ਨਵੀਂ ਦਿੱਲੀ :- ਦਿੱਲੀ ਸਰਕਾਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਐਕਟ-1971 ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਮਤਦਾਤਾਵਾਂ ਵਲੋਂ ਸਿਧੀ ਚੋਣ ਕੀਤੇ ਜਾਣ, ਪ੍ਰਧਾਨ ਦੇ ਅਹੁਦੇ ਦੀ ਮਿਆਦ ਚਾਰ ਸਾਲ ਅਤੇ ਉਸਦੇ ਆਪਣੇ ਹਲਕੇ ਵਿਚੋਂ ਚੋਣ ਜਿਤਣਾ ਵੀ ਲਾਜ਼ਮੀ ਕੀਤੇ ਜਾਣ ਦੀ ਸੋਧ ਨੂੰ ਪ੍ਰਵਾਨਗੀ ਦਿਤੇ ਜਾਣ ਤੇ ਕੁਝ ਅਕਾਲੀ ਹਲਕਿਆਂ ਵਲੋਂ ਵਿਰੋਧੀ-ਤੂਫਾਨ ਖੜਾ ਕੀਤੇ ਜਾਣ ਦੀਆਂ ਅਰੰਭੀਆਂ ਗਈਆਂ ਕੋਸ਼ਿਸ਼ਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕਤੱਰ ਸ. ਜਸਬੀਰ ਸਿੰਘ ਕਾਕਾ ਨੇ ਸਿੱਖ ਅਤੇ ਸਿੱਖੀ- ਵਿਰੋਧੀ ਸਾਜ਼ਸ਼ ਕਰਾਰ ਦਿਤਾ ਹੈ।
ਸ. ਜਸਬੀਰ ਸਿੰਘ ਕਾਕਾ ਨੇ ਇਸ ਸਬੰਧ ਵਿਚ ਜਾਰੀ ਆਪਣੇ ਬਿਆਨ ਵਿਚ ਕਿਹਾ ਕਿ ਇਹ ਵਿਰੋਧੀ ਤੂਫਾਨ ਉਹ ਲੋਕੀ ਖੜਾ ਕਰ ਰਹੇ ਹਨ, ਜੋ ਗੁਰਦੁਆਰਾ ਕਮੇਟੀ ਵਿਚ ਭ੍ਰਿਸ਼ਟਾਚਾਰ ਨੂੰ ਉਤਸਾਹਿਤ ਕੀਤਿਆਂ ਜਾਂਦਿਆਂ ਰਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ ਕੀਤੀ ਗਈ ਇਸ ਸੋਧ ਦਾ ਵਿਰੋਧ ਇਕ ਤਾਂ ਉਹ ਲੋਕੀ ਕਰ ਰਹੇ ਹਨ ਜੋ ਇਹ ਮੰਨ ਕੇ ਚਲਦੇ ਹਨ ਕਿ ਜੇ ਉਹ ਇਕ ਵਾਰ ਗੁਰਦੁਆਰਾ ਕਮੇਟੀ ਦੇ ਮੈਂਬਰ ਬਣ ਗਏ ਤਾਂ ਉਨ੍ਹਾਂ ਦੀਆਂ ਕੁਲਾਂ ਤਰ ਜਾਣਗੀਆਂ ਜਾਂ ਫਿਰ ਉਹ ਵਿਰੋਧ ਕਰ ਰਹੇ ਹਨ, ਜੋ ਸਮਝਦੇ ਹਨ ਕਿ ਇਹ ਸੋਧ ਹੋ ਜਾਣ ਨਾਲ ਉਨ੍ਹਾਂ ਵਲੋਂ ਮੈਂਬਰਾਂ ਦੀਆਂ ਜ਼ਮੀਰਾਂ ਤੇ ਵਫਾਦਾਰੀਆਂ ਖ੍ਰੀਦ ਕੇ ਗੁਰਦੁਆਰਾ ਪ੍ਰਬੰਧ ਪੁਰ ਕਬਜ਼ਾ ਕਰਨ ਦੀਆਂ ਕੀਤੀਆਂ ਜਾਣ ਵਾਲੀਆਂ ਸਾਜ਼ਸ਼ਾਂ ਸਿਰੇ ਨਹੀਂ ਚੜ੍ਹ ਸਕਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਉਨ੍ਹਾਂ ਪਾਰਟੀਆਂ ਅਤੇ ਦਲਾਂ ਦੇ ਮੁਖੀ ਵੀ ਇਸ ਸੋਧ ਦਾ ਵਿਰੋਧ ਕਰ ਰਹੇ ਹਨ, ਜੋ ਆਪਣੀ ਪਾਰਟੀ ਜਾਂ ਦਲ ਵਲੋਂ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਲਈ ਕੋਈ ਸਰਬ ਪ੍ਰਵਾਨਤ ਉਮੀਦਵਾਰ ਪੇਸ਼ ਨਹੀਂ ਕਰ ਸਕਦੇ। ਸ. ਜਸਬੀਰ ਸਿੰਘ ਕਾਕਾ ਨੇ ਕਿਹਾ ਕਿ ਇਸ ਸੋਧ ਤੋਂ ਉਹ ਅਕਾਲੀ ਲੀਡਰ ਵੀ ਪ੍ਰੇਸ਼ਾਨ ਹਨ, ਜੋ ਗੁਰਦੁਆਰਾ ਚੋਣਾਂ ਸਮੇਂ ਪੈਸੇ ਲੈ ਕੇ ਟਿਕਟਾਂ ਵੰਡਦੇ ਹਨ।
ਸ. ਜਸਬੀਰ ਸਿੰਘ ਕਾਕਾ ਨੇ ਕਿਹਾ ਕਿ ਇਸ ਸੋਧ ਪੁਰ ਅਮਲ ਹੋਣ ਤੇ ਇਕ ਤਾਂ ਗੁਰਦੁਆਰਾ ਕਮੇਟੀ ਵਿਚ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਠਲ੍ਹ ਪੈਣੀ ਸ਼ੁਰੂ ਹੋ ਜਾਇਗੀ, ਦੂਸਰਾ ਉਹ ਵਿਅਕਤੀ ਗੁਰਦੁਆਰਾ ਕਮੇਟੀ ਦੀ ਚੋਣ ਲੜਨ ਤੋਂ ਪਿਛੇ ਹਟ ਜਾਣਗੇ, ਜੋ ਇਹ ਨਿਸ਼ਾਨਾ ਮਿੱਥ ਕੇ ਚੋਣ ਲੜਦੇ ਹਨ ਕਿ ਜੇ ਉਹ ਇਕ ਵਾਰ ਮੈਂਬਰ ਬਣ ਗਏ ਤਾਂ ਆਪਣੀਆਂ ਕਈ ਪੀੜੀਆਂ ਲਈ ਰੋਜ਼ੀ-ਰੋਟੀ ਦਾ ਜੁਗਾੜ ਕਰ ਲੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਆਪਣੀ ਟੀਮ ਦੇ ਨਾਲ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਕਰਨ ਦੇ ਨਾਲ ਹੀ ਸਿੱਖ ਅਤੇ ਸਿੱਖੀ ਦੇ ਹਿਤਾਂ ਨਾਲ ਸੰਬਧਤ ਅਨੇਕਾਂ ਕਾਰਜ ਬਿਨਾ ਕਿਸੇ ਰੁਕਾਵਟ ਦੇ ਸਿਰੇ ਚਾੜ੍ਹਨ ਦੇ ਸਮਰਥ ਹੋ ਜਾਇਗਾ।
ਡੀਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਸਬੰਧੀ ਸੋਧ ਦਾ ਵਿਰੋਧ ਕਰਨ ਵਾਲੇ ਸਿੱਖੀ ਵਿਰੁੱਧ ਸਾਜਿਸ਼ ਰਚ ਰਹੇ ਹਨ- ਜਸਬੀਰ ਸਿੰਘ ਕਾਕਾ
This entry was posted in ਭਾਰਤ.