ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਅੱਜ ਟੀਵੀ ਤੇ ਮੌਜੂਦਾ ਰਾਸ਼ਟਰਪਤੀ ਓਬਾਮਾ ਅਤੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਦਰਮਿਆਨ ਆਹਮਣੇ ਸਾਹਮਣੇ ਹੋਈ ਬਹਿਸ ਦੌਰਾਨ ਰੋਮਨੀ, ਓਬਾਮਾ ਤੇ ਭਾਰੂ ਰਿਹਾ। ਰੋਮਨੀ ਨੇ ਹੈਲਥ ਕੇਅਰ, ਬੇਰੁਜ਼ਗਾਰੀ, ਸਿੱਖਿਆ, ਇਕਾਨਮੀ, ਟੈਕਸ ਅਤੇ ਸਾਰੇ ਮੁੱਦਿਆਂ ਤੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੀ ਯੋਗਤਾ ਵਿਖਾਉਂਦੇ ਹੋਏ ਓਬਾਮਾ ਨੂੰ ਘੇਰੀ ਰੱਖਿਆ।
ਅਮਰੀਕਾ ਦੀ ਪਰੰਪਰਾ ਅਨੁਸਾਰ ਪਹਿਲੀ ਡੀਬੇਟ ਵਿੱਚ ਡੈਮੋਕਰੇਟ ਅਤੇ ਰੀਪਬਲੀਕਨ ਦੋਵਾਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਇੱਕ ਦੂਸਰੇ ਤੇ ਟੈਕਸ, ਆਰਥਿਕ ਮੰਦੀ,ਸਿਹਤ ਸੇਵਾਵਾਂ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਇੱਕ ਦੂਸਰੇ ਤੇ ਆਰੋਪ ਲਗਾਏ। ਅੱਜ ਦੀ ਬਹਿਸ ਵਿੱਚ ਮੁੱਖ ਰੂਪ ਵਿੱਚ ਦੇਸ਼ ਦੇ ਅੰਦਰੂਨੀ ਮਸਲੇ ਹੀ ਮੁੱਖ ਮੁੱਦਾ ਸਨ। ਅਗਲੀ ਬਹਿਸ ਵਿੱਚ ਵਿਦੇਸ਼ੀ ਨੀਤੀਆਂ ਤੇ ਚਰਚਾ ਹੋਵੇਗੀ।
ਓਬਾਮਾ ਨੇ ਕਿਹਾ ਕਿ ਮਿਟ ਰੋਮਨੀ ਅਮੀਰਾਂ ਨੂੰ ਟੈਕਸ ਵਿੱਚ ਛੋਟ ਦੇਣਗੇ ਅਤੇ ਗਰੀਬਾਂ ਤੇ ਵੱਧ ਟੈਕਸ ਲਗਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੋਮਨੀ ਉਹੋ ਆਰਥਿਕ ਨੀਤੀ ਅਪਨਾਉਣਗੇ ਜਿਸ ਦੀ ਵਜ੍ਹਾ ਕਰਕੇ 2008 ਵਿੱਚ ਆਰਥਿਕ ਮੰਦੀ ਦਾ ਦੌਰ ਸ਼ੁਰੂ ਹੋਇਆ ਸੀ।
ਗਵਰਨਰ ਰੋਮਨੀ ਨੇ ਰਾਸ਼ਟਰਪਤੀ ਓਬਾਮਾ ਦੇ ਇਸ ਆਰੋਪ ਦਾ ਪਲਟ ਕੇ ਜਵਾਬ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਜੋ ਕਹਿ ਰਹੇ ਹਨ, ਉਹ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੱਭ ਤੇ ਟੈਕਸ ਦੀ ਦਰ ਘੱਟ ਕਰਾਂਗਾ ਤਾਂ ਕਿ ਛੋਟੇ ਬਿਜ਼ਨਸਮੈਨਾਂ ਨੂੰ ਮੁਨਾਫ਼ਾ ਹੋਵੇ ਅਤੇ ਰੁਜ਼ਗਾਰ ਵਿੱਚ ਵਾਧਾ ਹੋਵੇ। ਰੋਮਨੀ ਨੇ ਕਿਹਾ ਕਿ ਬਰਾਕ ਓਬਾਮਾ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਅਮਰੀਕੀ ਬਜਟ ਦੇ ਘਾਟੇ ਨੂੰ ਘੱਟ ਕਰਨ ਲਈ ਕੁਝ ਵੀ ਨਹੀਂ ਕੀਤਾ। ਓਬਾਮਾ ਪ੍ਰਸ਼ਾਸਨ ਨੇ ਆਪਣੇ ਖਰਚਿਆਂ ਵਿੱਚ ਵੀ ਕੋਈ ਕਟੌਤੀ ਨਹੀਂ ਕੀਤੀ। ਰੋਮਨੀ ਨੇ ਇਹ ਵੀ ਕਿਹਾ ਕਿ ਜੇ ਉਹ ਸੱਤਾ ਵਿੱਚ ਆ ਜਾਂਦੇ ਹਨ ਤਾਂ ਉਹ ਓਬਾਮਾ ਹੈਲਥ ਕੇਅਰ ਨੂੰ ਰੱਦ ਕਰ ਦੇਣਗੇ।
ਮਿਟ ਰੋਮਨੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੇ ਚਿਹਰੇ ਤੇ ਹਰ ਸਵਾਲ ਦਾ ਜਵਾਬ ਦਿੰਦੇ ਹੋਏ ਆਤਮ ਵਿਸ਼ਵਾਸ਼ ਦੀ ਝਲਕ ਵਿਖਾਈ ਦਿੰਦੀ ਸੀ। ਇਸ ਦੇ ਉਲਟ ਰਾਸ਼ਟਰਪਤੀ ਓਬਾਮਾ ਸਵਾਲਾਂ ਦੇ ਜਵਾਬ ਦਿੰਦੇ ਸਮੇਂ ਨਰਵਸ ਹੋ ਰਹੇ ਸਨ ਅਤੇ ਰੁਕ-ਰੁਕ ਕੇ ਬੋਲ ਰਹੇ ਸਨ।ਬਹਿਸ ਖਤਮ ਹੁੰਦਿਆਂ ਹੀ ਅਮਰੀਕੀ ਲੋਕਾਂ ਦਾ ਝੁਕਾਅ ਮਿਟ ਰੋਮਨੀ ਵੱਲ ਵੱਧਣ ਲਗ ਗਿਆ ਹੈ। ਚੋਣਾਂ ਤੋਂ ਪਹਿਲਾਂ ਅਜੇ ਦੋ ਵਾਰ ਹੋਰ ਡੀਬੇਟ ਹੋਣੀ ਹੈ। ਹੁਣ ਦੂਸਰੀ ਬਹਿਸ 11 ਅਕਤੂਬਰ ਨੂੰ ਹੋਣੀ ਹੈ।