ਨਵੀਂ ਦਿੱਲੀ- ਕਾਂਗਰਸ ਨੇ ਵਾਡਰਾ ਅਤੇ ਡੀਐਲਐਫ਼ ਕੰਪਨੀ ਦਰਮਿਆਨ ਵਪਾਰਿਕ ਸਬੰਧਾਂ ਦੀ ਕਿਸੇ ਤਰ੍ਹਾਂ ਦੀ ਵੀ ਜਾਂਚ ਕਰਵਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। ਪਾਰਟੀ ਦਾ ਮੰਨਣਾ ਹੈ ਕਿ ਰਾਬਰਟ ਵਾਡਰਾ ਤੇ ਲਗਾਏ ਗਏ ਆਰੋਪਾਂ ਦਾ ਮੁੱਖ ਮਕਸਦ ਕਾਂਗਰਸ ਨੇਤਰਤੱਵ ਨੂੰ ਨਿਸ਼ਾਨਾ ਬਣਾਉਣਾ ਹੈ।
ਵਾਡਰਾ ਦਾ ਬਚਾਅ ਕਰਦੇ ਹੋਏ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਤੇ ਕੀਤਾ ਗਿਆ ਹਮਲਾ ਵਿਅਕਤੀਗਤ ਹਮਲਾ ਨਹੀਂ, ਸਗੋਂ ਕਾਂਗਰਸ ਪਾਰਟੀ ਅਤੇ ਇਸ ਦੇ ਨੇਤਰਤੱਵ ਤੇ ਹੋਇਆ ਹਮਲਾ ਹੈ, ਜਿਸ ਦੀ ਜਾਂਚ ਜਾਂ ਛਾਣਬੀਣ ਦੀ ਕੋਈ ਲੋੜ ਨਹੀਂ ਹੈ। ਕਾਂਗਰਸ ਦੇ ਬੁਲਾਰੇ ਰਾਸਿਦ ਅਲੀ ਨੇ ਇਸ ਮਾਮਲੇ ਨੂੰ ਇੱਕ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਹੈ।ਉਨ੍ਹਾਂ ਨੇ ਕੇਜਰੀਵਾਲ ਤੇ ਵਾਰ ਕਰਦੇ ਹੋਏ ਕਿਹਾ ਕਿ ਕੀ ਇਸ ਮਾਮਲੇ ਨੂੰ ਲੈ ਕੇ ਆਰੋਪ ਲਗਾਉਣ ਵਾਲਿਆਂ ਨੇ ਸਰਕਾਰ ਕੋਲ ਸ਼ਿਕਾਇਤ ਕੀਤੀ ਸੀ ਜਾਂ ਪੁਲਿਸ ਕੋਲ ਐਫਆਈਆਰ ਲਿਖਵਾਈ ਸੀ। ਜਾਂਚ ਦੀ ਮੰਗ ਨੂੰ ਸਵੀਕਾਰ ਨਾਂ ਕਰਨ ਪਿੱਛੇ ਇਹ ਤਰਕ ਦਿੱਤਾ ਗਿਆ ਹੈ ਕਿ ਰਸਮੀ ਤੌਰ ਤੇ ਜਾਂਚ ਤਾਂ ਹੀ ਹੋ ਸਕਦੀ ਹੈ ਜੇ ਸਬੰਧਤ ਏਜੰਸੀਆਂ ਨੂੰ ਮਾਮਲੇ ਵਿੱਚ ਕੋਈ ਰਸਮੀ ਤੌਰ ਤੇ ਸ਼ਿਕਾਇਤ ਮਿਲੇ।