ਅੰਮ੍ਰਿਤਸਰ: ਚੌਥੇ ਪਾਤਸ਼ਾਹ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ 8 ਅਕਤੂਬਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਲੱਖਣ ਨਗਰ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਆਰੰਭ ਹੋਵੇਗਾ, ਜਿਸ ‘ਚ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਟਾਫ, ਬੈਂਡ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਧਾਰਮਿਕ ਸਭਾ-ਸੁਸਾਇਟੀਆਂ ਸ਼ਬਦੀ ਜਥੇ, ਟਕਸਾਲਾਂ, ਗੱਤਕਾ ਪਾਰਟੀਆਂ ਤੇ ਗੁਰੂ-ਜਸ ਗਾਇਨ ਕਰਦੀਆਂ ਪੈਦਲ ਸੰਗਤਾਂ ਸ਼ਮੂਲੀਅਤ ਕਰਨਗੀਆਂ। ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਤੇ ਹਵਾਈ ਜ਼ਹਾਜ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।
ਇਹ ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਨਿਵਾਸ ਤੋਂ ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਸੱਟੀ ਬਜ਼ਾਰ, ਕਟੜਾ ਆਹਲੂਵਾਲੀਆ, ਚੌਂਕ ਘੰਟਾ ਘਰ, ਬਜ਼ਾਰ ਮਾਈ ਸੇਵਾ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ, ਬਜ਼ਾਰ ਬਾਂਸਾਂ, ਚੌਂਕ ਛੱਤੀ ਖੂਹੀ, ਚਾਵਲ ਮੰਡੀ, ਦਾਲ ਮੰਡੀ, ਚੌਂਕ ਢਾਬ ਵਸਤੀ ਰਾਮ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੌੜੀ, ਚੌਂਕ ਬਾਬਾ ਸਾਹਿਬ, ਚੌਂਕ ਪ੍ਰਾਗਦਾਸ ਤੇ ਸ੍ਰੀ ਗੁਰੁ ਰਾਮਦਾਸ ਨਿਵਾਸ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਵੇਗਾ। ਰਾਤ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ‘ਚ 7 ਵਜੇ ਤੋਂ ਅੰਮ੍ਰਿਤ ਵੇਲੇ 2 ਵਜੇ ਤੱਕ ਰਾਗ ਦਰਬਾਰ ਕੀਰਤਨ ਸਮਾਗਮ ਹੋਵੇਗਾ ਜਿਸ ‘ਚ ਨਾਮਵਰ ਰਾਗੀ ਭਾਈ ਰਵਿੰਦਰ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ, ਭਾਈ ਜਸਪਿੰਦਰ ਸਿੰਘ ਜੀ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਜਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਡਾਕਟਰ ਗੁਰਨਾਮ ਸਿੰਘ ਜੀ ਪਟਿਆਲਾ, ਡਾਕਟਰ ਗੁਰਿੰਦਰ ਸਿੰਘ ਜੀ ਬਟਾਲਾ, ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਜੀ, ਭਾਈ ਹਰਜੋਤ ਸਿੰਘ ਜੀ ਜਖ਼ਮੀ ਜਲੰਧਰ, ਭਾਈ ਗੁਲਬਾਗ ਸਿੰਘ, ਭਾਈ ਦਵਿੰਦਰ ਸਿੰਘ ਜਲੰਧਰ, ਭਾਈ ਗੁਰਮੀਤ ਸਿੰਘ ਸ਼ਾਤ ਜਲੰਧਰ, ਭਾਈ ਅਵਤਾਰ ਸਿੰਘ ਜੀ ਬੋਦਲਾਂ ਵਾਲੇ ਅਤੇ ਬੀਬੀ ਆਸ਼ੂਪ੍ਰੀਤ ਕੌਰ ਜੀ ਜਲੰਧਰ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨਗੇ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪੁਰਬ ਨੂੰ ਸਮਰਪਿਤ 9 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸਵੇਰੇ 9.00 ਤੋਂ 12.00 ਵਜੇ ਤੱਕ ਸੁੰਦਰ ਜਲੌਅ ਸਜਾਏ ਜਾਣਗੇ। ਇਸੇ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਰਾ ਦਿਨ ਧਾਰਮਿਕ ਦੀਵਾਨ ਸਜਣਗੇ ਜਿਸ ਵਿੱਚ ਨਾਮਵਰ ਰਾਗੀ, ਢਾਡੀ ਜਥੇ, ਤੇ ਪ੍ਰਸਿਧ ਵਿਦਵਾਨ ਇਲਾਹੀ ਬਾਣੀ ਦੇ ਕੀਰਤਨ, ਗੁਰਮਤਿ ਵਿਚਾਰਾਂ ਤੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ-ਜਸ ਸਰਵਣ ਕਰਾਉਣਗੇ। ਰਾਤ 8 ਵਜੇ ਤੋਂ ਦੇਰ ਰਾਤ ਤੱਕ ਵਿਸ਼ੇਸ਼ ਕਵੀ ਸਮਾਗਮ ਹੋਵੇਗਾ ਜਿਸ ‘ਚ ਨਾਮਵਰ ਪੰਥਕ ਕਵੀ ਸ਼ਮੂਲੀਅਤ ਕਰਨਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ ਵਿਖੇ ਦੀਪਮਾਲਾ ਹੋਵੇਗੀ ਅਤੇ ਸ਼ਾਮ ਨੂੰ ਰਹਿਰਾਸ ਦੇ ਪਾਠ ਉਪਰੰਤ ਮਨਮੋਹਕ ਆਤਿਸ਼ਬਾਜੀ ਚਲਾਈ ਜਾਵੇਗੀ।
ਇਸੇ ਦਿਨ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ-ਸੰਚਾਰ ਹੋਵੇਗਾ, ਅੰਮ੍ਰਿਤ-ਅਭਿਲਾਖੀ ਤਿਆਰ ਬਰ ਤਿਆਰ ਹੋ ਕੇ ਸਮੇਂ ਸਿਰ ਪੁੱਜਣ ਦੀ ਖੇਚਲ ਕਰਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾਘਰ ਵਿਖੇ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਸਿੱਖ ਧਰਮ, ਗੁਰਮਤਿ ਤੇ ਇਤਿਹਾਸ ਨਾਲ ਸਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਲੱਗੇਗੀ, ਜੋ 9 ਅਕਤੂਬਰ ਤੀਕ ਜ਼ਾਰੀ ਰਹੇਗੀ।