ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਸੁਪਰੀਮ ਕੋਰਟ ਵੱਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸੱਤਾ ਖੁਸ ਜਾਣ ਦੇ ਕੁਝ ਮਹੀਨਿਆਂ ਬਾਅਦ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸਾਡੇ ਦੇਸ਼ ਵਿੱਚ ਬੰਗਲਾ-ਦੇਸ਼ ਮਾਡਲ ਦੀ ਅਣਐਲਾਨੀ ਸਰਕਾਰ ਚੱਲ ਰਹੀ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਸਰਕਾਰ ਦੇ ਮਾਮਲਿਆਂ ਵਿੱਚ ਵੱਧ ਰਹੀ ਦਖ਼ਲ ਅੰਦਾਜ਼ੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਨਿਰਣੇ ਕਿਤੇ ਹੋਰ ਲਏ ਜਾਂਦੇ ਹਨ। ਇਸ ਲਈ ਅਜਿਹੇ ਹਾਲਾਤ ਵਿੱਚ ਸੰਸਦ ਬੇਕਾਰ ਸਾਬਿਤ ਹੋ ਰਹੀ ਹੈ। ਵਿਰੋਧੀ ਧਿਰਾਂ ਤਾਂ ਅਜਿਹੀ ਹੀ ਸਰਕਾਰ ਚਾਹੁੰਦੀਆਂ ਹਨ।
ਗਿਲਾਨੀ ਨੇ ਲਾਹੌਰ ਹਵਾਈਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਮੈਨੂੰ ਸੰਵਿਧਾਨ ਨੂੰ ਕਾਇਮ ਰੱਖਣ ਖਾਤਿਰ ਕੋਰਟ ਵੱਲੋਂ ਆਯੋਗ ਕਰਾਰ ਦਿੱਤਾ ਗਿਆ ਤਾਂ ਸੰਸਦ ਨੇ ਮੇਰਾ ਕੋਈ ਸਾਥ ਨਹੀਂ ਦਿੱਤਾ। ਜਦੋਂ ਕਿ ਉਹੋ ਹੀ ਸੰਸਦ ਦੋਹਰੀ ਨਾਗਰਿਕਤਾ ਦੇ ਮਾਮਲੇ ਵਿੱਚ ਦੂਸਰੇ ਸੰਸਦ ਮੈਂਬਰਾਂ ਨੂੰ ਆਯੋਗ ਕਰਾਰ ਦਿੱਤੇ ਜਾਣ ਤੇ ਅੱਥਰੂ ਵਹਾ ਰਹੀ ਹੈ, ਜਿਸ ਦਾ ਹੁਣ ਕੋਈ ਲਾਭ ਨਹੀਂ ਹੈ।