ਮੁੰਬਈ- ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦੀ ਧੀ ਵਰਸ਼ਾ ਭੌਂਸਲੇ ਨੇ ਖੁਦਕੁਸ਼ੀ ਕਰ ਲਈ ਹੈ। ਵਰਸ਼ਾ ਨੇ ਲਾਈਸੰਸੀ ਰੀਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ। ਆਸ਼ਾ ਉਸ ਸਮੇਂ ਇੱਕ ਅਵਾਰਡ ਸਮਾਗਮ ਵਿੱਚ ਹਿੱਸਾ ਲੈਣ ਲਈ ਸਿੰਘਾਪੁਰ ਗਈ ਹੋਈ ਸੀ।
ਮੁੰਬਈ ਦੇ ਪੇਡਰ ਰੋਡ ਤੇ ਸਥਿਤ ਆਪਣੇ ਘਰ ‘ਪ੍ਰਭੂ ਕੁੰਜ’ ਵਿੱਚ ਸੋਮਵਾਰ ਵਾਲੇ ਦਿਨ 50 ਸਾਲਾ ਵਰਸ਼ਾ ਨੇ ਰੀਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਉਸੇ ਵੇਲੇ ਉਸ ਨੂੰ ਜਸਲੋਕ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਲਤਾ ਮੰਗੇਸ਼ਕਰ ਦੇ ਨਾਲ ਇੱਕੋ ਘਰ ਵਿੱਚ ਰਹੀ ਸੀ, ਪਰ ਲਤਾ ਵੀ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ। ਆਸ਼ਾ ਰਾਤ ਤੱਕ ਸਿੰਘਾਪੁਰ ਤੋਂ ਮੁੰਬਈ ਵਾਪਿਸ ਪਹੁੰਚ ਗਈ ਹੈ। ਉਹ ਆਸ਼ਾ ਭੌਂਸਲੇ ਦੀਆਂ ਤਿੰਨ ਸੰਤਾਨਾਂ ਵਿੱਚੋਂ ਦੂਸਰੇ ਨੰਬਰ ਤੇ ਸੀ।
ਵਰਸ਼ਾ ਹਿੰਦੀ ਅਤੇ ਮਰਾਠੀ ਫਿਲਮਾਂ ਵਿੱਚ ਪਲੇਬੈਕ ਸਿੰਗਿੰਗ ਤੋਂ ਇਲਾਵਾ ਫਰੀਲਾਂਸ ਪੱਤਰਕਾਰ ਵੀ ਸੀ। ਉਹ ਅਖ਼ਬਾਰਾਂ ਅਤੇ ਵੈਬਸਾਈਟਾਂ ਤੇ ਰਾਜਨੀਤਕ ਮਸਲਿਆਂ ਤੇ ਲਿਖਦੀ ਵੀ ਸੀ। ਵਰਸ਼ਾ ਦਾ ਵਿਆਹ ਖੇਡ ਪੱਤਰਕਾਰ ਅਤੇ ਇਸ਼ਤਿਹਾਰਾਂ ਦੀ ਦੁਨੀਆਂ ਨਾਲ ਜੁੜੇ ਹੇਮੰਤ ਕੇਕਰੇ ਨਾਲ ਹੋਇਆ ਸੀ, ਜੋ ਕਿ ਜਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ ਅਤੇ ਤਲਾਕ ਹੋ ਗਿਆ ਸੀ।
ਮੁੰਬਈ ਪੁਲਿਸ ਨੇ ਖੁਦਕੁਸ਼ੀ ਦੀ ਪੁਸ਼ਟੀ ਕਰ ਦਿੱਤੀ ਹੈ। ਪੁਲਿਸ ਨੇ ਲਾਈਸੰਸੀ ਪਿਸਟਲ ਬਰਾਮਦ ਕਰ ਲਿਆ ਹੈ।ਪੁਲਿਸ ਅਤੇ ਪਰੀਵਾਰ ਵਾਲੇ ਖੁਦਕੁਸ਼ੀ ਦੇ ਕਾਰਨਾਂ ਸਬੰਧੀ ਕੁਝ ਵੀ ਨਹੀਂ ਦੱਸ ਰਹੇ।ਇਹ ਵੀ ਕਿਹਾ ਜਾ ਰਿਹਾ ਹੈ ਕਿ ਵਰਸ਼ਾ ਨੇ ਚਾਰ ਸਾਲ ਪਹਿਲਾਂ ਵੀ ਨੀਂਦ ਦੀਆਂ ਗੋਲੀਆਂ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਰਸ਼ਾ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਸੀ। ਉਸ ਨੂੰ ਡੀਪਰੇਸ਼ਨ ਸਮੇਤ ਹੋਰ ਵੀ ਕਈ ਬਿਮਾਰੀਆਂ ਸਨ।
ਆਸ਼ਾ ਭੌਂਸਲੇ ਦੀ ਧੀ ਵਰਸ਼ਾ ਨੇ ਕੀਤੀ ਖੁਦਕੁਸ਼ੀ
This entry was posted in ਭਾਰਤ.