ਰਾਜਕੋਟ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਗੁਜਰਾਤ ਵਿੱਚ ਆ ਰਹੀਆਂ ਵਿਧਾਨ ਸੱਭਾ ਚੋਣਾਂ ਲਈ ਚੋਣ ਪਰਚਾਰ ਦੀ ਸ਼ੁਰੂਆਤ ਮੋਦੀ ਦੇ ਗੜ੍ਹ ਸਮਝੇ ਜਾਣ ਵਾਲੇ ਖੇਤਰ ਤੋਂ ਨਰੇਂਦਰ ਮੋਦੀ ਅਤੇ ਬੀਜੇਪੀ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕੀਤੀ। ਉਨ੍ਹਾਂ ਨੇ ਕੈਗ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਮੋਦੀ ਸਰਕਾਰ ਤੇ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਨਾਲ ਗ੍ਰਸਤ ਹੋਣ ਦੇ ਆਰੋਪ ਲਗਾਏ। ਭਾਜਪਾ ਨੂੰ ਵੀ ਭ੍ਰਿਸ਼ਟਾਚਾਰ ਦੇ ਮੁੱਦਿਆਂ ਤੇ ਦੋਹਰੀ ਨੀਤੀ ਅਪਨਾਉਣ ਲਈ ਨਿਸ਼ਾਨਾ ਬਣਾਇਆ।
ਸੋਨੀਆਂ ਗਾਂਧੀ ਨੇ ਕਿਹਾ ਕਿ ਜਦੋਂ ਵੀ ਉਸ ਨੇ ਰਾਸ਼ਟਰੀ ਹਿੱਤ ਲਈ ਯੋਗ ਕਦਮ ਉਠਾਏ ਹਨ ਤਾਂ ਉਸ ਤੇ ਨਿਜੀ ਹਮਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਨਾਂ ਤਾਂ ਪਹਿਲਾਂ ਅਤੇ ਨਾਂ ਹੀ ਹੁਣ ਉਨ੍ਹਾਂ ਨੇ ਅਜਿਹੇ ਹਮਲਿਆਂ ਦੀ ਪਰਵਾਹ ਕੀਤੀ ਹੈ। ਇਹ ਸ਼ਬਦ ਉਨ੍ਹਾਂ ਨੇ ਮੋਦੀ ਵੱਲੋਂ ਵਿਦੇਸ਼ ਯਾਤਰਾ ਦੇ ਖਰਚਿਆਂ ਸਬੰਧੀ ਕੀਤੇ ਗਏ ਝੂਠੇ ਦਾਅਵਿਆਂ ਦੇ ਜਵਾਬ ਵਿੱਚ ਕਹੇ। ਰਾਜਕੋਟ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੋਨੀਆਂ ਨੇ ਕਿਹਾ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਲੋਕਾਂ ਤੇ ਕਾਰਵਾਈ ਕੀਤੀ ਹੈ ਪਰ ਭਾਜਪਾ ਨੇ ਅਜਿਹਾ ਕੁਝ ਨਹੀਂ ਕੀਤਾ।ਗੁਜਰਾਤ ਵਿੱਚ ਤਾਂ ਲੋਕਪਾਲ ਦੀ ਨਿਯੁਕਤੀ ਤੱਕ ਨਹੀਂ ਕੀਤੀ ਗਈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੀਜੇਪੀ ਸਰਕਾਰ ਸਦਾ ਇਹੋ ਆਰੋਪ ਲਗਾਉਂਦੀ ਹੈ ਕਿ ਰਾਜ ਨੂੰ ਕੇਂਦਰ ਸਰਕਾਰ ਉਚਿਤ ਸਹਾਇਤਾ ਨਹੀਂ ਦਿੰਦੀ ਜਦ ਕਿ ਯੂਪੀਏ ਸਰਕਾਰ ਨੇ ਰਾਜਗ ਨਾਲੋਂ 50% ਵੱਧ ਧੰਨ ਰਾਸ਼ੀ ਦਿੱਤੀ ਹੈ। ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਇਹ ਵੀ ਕਿਹਾ ਕਿ ਕੁਝ ਲੋਕਾਂ ਨੂੰ ਵਿਕਾਸ ਦਾ ਸਾਰਾ ਸਿਹਰਾ ਆਪਣੇ ਉਪਰ ਲੈਣ ਦੀ ਆਦਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਆਪਣੀ ਕਠਿਨ ਮਿਹਨਤ ਸਦਕਾ ਸਫ਼ਲਤਾ ਪ੍ਰਾਪਤ ਕੀਤੀ ਹੈ।
ਗੁਜਰਾਤ ਵਿੱਚ ਔਰਤਾਂ ਅਤੇ ਦਲਿਤਾਂ ਤੇ ਹੋ ਰਹੇ ਅਤਿਆਚਾਰਾਂ ਦੇ ਵੀ ਸਰਕਾਰ ਤੇ ਆਰੋਪ ਲਗਾਏ। ਐਫ਼ਡੀਆਈ ਦੇ ਫੈਸਲੇ ਨੂੰ ਜਾਇਜ਼ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਉਹ ਆਪਣੀ ਫਸਲ ਨੂੰ ਸਿੱਧੇ ਬਾਜ਼ਾਰ ਵਿੱਚ ਵੇਚ ਸਕਣਗੇ। ਇਸ ਯੋਜਨਾ ਨੂੰ ਲਾਗੂ ਕਰਨਾ ਰਾਜ ਸਰਕਾਰ ਤੇ ਨਿਰਭਰ ਕਰਦਾ ਹੈ। ਜੋ ਰਾਜ ਇਸ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਇਸ ਨੂੰ ਲਾਗੂ ਕਰ ਸਕਦੇ ਹਨ।