ਗੁਰੂ ਰਾਮ ਦਾਸ ਜੀ ਗੁਰੂ ਨਾਨਕ ਦੀ ਚੌਥੀ ਜੋਤਿ ਹਨ। ਜਗਤ ਉਧਾਰਨ ਲਈ ਪਾਰਬ੍ਰਹਮ ਦਾ ਪੰਥ ਕਰਨ ਦਾ ਜੋ ਇਲਾਹੀ ਹੁਕਮ “ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਅੰਗ 1408)ਨੂੰ ਪ੍ਰਾਪਤ ਹੋਇਆ ,ਉਸ ਪੰਥ ਦੀ ਅਬਚਲੀ ਨੀਵਂ ਗੁਰੂ ਬਾਬੇ ਨੇ ਰੱਖ ਸਿਖ ਧਰਮ ਪੰਥ ਦੀ ਸਥਾਪਨਾ ਕੀਤੀ।ਇਸ ਧਰਮ ਦੇ ਸਿਧਾਂਤਾਂ ਦੀ ਪਵਿਤਰਤਾ ਅਤੇ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਅਹਿਮ ਕਾਰਜ ਨੂੰ ਗੁਰੂ ਰਾਮ ਦਾਸ ਜੀ ਨੇ ਗੁਰਸਿੱਖੀ ਦੇ ਨਿਯਮ ਤੇ ਮਰਿਆਦਾ ਨਿਰਮਤ ਕਰ ਸਿੱਖ ਸੰਗਤੀ ਜੱਥੇਬੰਦੀ ਦੇ ਆਲੇ ਦੁਆਲੇ ਵਾੜ ਕਰ ਨਿਖੇੜਾ ਕਰ ਦਿਤਾ।
ਅਜੋਕੇ ਸਮੇ ਵਿਚ ਵੀ ਸਿੱਖ ਧਰਮ ਨੂੰ ਸਨਾਤਮ ਧਰਮ ਦੀ ਇਕ ਸ਼ਾਖਾ ਜਾ ਮੱਧਕਾਲ ਦੀ ਇਕ ਸੁਧਾਰਕ ਭਗਤੀ ਲਹਿਰ ਦੱਸਣ ਲਈ ਦੇਸ਼ ਦੀ ਫਿਰਕੂ ਬਹੁਗਿਣਤੀ ਵਲੋਂ ਲਗਾਤਾਰ ਕੁਚੇਸ਼ਟਾ ਜਾਰੀ ਹੈ, ਪਰ ਗੁਰੂ ਰਾਮ ਦਾਸ ਜੀ ਨੇ ਐਸੀ ਮਰਿਆਦਾ ਨਿਰਮਤ ਕਰ ਦਿੱਤੀ ਕਿ ਸਿੱਖੀ ਦੇ ਅਨੂਪਮ ਸਿਧਾਂਤਾਂ ਅਤੇ ਜੱਥੇਬੰਧੀ ਵਿਚ ਦਖਲ ਦੇਣ ਦੀ ਕੋਈ ਸਾਜਿਸ਼ ਸਫਲ ਨਹੀ ਹੋਈ ।
ਸਰਬ ਪ੍ਰਥਮ ਗੁਰੂ ਜੋਤ ਦੀ ਏਕਤਾ ਦ੍ਰਿੜ ਕਰਵਾਈ। ਭਾਵੇਂ ਗੁਰੂ ਸਰੂਪ ਬਦਲਦਾ ਰਿਹਾ ਪਰ ਜੋਤਿ ਤੇ ਜੁਗਤ ਇਕ ਰਹੀ।ਜੋ ਜੋਤਿ ਨਿਰੰਜਨੀ ਗੁਰੂ ਨਾਨਕ ਤੋਂ ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਵਿੱਚ ਪ੍ਰਵੇਸ਼ ਕੀਤੀ ਉਹੀ ਜੋਤਿ ਪਲਟ ਕੇ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪ੍ਰਗਟ ਹੁਈ , ਗੁਰੂ ਰਾਮਦਾਸ ਜੀ ਵਿਚ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਆਤਮਕ ਤੌਰ ਤੇ ਸਮੋਏ ਹੋਏ ਹਨ।
ਨਾਨਕ ਤੂ ਲਹਣਾ ਤੂਹੈ ਗੁਰੁ ਅਮਰ ਤੂ ਵੀਚਾਰਿਆ ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ 7॥ 1
ਗੁਰ ਚੇਲਾ ,ਚੇਲਾ ਗੁਰੂ ਦਾ ਅਲੌਕਿਕ ਸਿਧਾਂਤ ਤਾਂ ਗੁਰੁ ਨਾਨਕ ਨੇ ਸਥਾਪਤ ਕਰ ਦਿੱਤਾ ਸੀ ਪਰ ਇਸ ਮਾਰਗ ਦੀ ਪ੍ਰੀਤ-ਰੀਤ ਐਸੀ ਬਣੀ ਕਿ ਕੋਈ ਸਤਿਗੁਰੂ ਦੇ ਹੁਕਮ ਤੇ ‘ਜੀਵਤ ਮਰੈ ਮਰੈ ਫੁਨਿ ਜੀਵੈ’ ਦਾ ਸਬਕ ਦ੍ਰਿੜਾ ਕੇ ‘ਮਨਿ ਕੀ ਮਤਿ ਤਿਆਗਿ’, ‘ਗੁਰ ਸੇਵਾ ਤੇ ਭਗਤਿ ਕਮਾਈ ਕਰ , ‘ਪਹਿਲਾ ਮਰਣੁ ਕਬੂਲਿ’ ਤੇ ‘ਹੁਕਮਿ ਮੰਨਿਐ ਹੋਵੈ ਪਰਵਾਣੁ’ ਦੀ ਪ੍ਰੇਮਾ ਭਗਤੀ ਵਿਚ ਸਫਲ ਹੋਣ ਵਾਲਾ ਹੀ ਚੇਲੇ ਤੋਂ ਗੁਰੂ ਰੂਪ ਵਿਚ ਪਰਣਿਤ ਹੁੰਦਾ ਰਿਹਾ।ਗੁਰੂ ਪੁੱਤਰ ਅਧਿਕਾਰੀ ਨਹੀਂ ਬਲਕਿ ਗੁਰਿਆਈ ਸਿੱਖ ਸੇਵਕ ਨੂੰ ਹੀ ਆਰੰਭ ਤੋਂ ਹੀ ਪ੍ਰਾਪਤ ਹੁੰਦੀ ਰਹੀ ।
ਚੌਥੇ ਪਾਤਸ਼ਾਹਿ ਦਾ ਜਨਮ ਅਨੁਸਾਰ ਨਾਮ ‘ਜੇਠਾ’ ਸੀ। ਬਚਪਨ ਵਿੱਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਤੇ ਬੇ-ਸਰੋ ਸਮਾਨ ਦੀ ਹਾਲਤ ਵਿੱਚ ਅਨਾਥ ਬਾਲਕ ਦੇ ਤੌਰ ਤੇ ਪ੍ਰਵਰਿਸ਼ ਨਾਨਕੇ ਘਰ ਹੋਈ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿਚ ਆਏ ਤਾ ਉਨ੍ਹਾ ਨੂੰ ਗੁਰੁ ਭਗਤੀ ਤੇ ਸਾਧਸੰਗਤ ਦੀ ਸੇਵਾ ਵਿਚ ਇਕ ਰਸ ਮਗਨ ਵੇਖਿਆ ਤਾ ਆਪਣੀ ਛੋਟੀ ਸਪੁੱਤਰੀ ਬੀਬੀ ਭਾਨੀ ਲਈ ਯੋਗ ਵਰ ਜਾਣ ਵਿਆਹ ਕਾਰਜ ਸਂਪਨ ਕੀਤਾ ।ਵਿਆਹ ਸਮੇਂ ਜਦ ਪਰਚਲਿੱਤ ਰਸਮ ਅਨੂਸਾਰ ਬੇਟੀ ਦੇ ਪਿਤਾ ਵਜੋ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਕੋਈ ਮੰਗ ਪੁਛੀ ਤਾਂ ਜੋ ਉੱਤਰ ਆਪ ਜੀ ਨੇ ਗੁਰੂ ਪਿਤਾ ਨੂੰ ਦਿੱਤਾ ,ਉਸ ਅਵਸਥਾ ਦੀ ਭਾਵਨਾ ਨੂੰ ਘਾਲ ਕਮਾਈ ਉਪ੍ਰੰਤ ਗੁਰਤਾ ਪ੍ਰਾਪਤ ਕਰਨ ਤੇ ਉਚਾਰੀ ਬਾਣੀ ਰਾਹੀਂ ਇਉਂ ਪ੍ਰਗਟ ਕੀਤਾ :
ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮ ਪਰਗਾਸਿ॥
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥
‘ਸਾਕ ਨ ਕੋਈ ਰਾਮ ਦਾਸ ਜੇਹਾ’ ਗੁਰ ਕਲਗੀਧਰ ਪਾਤਿਸ਼ਾਹ ਦੇ ਬਚਨ ਹਨ। ਲੋਕ ਲਾਜ ਦਾ ਤਿਆਗ ਕਰ ਕੇ, ਰਿਸ਼ਤੇ ਦਾ ਮਾਣ ਤਜ ਕੇ ਇਕ ਨਿਰਮਾਣ ਸਿੱਖ ਦੇ ਤੌਰ ਤੇ ਜੋ ਭਗਤ ਸੇਵ ਕਮਾਈ ਭਾਈ ਜੇਠਾ ਜੀ ਕਰ ਰਹੇ ਸਨ, ਗੁਰੂ ਅਮਰਦਾਸ ਜੀ ਉਨ੍ਹਾਂ ਵਿੱਚ ਸੱਚਾ ਤੇ ਸਫ਼ਲ ਸੇਵਕ ਦੇਖ ਰਹੇ ਸੀ।
ਇਸ ਤੇ ਗੁਰੂ ਅਮਰਦਾਸ ਜੀ ਨੇ ਫੁਰਮਾਇਆ:-
“ਇਸ ਕੀ ਸੇਵਾ ਮੋ ਮਨ ਭਾਵਹਿ। ਆਪਾ ਕਰਹੁ ਨ ਕਰਹਿ ਜਨਾਵਹਿ”।
ਸੇਵਾ ਗੁਰੂ ਘਰ ਵਿੱਚ ਉਹ ਹੀ ਪ੍ਰਵਾਨ ਹੈ ਜਿਸ ਵਿੱਚ ‘ਹਊਮੈ’ ‘ਮੈਂ’ ਦੀ ਭਾਵਨਾ ਨਾ ਹੋਵੇ ਅਤੇ ਆਪਾ ਨਾ ਜਨਾਵਹਿ। ਜੇ ਅੱਜ ਗੁਰਦੁਆਰੇ ਦੇ ਪ੍ਰਬੰਧਕਾਂ, ਰਾਗੀਆਂ, ਪ੍ਰਚਾਰਕਾਂ ਅਤੇ ਕੌਮ ਦੇ ਆਗੂਆਂ ਨੂੰ ਗੁਰੂ ਘਰ ਦਾ ਹਊਮੈ ਰਹਿਤ ਸੇਵਾ ਦਾ ਸੰਕਲਪ ਸਮਝ ਆ ਜਾਵੇ ਤਾਂ ਕੌਮ ਦੀਆਂ ਬਹੁਤ ਸਾਰੀਆਂ ਉਲਝਣਾਂ ਆਪੇ ਹੀ ਸੁਲਝ ਜਾਣ।
ਗੁਰਮਤਿ ਸਿਧਾਂਤਾ ਦੀ ਪਰਪਕਤਾ ਅਤੇ ਨਿਰਭੈਤਾ ਨਾਲ ਇਸ ਨੂੰ ਪ੍ਰਗਟ ਕਰਨ ਦੀ ਯੋਗਤਾ ਉਦੋ ਹੋਰ ਵਧੇਰੇ ਪ੍ਰਗਟ ਹੋਈ, ਜਦ ਸਨਾਤਨ ਪੰਥੀਆ ਤੇ ਜਾਤ ਅਭਿਮਾਨੀ ਬ੍ਰਾਹਮਣਾ ਨੇ ਬਾਦਸ਼ਾਹ ਅਕਬਰ ਪਾਸ ਸਿੱਖ ਧਰਮ ਸਿਧਾਂਤਾ ਵਿਰੁਧ ਇਕ ਮਜਹਰਨਾਮਾ (ਮੇਜਰਨਾਮਾ) ਪੇਸ਼ ਕਿਤਾ। ਦੋਸ਼ ਲਗਾਇਆ ਗਿਆ ਕਿ ਪੁਰਾਣੇ ਸਨਾਤਨ ਧਰਮ ਦੀ ਮਰਿਯਾਦਾ ਭੰਗ ਕੀਤੀ ਹੇ। ਵਰਣ ਆਸ਼ਰਮ, ਉਚ-ਨੀਚ ,ਅਵਤਾਰਾਂ , ਦੇਵੀ ਦੇਵਤਿਆ ਤੇ ਮੂਰਤੀ ਪੂਜਾ ਦਾ ਖੰਡਨ ਕਰਦੇ ਹਨ। ਪਿਤਰ ਪੂਜਾ ਤੇ ਗਾਇਤ੍ਰੀ ਸੰਧਿਆ ਵੇਦ ਪਾਠ ਨਹੀ ਕਰਦੇ ਗੁਰਬਾਣੀ ਉਚਾਰਦੇ ਹਨ ਇਸ ਸ਼ਿਕਾਇਤ ਦਾ ਨਿਵਾਰਨ ਕਰਨ ਲਈ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੁੰ ਅਕਬਰ ਦੇ ਦਰਬਾਰ ਵਿਚ ਭੇਜਿਆ।ਇਲਜਾਮ ਮੁੜ ਦੋਹਰਾਏ ਤੇ ਕਿਹਾ ਇਹ ਮੰਤ੍ਰ ਗਾਇਤ੍ਰੀ ਪੜ੍ਹ ਕੇ ਸੁਨਾਉਣ। ਭਾਈ ਜੇਠਾ ਜੀ ਨੇ ਉਤਰ ਦਿਤਾ ਕੇ ਇਹ ਮੰਤ੍ਰ ਮੈਂ ਸੁਨਾ ਸਕਦਾ ਹਾਂ ਪਰ ਕਿਸੇ ਮਲੇਛ ਦੇ ਸਾਮਣੇ ਸੁਣਾਏ ਜਾਣ ਦੀ ਇਨਾ ਦੀ ਮਰਿਆਦਾ ਆਗਿਆ ਨਹੀ ਦਿੰਦੀ। ਹਰ ਮੁਸਲਮਾਨ ਨੂੰ ਇਹ ਮਲੇਛ ਕਹਿਦੇ ਹਨ।ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਕਿਵੇਂ ਪੜ੍ਹੇ ਜਾ ਸਕਦੇ ਹਨ ।ਇਉ ਬ੍ਰਾਹਮਣਾ ਨੂੰ ਨਿਰਉੱਤਰ ਤੇ ਸ਼ਰਮਿਦਾ ਕਰ ਦਿਤਾ। ਉਪ੍ਰੰਤ ਬਾਦਸ਼ਾਹ ਗੋਇੰਦਵਾਲ ਸਾਹਿਬ ਗੁਰੂ ਦਰਬਾਰ ਵਿਚ ਹਾਜਰ ਹੋਇਆ ਮ੍ਰਯਾਦਾ ਅਨੁਸਾਰ ਪੰਗਤ ਵਿਚ ਬੈਠ ਲੰਗਰ ਛੱਕ ਕੇ ਇਤਨਾ ਪ੍ਰਭਾਵਤ ਹੋਇਆ ਕਿ ਲੰਗਰ ਲਈ 22 ਪਿੰਡਾ ਦੀ ਜਗੀਰ ਲਾਉਣੀ ਚਾਹੀ ਪਰ ਗੁਰੂ ਮਹਾਰਾਜ ਨੇ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਫਿਰ ਇਹ ਬਾਦਸ਼ਾਹ ਦਾ ਲੰਗਰ ਹੋਏਗਾ ਇਹ ਤਾ ਦਾਤੇ ਦਾ ਅਤੁੱਟ ਲੰਗਰ ਹੇ। ਹਰ ਸਿੱਖ ਸੇਵਕ ਇਸ ਵਿਚ ਵਿੱਤ ਅਨੁਸਾਰ ਹਿੱਸਾ ਪਾ ਸਕਦਾ ਹੈ।
‘ਹਰਿ ਇਕੋ ਦਾਤਾ ਸੇਵੀਐ ਹਰਿ ਇਕ ਧਿਆਈਐ॥
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਇਐ॥
ਜੇ ਦੂਜੇ ਪਾਸਹ ਮੰਗੀਐ ਤਾ ਲਾਜ ਮਰਾਈਐ ॥
ਇਉਂ ਪ੍ਰੇਮਾ ਭਗਤੀ, ਸਿਧਾਂਤਕ ਪਰਪੱਕਤਾ ਤੇ ਨਿਰਮਾਨ ਸੇਵਾ ਤੋ ਅਤਿ ਪ੍ਰਸੰਨ ਹੋ ਗੁਰਗੱਦੀ ਭਾਈ ਜੇਠਾ ਜੀ ਨੂੰ ਬਖਸ਼ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਕਾਸ਼ਮਾਨ ਕੀਤਾ।
‘ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨ’
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ (ਅੰਗ 1399)
ਗੁਰਗੱਦੀ ਤੇ ਬਿਰਾਜਮਾਨ ਹੋ ਜਦ ਆਪਣੀ ਅਰੰਭਕ ਯਤੀਮ ਦੇ ਤੌਰ ਤੇ ਜੋ ਲਾਚਾਰਗੀ ਤੇ ਬਿਚਾਰਗੀ ਦੇ ਹਾਲਾਤ ਤੇ ਗੁਰੂ ਦੀ ਹੋਈ ਅਪਾਰ ਰਹਿਮਤ ਤੇ ਬਖ਼ਸ਼ਿਸ਼ ਦਾ ਆਪ ਇਉਂ ਵਰਨਣ ਕਰਦੇ ਹਨ:-
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥(ਅੰਗ 167)
ਗੁਰੂ ਸਿੱਖ ਤੇ ਸਿੱਖ ਗੁਰੂ ਹੈ, ਦਾ ਸਿਧਾਂਤ ਇਉਂ ਫਿਰ ਦ੍ਰਿਸ਼ਟਮਾਨ ਹੋਇਆ ਜਦ ਘੁੰਗਣੀਆਂ ਦੀ ਫੇਰੀ ਲਾਉਣ ਵਾਲੇ ਦੇ ਸਿਰ ਦੀਨ ਦੁਨੀਂ ਦਾ ਛਤਰ ਝੁੱਲਿਆ:
‘ਦੀਨ ਦੁਨੀ ਦਾ ਥੰਮੁ ਹੋਇ ਭਾਰ ਅਥਰਬਣ ਥੰਮਿ ਖਲੋਤਾ’॥
ਗੁਰੂ ਰਾਮਦਾਸ ਜੀ ਦਾ ਜੀਵਨ ਕਿਤਨਾ ਰਾਗਾਤਮਕ ਸੀ ਉਹ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਬਾਣੀ ਉਚਾਰੀ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੇ ਕਿਸੇ ਹੋਰ ਨਵੇਂ ਰਾਗ ਦਾ ਪ੍ਰਯੋਗ ਨਹੀਂ ਕੀਤਾ ਪਰ ਗੁਰੂ ਰਾਮਦਾਸ ਜੀ ਨੇ 11 ਹੋਰ ਰਾਗਾਂ ਦਾ ਵੀ ਪ੍ਰਯੋਗ ਕੀਤਾ ਹੈ। ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਵਿੱਚ ਹੈ ਅਖੀਰਲਾ ਇਕੱਤੀਵਾਂ ਰਾਗ ਜੈਜਾਵੰਤੀ ਕੇਵਲ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਹੀ ਵਰਤਿਆ ਹੈ।
ਬਿਚ ਰਾਗਨ ਕੇ ਸ਼ਬਦ ਬਨਾਵਹਿ। ਮਧੁਰ ਮਧੁਰ ਮੁਖ ਤੇ ਪੁਨ ਗਾਵਹਿ॥ (ਸੂਰਜ ਪ੍ਰਕਾਸ਼ ਅਨੁਸਾਰ)
ਭਾਵੇਂ ਗੁਰੂ ਨਾਨਕ ਜੀ ਸ਼ਬਦ ਗੁਰੂ ਅਤੇ ਸੰਗਤ ਦੇ ਸਿਧਾਂਤ, ਜਿਸਨੂੰ ਭਾਈ ਗੁਰਦਾਸ ਜੀ ਅਨੁਸਾਰ ਸਿੱਖੀ ਦੇ ਮਹਿਲ ਦੇ ਦੋ ਥੰਮ ‘ਗੁਰਸੰਗਤ’ ਤੇ ‘ਬਾਣੀ’ ਦੱਸਿਆ “ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ।” ਗੁਰੂ ਰਾਮਦਾਸ ਜੀ ਨੇ ਕੋਈ ਭੁਲੇਖਾ ਨਾ ਰਹਿਣ ਦਿੱਤਾ। ਸਤਿਗੁਰੂ ਦੀ ਅਗਵਾਈ ਦੀ ਮਨੁੱਖ ਨੂੰ ਸਦੈਵ ਲੋੜ ਹੈ। ਗੁਰੂ ਸਰੀਰ ਕਰਕੇ ਸਮੇਂ ਤੇ ਕਾਲ ਵਿੱਚ ਹੈ ਸਦੀਵ ਨਹੀਂ ਹੋ ਸਕਦਾ ਪਰ ਸ਼ਬਦ ਗੁਰੂ, ਅਭਿਨਾਸ਼ੀ ਦੇ ਸਦਾ ਅੰਗ ਸੰਗ ਹੈ।
ਗੁਰਸਾਖੀ ਦੇ ਉਜਿਆਰੇ ਵਿੱਚ ਜੇਕਰ ਵੇਖੀਏ ਤਾਂ ਜ਼ਿਕਰ ਆਉਂਦਾ ਹੈ ਕਿ ਧੁਰ ਪੂਰਬ ਢਾਕਾ ਸ਼ਹਿਰ (ਹੁਣ ਬੰਗਲਾ ਦੇਸ਼ ਦੀ ਰਾਜਧਾਨੀ ਜਿਥੇ ਇਤਿਹਾਸਕ ਗੁਰਦੁਆਰੇ ਸਥਾਪਿਤ ਹਨ) ਤੋਂ ਕਈ ਮਹੀਨਿਆਂ ਦਾ ਸਫਰ ਕਰ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ। ਕਈ ਮਹੀਨੇ ਗੁਰ ਭਗਤੀ ਤੇ ਸੇਵ ਕਮਾਈ ਵਿੱਚ ਆਪਣਾ ਜਨਮ ਸਫਲ ਕਰ ਘਰਾਂ ਨੂੰ ਪਰਤਣ ਦੀ ਆਗਿਆ ਲੈਣ ਹਿੱਤ ਗੁਰੂ ਦਰਬਾਰ ਵਿੱਚ ਹਾਜਰ ਹੋਏ ਤਾਂ ਉਸ ਜਥੇ ਦੇ ਆਗੂ ਨੇ ਆਪਣੇ ਮਨ ਦੀ ਸ਼ੰਕਾ ਨਵਿਰਤੀ ਲਈ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਤੇਰੇ ਦਰਬਾਰ ਵਿੱਚ ਆ ਕੇ ਨਿੱਤ ਸੁਣਦੇ ਰਹੇ ਹਾਂ ਕਿ ਗੁਰੂ ਦੇ ਦਰਸ਼ਨ ਨਿਤ ਨਿਤ ਕਰੀਏ ਪਰ ਤੁਸੀਂ ਅੰਮ੍ਰਿਤਸਰ ਵਿੱਚ ਸੱਜ ਰਹੇ ਹੋ, ਅਸੀਂ ਹਜ਼ਾਰਾਂ ਮੀਲ ਦੂਰ ਢਾਕੇ ਵਿੱਚ ਰਹਿੰਦੇ ਹਾਂ ਆਪ ਦੇ ਨਿੱਤ ਦਰਸ਼ਨ ਕਿਵੇਂ ਹੋਣ ਤਾਂ ਧੰਨ ਗੁਰੂ ਰਾਮਦਾਸ ਜੀ ਨੇ ਅਟੱਲ, ਅਥਾਹ ਤੇ ਅਤੋਲ ਬਚਨ ਕਰਦਿਆਂ ਹੋਇਆਂ ਫੁਰਮਾਇਆ :
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਅੰਗ 594)
ਜੇਕਰ ਇਹੀ ਉਪਦੇਸ਼ ਅਸੀਂ ਭੁਲੜ ਲੋਕਾਈ ਨੂੰ ਬਾਰੰਬਾਰ ਸੁਣਾ ਸਕੀਏ ਤਾਂ ਨਕਲੀ ਗੁਰੂਆਂ ਕਥਿੱਤ ਬ੍ਰਹਮ-ਗਿਆਨੀਆਂ ਅਤੇ ਦੇਹਧਾਰੀਆਂ ਦੇ ਡੇਰਿਆਂ ਦੇ ਜਾਲ ਤੋਂ ਲੋਕਾਂ ਨੂੰ ਬਚਾ ਸਕਦੇ ਹਾਂ। ਸਤਿਗੁਰੂ ਜੀ ਨੇ ਸਦੀਵੀ ਗੁਰੂ ‘ਗੁਰਬਾਣੀ’ ਦਾ ਇਲਾਹੀ ਹੁਕਮ ਸੁਣਾਇਆ :-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਅੰਗ 982)
ਗੁਰਬਾਣੀ ਐਸਾ ਗੁਰੂ ਹੈ ਜੋ ਸਦਾ ਅੰਗ ਸੰਗ ਹੈ, ਘਟਦਾ ਵੱਧਦਾ ਨਹੀਂ, ਜਨਮ ਮਰਨ ਤੇ ਜਰਾ ਰੋਗ ਦਾ ਸ਼ਿਕਾਰ ਨਹੀਂ, ਦੁੱਖ ਸੁੱਖ ਨਹੀਂ ਵਿਆਪਦਾ, ਜਲ ਨਹੀਂ ਡੋਬ ਸਕਦਾ, ਅਗਨ ਨਹੀਂ ਜਲਾ ਸਕਦੀ, ਚੋਰ ਚੁਰਾ ਨਹੀ ਸਕਦੇ।
ਗੁਰ ਕਾ ਬਚਨੁ ਬਸੈ ਜੀਅ ਨਾਲੇ॥
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥ (ਅੰਗ 679)
ਸਤਿਗੁਰ ਕੀ ਬਾਣੀ ਆਦਿ ਸਚੁ ਹੈ, ਜੁਗਾਦਿ ਸਚੁ ਹੈ, ਅੱਜ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਤਿ ਹੋਵੇਗੀ :
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥
ਸਤਿਗੁਰੂ ਦੀ ਬਾਣੀ ਅਨੁਸਾਰ ਹੀ ਸਿੱਖ ਨੇ ਜੀਵਨ ਦੀ ਘਾੜਤ ਘੜਨੀਂ ਹੈ :
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ’ (ਅੰਗ 304)
ਇਸੇ ਗੁਰਬਾਣੀ ਨੂੰ ‘ਗ੍ਰੰਥ ਸਾਹਿਬ’ ਦੇ ਰੂਪ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਜੀ ਨੇ ਸੰਪਾਦਨ ਕਰ ਪ੍ਰਕਾਸ਼ ਕੀਤਾ ਜਿਸ ਨੂੰ ਗੁਰੂ ਦਸਮੇਸ਼ ਜੀ ਨੇ ਸਦੀਵੀ ਗੁਰਗੱਦੀ ਬਖ਼ਸ਼ ਦਿੱਤੀ।
ਗੁਰੂ ਰਾਮਦਾਸ ਜੀ ਦੀਆਂ ਬਖ਼ਸਿਸ਼ਾਂ ਦਾ ਕੋਈ ਅੰਤ ਪਾਰਾਵਾਰ ਨਹੀਂ। ਸਿੱਖ ਧਰਮ ਨੂੰ ਨਿਆਰੀ ਕੌਮ ਬਨਾਉਣ ਹਿੱਤ ਸ੍ਰੀ ਅੰਮ੍ਰਿਤਸਰ ਦੇ ਰੂਪ ਵਿੱਚ ਨਵਾਂ ਕੇਂਦਰ ‘ਰਾਮਦਾਸਪੁਰ’ ਅਰਥਾਤ ਅਜੋਕੇ ਨਾਮ ਸ੍ਰੀ ਅੰਮ੍ਰਿਤਸਰ ਬਖ਼ਸ਼ ਦਿੱਤਾ।ਇੱਥੇ ਹੀ ਐਸੇ ਸਰੋਵਰ ਦੀ ਰਚਨਾ ਕੀਤੀ ਜਿਸ ਨੇ ਇਸ਼ਨਾਨ ਦੀ ਏਕਤਾ ਤੇ ਪਵਿੱਤਰਤਾ ਸਥਾਪਤ ਕੀਤੀ।ਇਸ ਤੋਂ ਪਹਿਲਾ ਲੰਗਰ ਪੰਗਤ ਦੀ ਪਰਪਾਟੀ ਗੁਰੂ ਅਮਰਦਾਸ ਜੀ ਆਰੰਭ ਕਰ ਚੁੱਕੇ ਸੀ।
ਸੰਤਹੁ ਰਾਮਦਾਸ ਸਰੋਵਰੁ ਨੀਕਾ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ॥ (ਅੰਗ 1623)
ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥
ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥ (ਅੰਗ 625)
ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਦਾ ਹੁਕਮ ਦੇ ਗੁਰੂ ਪਾਤਿਸ਼ਾਹ ਨੇ ਧਰਮ ਤੇ ਧਰਮ ਅਸਥਾਨਾਂ ਨੂੰ ਜ਼ਾਤ-ਪਾਤ, ਰੂਪ ਰੰਗ, ਮਜ਼ਹਬ ਤੇ ਮਿਲਤ ਤੋਂ ਸੁਤੰਤਰ ਕਰ ਦਿੱਤਾ। ਗੁਰੂ ਕੇ ਦਰਸ਼ਨ ਇਸ਼ਨਾਨ, ਪਾਠ ਅਤੇ ਕੀਰਤਨ ਸਭ ਲਈ ਸਾਂਝਾ ਕਰ ਗੁਰੂ ਨਾਨਕ ਪਾਤਿਸ਼ਾਹ ਦਾ ਹੁਕਮ ਫਲੀਭੂਤ ਕਰ ਦਿੱਤਾ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਅੰਗ 747)
ਕਿਸੇ ਵੀ ਕੋਮ ਦੀ ਸਿਰਜਣਾ ਦੇ ਦੋ ਮੁਢਲੇ ਆਧਾਰ ਹਨ ‘ਅਹਿਲੇ ਮੁਕਾਮ ਤੇ ਅਹਿਲੇ ਕਿਤਾਬ’ ਹਨ। ਸ੍ਰੀ ਅੰਮ੍ਰਿਤਸਰ
ਦੀ ਸਥਾਪਨਾ ਨਾਲ ਸਿੱਖਾਂ ਨੂੰ ਅਹਿਲੇ ਮੁਕਾਮ ਗੁਰੁ ਰਾਮਦਾਸ ਜੀ ਨੇ ਬਖ਼ਸ਼ ਦਿੱਤਾ ਜਿਵੇ ‘ਗੰਗ ਬਨਾਰਸ ਹਿੰਦੂਆਂ ਲਈ ਤੇ ਮੱਕਾ ਕਾਬਾ ਮੁਸਲਮਾਨਾਂ ਲਈ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖੀ ਦਾ ਕੇਂਦਰ ਹੈ।ਹਰ ਕੌਮ ਲਈ ਮਰਕਜ਼ (ਕੇਂਦਰ) ਜ਼ਰੂਰੀ ਹੈ ਅਤੇ ਮਰਕਜ਼ ਤੋਂ ਜੂਦਾਈ ਮੌਤ ਦੇ ਤੁਲ ਹੈ । ਡਾ. ਸਰ ਮੁਹੰਮਦ ਇਕਬਾਲ ਦੇ ਸ਼ਬਦਾ ਵਿਚ “ਕੌਮੋਂ ਕੇ ਲੀਏ ਮੌਤ ਹੈ ਮਰਕਜ਼ ਸੇ ਜੁਦਾਈ”। ਗੁਰੂ ਪਾਤਸ਼ਾਹ ਨੇ ਵੀ ਸਪੱਸ਼ਟ ਕੀਤਾ ਇਕ ਦਰਖ਼ਤ ਤੋਂ ਵੱਖ ਹੋਈ ਟਾਹਨੀ ਦੇ ਪੱਤੇ ਝੜ ਜਾਂਦੇ ਹਨ ਤੇ ਦਰਖ਼ਤ ਸੁੱਕ ਜਾਂਦਾ ਹੈ “ ਪੇਡ ਮੰਡਾਹੂ ਕਟਿ ਸਭਿ ਡਾਲ ਸਕੰਦੇ”।
ਇਸ ਨਾਲ ਸਿੱਖ ਇੱਕ ਸੁਤੰਤਰ ਕੌਮ ਦਾ ਸਿਧਾਂਤ ਪ੍ਰਗਟ ਹੋ ਗਿਆ ਡਾਕਟਰ ਰੈਣਾ ਅਨੁਸਾਰ ਦੋ ਹੀ ਤੱਥ ਕੌਮ ਬਣਾਉਂਦੇ ਹਨ। ਸਾਂਝਾ ਕੌਮੀ ਵਿਰਸਾ ਤੇ ਦੂਜਾ ਇੱਕ ਥਾਵੇਂ ਜੁੜ ਬੈਠਣ ਦਾ ਅੰਤਰੀਵ ਚਾਅ । ਸਿੱਖ ਆਪਣੀ ਇਸ ਮਨੋਕਾਮਨਾਂ ਨੂੰ ਰੋਜ ਅਰਦਾਸ ਵਿੱਚ ‘ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ’ ਦੀ ਬੇਨਤੀ ਦੁਆਰਾ ਪ੍ਰਗਟਾਂਦੇ ਹਨ ਅਤੇ ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਕਹਿ ਕੇ ਪੰਥ ਦੀ ਸਦੀਵੀ ਏਕਤਾ ਪ੍ਰਪੱਕ ਕਰਦੇ ਹਨ। ਇਤਿਹਾਸ ਸਾਖੀ ਹੈ ਕਿ ਵਿਦੇਸ਼ੀ ਹਮਲਾਵਰ ਸ੍ਰੀ ਅੰਮ੍ਰਿਤਸਰ ਨੂੰ ਪੰਥਕ ਸੱਤਾ ਦੇ ਕੇਂਦਰ ਤੇ ਪ੍ਰੇਰਣਾ ਸਰੋਤ ਜਾਣ ਕੇ ਢਾਹੁਣ ਤੇ ਪੂਰਨ ਦਾ ਕੁਕਰਮ ਕਰਦੇ ਰਹੇ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਤੇ ਜੋਤ ਜਗਾਣ ਦੀ ਪਬੰਦੀ ਲਗਾ ਦਿੱਤੀ ਪਰ ਕੋਈ ਦਿਨ ਐਸਾ ਨਹੀਂ ਗਿਆ ਜਦ ਜੰਗਲ ਬੀਆਬਾਂਨਾ ਵਿਚੋਂ ਹਰ ਰੋਜ ਕੋਈ ਸਿੱਖ ਉਠ ਕੇ ਨਹੀਂ ਆਇਆ। ਅੰਮ੍ਰਿਤਸਰ ਵਿੱਚ ਦਰਸ਼ਨ ਇਸ਼ਨਾਨ ਕਰਦੇ ਹੋਏ ਸਰੋਵਰ ਵਿੱਚ ਚੁੰਭੀ ਲਾ ਕੇ ਦੀਵਾ ਬੱਤੀ ਜਲਾਉਣ ਦੇ ਯਤਨ ਵਿੱਚ ਸੰਕੜੇ ਸਿੱਖ ਸ਼ਹਿਦ ਹੋਏ। ਗੁਰੂ ਰਾਮਦਾਸ ਜੀ ਵਲੋਂ ਜਗਾਈ ਜੋਤ ਨੂੰ ਪ੍ਰਜਵਲਿਤ ਰੱਖਣ ਲਈ ਗੁਰੂ ਦੇ ਸਿੱਖ ਖਿੜੇ ਮੱਥੇ ਮੌਤ ਪ੍ਰਵਾਨ ਕਰਦੇ ਰਹੇ। ਅਸੀਂ ਜਦੋਂ ਹੁਣ ਕਾਹਲੀ ਕਾਹਲੀ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਕਰਦੇ ਹਾਂ ਸਦੈਵ ਸਾਡੀ ਸਿਮਰਤੀ ਵਿੱਚ ਸਦਾ ਰਹੇ ਕਿ ਏਥੇ ਲੱਗੀ ਹਰ ਸਿਲ ਦੇ ਥੱਲੇ ਗੁਰੂ ਕੇ ਸਿਖਾਂ ਦੇ ਕਈ ਕਈ ਸੀਸ ਲੱਗੇ ਹਨ। ਸਿੱਖਾਂ ਦੇ ਕੌਮੀ ਪੰਥਕ ਕੇਂਦਰ ਦੀ ਸ਼ਕਤੀ ਘਟਾਉਣ ਲਈ ਸ੍ਰੀ ਅੰਮ੍ਰਿਤਸਰ ਤੇ ਭਾਰਤੀ ਫੌਜਾਂ ਦੇ 1984 ਵਿੱਚ ਹਮਲੇ ਉਪ੍ਰੰਤ ਡਰ ਭੈਅ ਦਾ ਐਸਾ ਮਹੌਲ ਬਣਾ ਦਿੱਤਾ ਗਿਆ ਜਿਸ ਨਾਲ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੇ ਰਸਤੇ ਵਿੱਚ ਰੁਕਾਵਟ ਪਈ।ਉਸ ਸਮੇਂ ਇਨ੍ਹਾਂ ਸਤਰਾਂ ਦੇ ਲਿਖਾਰੀ ਤੇ ਸਤਿਗੁਰ ਨੇ ਵਿਸ਼ੇਸ਼ ਬਖ਼ਸ਼ਿਸ਼ ਕਰਕੇ ਸਿੱਖਾਂ ਦੇ ਇਸ ਜਾਨ ਤੋਂ ਪਿਆਰੇ ਪਵਿੱਤਰ ਗੁਰਧਾਂਮ ਦੇ ਦਰਸ਼ਨ ਇਸ਼ਨਾਨ ਦਾ ਪੰਦਰਵਾੜਾ ਮਨਾਉਣ ਦੀ ਸੇਵਾ ਆਪ ਕਰਵਾਈ ਤਾਂ ਜੋ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਸੰਗਤ ਦੀ ‘ਪ੍ਰਭ ਹਰਿਮੰਦਰੁ ਸੋਹਣਾ’ ਤੇ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਨਾਲ ਸਾਂਝ ਹੋਰ ਪਕੇਰੀ ਹੋਵੇ।
ਗੁਰੂ ਰਾਮਦਾਸ ਜੀ ਨੇ ਸਿੱਖ ਦੀ ਜੀਵਨ ਕਾਰ ਨਿਯਮਬੱਧ ਕਰ ਦਿੱਤੀ, ਨੇਮ ਤੇ ਪ੍ਰੇਮ ਨੂੰ ਗੁਰਭਗਤੀ ਦਾ ਰੂਪ ਦਰਸਾਇਆ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥ (ਅੰਗ 305)
ਮਨੁੱਖ ਆਪਣੀ ਹਉਮੈ, ਜਾਤ ਪਾਤ ਤੇ ਰਾਜਸੀ ਸ਼ਕਤੀ ਦੇ ਹੰਕਾਰ ਕਾਰਣ ਦੀ ਧੜਾ ਕਾਇਮ ਕਰਦਾ ਹੈ। ਸਿਆਸੀ ਤੌਰ ਤੇ ਸਿੱਖ ਕੌਮ ਵੀ ਪਾਟੋ ਧਾੜ ਦਾ ਸ਼ਿਕਾਰ ਹੁੰਦੀ ਆ ਰਹੀ ਹੈ।ਮੰਨੂ ਦੀ ਜਾਤ ਪਾਤ ਦਾ ਵਰਤਾਰਾ ਸਿੱਖ ਧਰਮ ਦੇ ਸਿਧਾਂਤਾ ਦਾ ਖੰਡਨ ਤੇ ਉਲੰਘਣ ਹੈ। ਪੰਥ ਇਕ ਹੈ ਅਤੇ ਇਸ ਗੁਰੁ ਪੰਥ ਨੂੰ ਕਿਸੇ ਲੀਡਰ, ਪਾਰਟੀ ਜਾਂ ਜਾਤ ਪਾਤ ਦੇ ਨਾਮ ਤੇ ਵੰਡਿਆ ਨਹੀ ਜਾਂ ਸਕਦਾ। ਗੁਰੂ ਪਾਤਸ਼ਾਹ ਦਾ ਸਪੱਸ਼ਟ ਫੁਰਮਾਣ ਹੈ।
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲ ਭਾਈ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ॥
ਹਮਾਰਾ ਧੜ ਹਰਿ ਰਹਿਆ ਸਮਾਈ ॥
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ॥…………
ਹਰ ਕਾਰਜ ਤੋਂ ਪਹਿਲਾਂ ਸਤਿਗੁਰ ਪਾਸ ਅਰਦਾਸ ਕਰਨ ਦੀ ਮਰਯਾਦਾ ਬੰਨੀ :
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ (ਅੰਗ 91)
ਸਿੱਖ ਲਈ ਗ੍ਰਹਿਸਤ ਧਰਮ ਪ੍ਰਧਾਨ ਹੈ ਇਸ ਲਈ ਸਤਿਗੁਰੂ ਜੀ ਨੇ ਗ੍ਰਹਿਸਤ ਧਰਮ ਪ੍ਰਵੇਸ਼ ਕਰਨ ਵਿੱਚ ਬ੍ਰਾਹਮਣ ਜਾਂ ਪ੍ਰੋਹਤ ਦੀ ਮੁਹਤਾਜਗੀ ਰਹਿਣ ਨਾ ਦਿੱਤੀ। ਕਿਸੇ ਯੱਗ ਹਵਨ ਅਤੇ ਸੰਸਕ੍ਰਿਤ ਦੇ ਮੰਤਰਾਂ ਦਾ ਉਚਾਰਣ (ਜੋ ਕੋਈ ਦਲਿਤ ਜਾਤੀ ਨੂੰ, ਨਾ ਕਰਨ ਤੇ ਨਾ ਸੁਣਨ ਦੀ ਆਗਿਆ ਹੈ) ਦੀ ਰੀਤ ਖਤਮ ਕਰ ਦਿੱਤੀ ਤੇ ਸੂਹੀ ਰਾਗ ਵਿੱਚ ਚਾਰ ਲਾਞਾਂ ਦਾ ਪਾਠ ਉਚਾਰਨ ਕੀਤਾ ਗੁਰਮਤਿ ਮਰਿਯਾਦਾ ਅਨੂਸਾਰ ਵਿਵਾਹ ਅਰਥਾਤ ਅਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਤੇ ਗੁਰਸੰਗਤ ਦੀ ਹਾਜ਼ਰੀ ਵਿਚ ਸੰਪਨ ਹੁੰਦਾ ਹੈ। ਪਹਿਲਾ ਇਕ ਲਾਂਞ ਦਾ ਪਾਠ ਹੁੰਦਾ ਹੈ ਉਪੰਰਤ ਸੁਭਾਗ ਜੋੜੀ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਮਾ ਉਸੇ ਲਾਞ ਦੇ ਪਾਠ ਦਾ ਕੀਰਤਨ ਕੀਤਾ ਜਾਂਦਾ ਹੈ। ਇਉਂ ਇਕ ਇਕ ਕਰਕੇ ਚਾਰ ਲਾਞਾਂ ਦਾ ਪਾਠ ਹੁੰਦਾ ਹੈ ਅਤੇ ਕੀਰਤਨ ਦੇ ਨਾਲ ਚਾਰ ਪਰਿਕਰਮਾ ਕਰਕੇ ਗ੍ਰਹਿਸਤ ਜੀਵਨ ਵਿੱਚ ਪ੍ਰਵੇਸ਼ ਕਰਨ ਦੀ ਮਰਯਾਦਾ ਨਿਰਮਤ ਕਰ ਦਿੱਤੀ। ਇਉਂ ਹੀ ਜਨਮ ਅਤੇ ਮਰਨ ਦੀਆਂ ਰਸਮਾਂ ਨੂੰ ਵੀ ਕਰਮਕਾਂਡੀ ਪ੍ਰੋਹਿਤਾਂ ਤੋਂ ਅਜ਼ਾਦ ਕਰਕੇ ਗੁਰਬਾਣੀ ਦਾ ਪਾਠ ਤੇ ਨਿਰਬਾਨ ਕੀਰਤਨ ਕਰਨ ਦੀ ਗੁਰਸਿੱਖੀ ਰੀਤ ਚਲਾ ਦਿੱਤੀ।
ਜੀਵਨ ਤੇ ਰਚਨਾ ਦਾ ਅਜੇਹਾ ਸੁਮੇਲ ਉਸ ਸਮੇਂ ਵੀ ਮਿਲਦਾ ਹੈ ਜਦ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇਣ ਦਾ ਫੈਸਲਾ ਸੁਣਾਇਆ ਤਾਂ ਉਸ ਸਮੇਂ ਪ੍ਰਿਥੀ ਚੰਦ ਅਤਿ ਕਰੋਦਿਤ ਹੋ ਆਪਣੇ ਗੁਰ ਪਿਤਾ ਜੀ ਨਾਲ ਝਗੜਨ ਲੱਗਾ। ਏਸੇ ਪ੍ਰਸੰਗ ਵਿੱਚ ਆਪ ਨੇ ਇਹ ਸ਼ਬਦ ਉਚਾਰਿਆ:
ਕਾਹੇ ਪੂਤ ਝਗਰਤ ਹਉ ਸੰਗਿ ਬਾਪ।
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ। ਰਹਾਉ।(ਅੰਗ : 1200)
ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਸਿਧਾਂਤ ਦੀ ਵਿਲੱਖਣਤਾ ਅਤੇ ਸੁਤੰਤਰਤਾ ਨੂੰ ਕਾਇਮ ਕੀਤਾ।
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਐਸੇ ਉਤਮ ਪੰਥ ਦੇ ਮਾਰਗ ਤੇ ਚਲ ਕੇ ਹੀ ਅਸੀਂ ਕੌਮੀ ਭਵਿਖਤ ਉਜੱਵਲ ਕਰ ਸਕਦੇ ਹਾਂ।
ਧੰਨ ਗੁਰੂ ਰਾਮਦਾਸ ਜੀ ਤੋਂ ਬਲਿਹਾਰ ਜਾਂਦਿਆਂ ਬਲ੍ਹ ਭੱਟ ਨੇ ਗੁਰ ਸੰਗਤ ਨੂੰ ਇਉਂ ਜੱਸ ਗਾਉਣ ਲਈ ਪ੍ਰੇਰਿਆ।
ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ॥ ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ॥
ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ॥ ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ॥
ਸੋਈ ਰਾਮਦਾਸੁ ਗੁਰੁ ਬਲ੍ਹ ਣਿ ਮਿਲਿ ਸੰਗਤ ਧੰਨਿ ਧੰਨਿ ਕਰਹੁ॥
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ॥