਼ਾਂ ਮਾਣ ਸਤਿਕਾਰ ਦਿੰਦੀ ਹੈ ਅਤੇ ਮਾਇਕ ਪੱਖੋਂ ਗਰੀਬ ਲਿਖਾਰੀਆਂ ਦੀਆਂ ਚੰਗੀਆਂ ਲਿਖਤਾਂ ਨੂੰ ਛਪਵਾਉਣ ਲਈ ਬਚਨਬੱਧ ਹੈ। ਸਭਾ ਦੀ ਮੈਂਬਰ ਲੇਖਕਾ ਸਵਰਾਜ ਕੌਰ ਹੁਰਾਂ ਕਿਹਾ ਕਿ ਇਹੋ ਜਿਹੀਆਂ ਧੀਆਂ ਕੌਮਾਂ ਦਾ ਮਾਣ ਵਧਾਉਂਦੀਆਂ ਹਨ, ਜਿਨ੍ਹਾਂ ਦੇ ਪ੍ਰੇਰਣਾ ਸਰੋਤ ਪ੍ਰੈਕਟੀਕਲ ਕੰਮ, ਉਸਾਰੂ ਲਿਖਤਾਂ ਅਤੇ ਨਿਜੀ ਜੀਵਨ ਸਮਾਜ ਨੂੰ ਸੇਧ ਬਖਸ਼ਦੇ ਹਨ।
ਸੁਖਵਿੰਦਰ ਕੌਰ ਪੰਜਾਬੀ ਸਾਹਿਤ ਨੂੰ ਛੇ ਕਿਤਾਬਾਂ ਭੇਂਟ ਕਰ ਚੁੱਕੇ ਹਨ ਅਤੇ ਜਲਦ ਹੀ ਹੋਰ ਕਿਤਾਬਾਂ ਸੱਚ, ਧਰਮ ਅਤੇ ਅਧਿਆਤਮਵਾਦ ਦੇ ਵਿਸਿ਼ਆਂ ਨੂੰ ਛੁੰਹਦੀਆਂ ਪਾਠਕਾਂ ਦੀ ਨਜ਼ਰ ਕਰਨਗੇ। ਉਹ ਗੁਰ ਆਸਰਾ ਫਾਉਂਡੇਸ਼ਨ ਕੈਨੇਡਾ ਦੇ ਡਾਇਰੈਕਟਰਾਂ ਵਿਚੋਂ ਵੀ ਹਨ, ਇਹ ਸੰਸਥਾ ਸ਼ਹੀਦ ਪ੍ਰਵਾਰਾਂ ਦੇ ਬੱਚਿਆਂ ਅਤੇ ਸਿਕਲੀਗਰ-ਵਣਜਾਰੇ ਸਿੱਖਾਂ ਦੀ ਸੇਵਾ ਸੰਭਾਲ ਕਰਦੀ ਹੈ। ਅਨਮੋਲ ਕੌਰ ਵੀ ਨਿਧੜਕ ਅਤੇ ਨਿਰਪੱਖ ਹੋ ਕੇ ਲਿਖਦੀ ਹੈ। ‘ਦੁੱਖ ਪੰਜਾਬ ਦੇ’ ਅਤੇ ‘ਕੌੜਾ ਸੱਚ’ ਵਿਚ ਜੋ ਪੰਜਾਬ ਦੀ ਤਰਾਸਦੀ ਬਿਆਨੀ ਪੜ੍ਹਕੇ ਮਨੁੱਖੀ ਅੱਖ ਮੱਲੋ ਮੱਲੀ ਹੰਝੂ ਕੇਰਦੀ ਹੈ। ਨਾਵਲ ‘ਹੱਕ ਲਈ ਲੜਿਆ ਸੱਚ’, ‘ਰਿਸ਼ਤੇ’ ਅਤੇ’ ਕੁੜੀ ਕੈਨੇਡਾ ਦੀ’ ਜੋ ਅੱਜ ਕੱਲ ਸਰੀ ਤੋਂ ਛੱਪਦੇ ਮੈਗ਼ਜ਼ੀਨ ‘ਫੁਲਵਾੜੀ’ ਵਿਚ ਕਿਸ਼ਤਾਂ ਵਿਚ ਛਪ ਰਿਹਾ ਹੈ। ਅਨਮੋਲ ਕੌਰ ਨੂੰ ਪੜ੍ਹਕੇ ਸਮਾਜਕ ਜੀਵਨ ਵਿਚ ਆਏ ਨਿਘਾਰ ਦਾ ਅਹਿਸਾਸ ਹੁੰਦਾ ਹੈ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਦੇ ਨਾਲ ਸਭਾ ਦੀਆਂ ਮੈਂਬਰ ਲੇਖਕਾਵਾਂ ਸਵਰਾਜ ਕੌਰ ਅਤੇ ਮਨਜੀਤ ਕੌਰ ਗਿੱਲ ਨੂੰ ਬਿਠਾਇਆ ਗਿਆ ਤਾਂ ਕਿ ਔਰਤਾਂ ਦਾ ਮਾਣ ਸਤਿਕਾਰ ਵਧੇ ਅਤੇ ਉਹ ਹੌਂਸਲੇ ਨਾਲ ਹਰ ਖੇਤਰ ਵਿਚ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ। ਭਾਵੇਂ ਕਿ ਇਸ ਵਕਤ ਸਭਾ ਦੇ ਸਾਬਕਾ ਪ੍ਰਧਾਨ ਸ: ਵਾਸਦੇਵ ਸਿੰਘ ਪਰਹਾਰ ਅਤੇ ਸਭਾ ਦੇ ਮੀਤ ਪ੍ਰਧਾਨ ਹਰਦਿਆਲ ਸਿੰਘ ਚੀਮਾ ਵੀ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਸ: ਦਲਜੀਤ ਸਿੰਘ ਹੁਰਾਂ ਨੇ ਹਾਰਮੋਨੀਅਮ ‘ਤੇ ਇਕ ਧਾਰਮਿਕ ਗੀਤ ਗਾ ਕੇ ਕੀਤੀ। ਫਿਰ ਲੋਕਲ ਲਿਖਾਰੀਆਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਮਾਂ ਬੰਨ੍ਹੀ ਰੱਖਿਆ। ਦੀਪਕ ਘੁੰਮਣ, ਗੁਰਬਿੰਦਰ ਬਾਜਵਾ, ਹਰਨਾਮ ਸਿੰਘ, ਮਹਿੰਦਰ ਚੀਮਾ, ਸ਼ੰਗਾਰ ਸਿੰਘ ਸਿੱਧੂ, ਈਸ਼ਰ ਸਿੰਘ ਗਰਚਾ, ਗੁਰਪ੍ਰੀਤ ਸੋਹਲ, ਤਰਨਜੀਤ ਗਿੱਲ ਜ਼ਰਗੜੀ, ਮਨਜੀਤ ਕੋਰ ਗਿੱਲ, ਬਲਿਹਾਰ ਲਹਿਲ, ਦਿਲਬਾਗ ਸਿੰਘ, ਇੰਦਰਜੀਤ ਸਿੰਘ ਬੱਲੋਵਾਲੀਆ, ਓਮ ਪ੍ਰਕਾਸ਼, ਹਰਦਿਆਲ ਸਿੰਘ ਚੀਮਾ, ਸਵਰਾਜ ਕੋਰ, ਵਾਸਦੇਵ ਸਿੰਘ ਪਰਹਾਰ, ਅਵਤਾਰ ਸਿੰਘ ਆਦਮਪੁਰੀ, ਹਰਪਾਲ ਸਿੱਧੂ ਸਾਰੇ ਹੀ ਲਿਖਾਰੀਆਂ ਨੇ ਆਪਣੋ ਆਪਣੇ ਵਿਚਾਰ ਆਪਣੀਆਂ ਰਚਨਾਵਾਂ ਅਤੇ ਲੈਕਚਰਾਂ ਰਾਹੀਂ ਖੁਲ੍ਹ ਕੇ ਪ੍ਰਗਟ ਕੀਤੇ। ਇਸ ਮੌਕੇ ਗਿਆਨੀ ਰਘਬੀਰ ਸਿੰਘ ਆਦਮਪੁਰ ਵਾਲਿਆਂ ਨੇ ਸਮੂਹ ਲਿਖਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਗੁਰਬਾਣੀ ਤੋਂ ਸੇਧ ਲੈ ਕੇ ਆਪਣੀਆਂ ਲਿਖਤਾਂ ਦਾ ਮਿਆਰ ਇੰਨਾ ਉੱਚਾ ਚੁੱਕੋ ਕਿ ਲੋਕ ਤੁਹਾਨੂੰ ਹੱਥਾਂ ‘ਤੇ ਚੁੱਕੀ ਰੱਖਣ। ਨਿਰਪੱਖ ਲਿਖਾਰੀ ਦਿਲਬਾਗ ਸਿੰਘ ਹੁਰਾਂ ਬਾਬਾ ਸਾਹਿਬ ਡਾ: ਭੀਮ ਰਾਊ ਦਾ ਜਿ਼ਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਇੰਮਪਲੀਮੈਂਟ ਕੀਤਾ ਹੈ। ਸਾਹਿਤ ਅਤੇ ਵਿਰਸੇ ਦੇ ਖੋਜੀ ਲਿਖਾਰੀ ਸ: ਵਾਸਦੇਵ ਸਿੰਘ ਪਰਹਾਰ ਹੁਰਾਂ ਗਦਰ ਲਹਿਰ ‘ਤੇ ਝਾਤ ਪਵਾਈ। ਉਨ੍ਹਾਂ ਕਿਹਾ ਕਿ ਗਦਰ ਲਹਿਰ ਦੇ 7000 ਆਜ਼ਾਦੀ ਘੁਲਾਟੀਆਂ ਵਿਚੋਂ 99.1 ਫੀਸਦੀ ਸਿੱਖ ਸਨ, ਸਿਰਫ 25-26 ਦੂਜੇ ਦੇਸ਼ ਵਾਸੀ ਇਸ ਦਾ ਹਿੱਸਾ ਹਨ।
ਅਨਮੋਲ ਕੌਰ ਨੇ ਕਹਾਣੀ ਲਿਖਣ ਦੇ ਸਬੰਧ ਵਿਚ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ ਕਿ ਇਹ ਹੈ ਤਾਂ ਪ੍ਰਮਾਤਮਾ ਦੀ ਹੀ ਦੇਣ। ਉਸ ਦੀ ਮਿਹਰ ਤੋਂ ਬਿਨਾਂ ਲਿਖਿਆ ਨਹੀਂ ਜਾ ਸਕਦਾ। ਉਨ੍ਹਾਂ ਆਪਣੀ ਲਿਖੀ ਕਹਾਣੀ ‘ਲੰਮੀ ਗੁੱਤ’ ਪੜ੍ਹਕੇ ਸੁਣਾਈ ਜਿਸ ਨੂੰ ਸਾਰੇ ਹੀ ਬੜੇ ਗਹੁ ਅਤੇ ਸੁੰਨ ਹੋ ਕੇ ਸੁਣਦੇ ਰਹੇ। ਅਖ਼ਰੀਰ ਵਿਚ ਸੁਖਵਿੰਦਰ ਕੌਰ ਹੁਰਾਂ ਨੇ ਇਕ ਕਵਿਤਾ ‘ਦਿੱਲੀ ਦਾ ਬੂਹਾ’ ਪੜ੍ਹਕੇ ਸੁਣਾਈ ਅਤੇ ਇਕ ਗ਼ਜ਼ਲ ਤਰੰਨਮ ਵਿਚ ਪੇਸ਼ ਕੀਤੀ। ਫਿਰ ਇਕ ਮਿੰਨੀ ਕਹਾਣੀ ‘ਤੇਰੀ ਮੇਰੀ ਕਹਾਣੀ’ ਆਪਣੇ ਹੀ ਅੰਦਾਜ਼ ਵਿਚ ਸੁਣਾਕੇ ਹਾਲ ਵਿਚ ਇਹ ਮਹਿਕ ਜਿਹੀ ਖਿਲਾਰ ਦਿੱਤੀ।
ਸਭਾ ਦੇ ਪ੍ਰਧਾਨ ਸ: ਹਰਭਜਨ ਸਿੰਘ ਬੈਂਸ ਘਰੇਲੂ ਮਜਬੂਰੀ ਕਾਰਨ ਹਾਜ਼ਰ ਨਾ ਹੋ ਸਕੇ, ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਰਹੀ। ਸਭਾ ਦੇ ਜਨਰਲ ਸਕੱਤਰ ਹਰਪਾਲ ਸਿੱਧੂ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਧੰਨਵਾਦ ਕੀਤਾ ਅਤੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਉਨ੍ਹਾਂ ਦਾ ਸਾਥ ਮੀਤ ਸਕੱਤਰ ਗੁਰਪ੍ਰੀਤ ਸੋਹਲ ਨੇ ਵੀ ਦਿੱਤਾ। ਪਹਿਲਾਂ ਚਾਹ ਪਾਣੀ, ਮਠਿਆਈ, ਪਕੌੜੇ ਅਤੇ ਬਾਅਦ ਵਿਚ ਸੁਆਦਲੇ ਰਾਤਰੀ ਭੋਜਨ ਦਾ ਵੀ ਆਨੰਦ ਸਾਰਿਆਂ ਨੇ ਮਾਣਿਆਂ। ਪੰਜ ਘੰਟੇ ਚੱਲੇ ਇਸ ਪ੍ਰੋਗਰਾਮ ਵਿਚੋਂ ਕੋਈ ਵੀ ਲਿਖਾਰੀ ਜਾਂ ਸਰੋਤਾ ਉੱਠ ਕੇ ਨਾ ਜਾ ਸਕਿਆ। ਸਾਰੇ ਹੀ ਕਹਿ ਰਹੇ ਸਨ ਕਿ ਬੜਾ ਸ਼ਲਾਘਾਯੋਗ ਉੱਦਮ ਹੈ।