ਦੇਹਰਾਦੂਨ- ਕਾਂਗਰਸ ਨੇਤਾਵਾਂ ਵਿਰੁੱਧ ਘਟੀਆ ਸ਼ਬਦਾਵਲੀ ਵਰਤਣ ਵਾਲੇ ਬਾਬਾ ਰਾਮਦੇਵ ਨੂੰ ਉਤਰਾਖੰਡ ਦੀ ਬਹੁਗੁਣਾ ਸਰਕਾਰ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਉਤਰਾਖੰਡ ਸਰਕਾਰ ਨੇ ਰਾਮਦੇਵ ਦੇ ਗੁਰੂ ਸਵਾਮੀ ਸ਼ੰਕਰਦੇਵ ਦੀ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਹੈ ਅਤੇ ਇਸ ਸਬੰਧੀ ਅਧਿਸੂਚਨਾ ਵੀ ਜਾਰੀ ਕਰ ਦਿੱਤੀ ਹੈ। ਇਸ ਨਾਲ ਸੀਬੀਆਈ ਦਾ ਬਾਬੇ ਦੇ ਖਿਲਾਫ਼ ਕਾਰਵਾਈ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਸ਼ੰਕਰਦੇਵ ਦੀ ਗੁੰਮਸ਼ੁਦਗੀ ਸਬੰਧੀ ਮੁੱਦੇ ਨੂੰ ਦਿਗਵਿਜੈ ਸਿੰਘ ਉਠਾਉਂਦੇ ਰਹੇ ਹਨ।
ਕੇਂਦਰ ਸਰਕਾਰ ਦੀਆਂ ਕਈ ਹੋਰ ਏਜੰਸੀਆਂ ਪਹਿਲਾਂ ਹੀ ਰਾਮਦੇਵ ਦੀ ਜਾਂਚ ਪੜਤਾਲ ਕਰਨ ਵਿੱਚ ਲਗੀਆਂ ਹੋਈਆਂ ਹਨ। ਹੁਣ ਬਾਬੇ ਨੂੰ ਸੀਬੀਆਈ ਵੀ ਆਪਣੇ ਘੇਰੇ ਵਿੱਚ ਲੈ ਸਕਦੀ ਹੈ। ਸਵਾਮੀ ਸ਼ੰਕਰਦੇਵ 14 ਜੁਲਾਈ 2007 ਤੋਂ ਹਰਿਦੁਆਰ ਵਿੱਚ ਕਿਰਪਾਲੂ ਬਾਗ ਆਸ਼ਰਮ, ਕਨਖਲ ਤੋਂ ਰਹਿਸਮਈ ਪਰਿਸਥਿਤੀਆਂ ਵਿੱਚ ਲਾਪਤਾ ਹੋ ਗਏ ਸਨ। ਇਸ ਲਈ ਉਦੋਂ ਤੋਂ ਹੁਣ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ। ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਰਾਮਦੇਵ ਦੇ ਸਾਥੀ ਆਚਾਰੀਆ ਬਾਲਕ੍ਰਿਸ਼ਨ ਨੇ ਦਰਜ ਕਰਵਾਈ ਸੀ। ਲਗਭਗ 6 ਮਹੀਨੇ ਪਹਿਲਾਂ ਕਨਖਲ ਪੁਲਿਸ ਨੇ ਗੁਰੁ ਸ਼ੰਕਰਦੇਵ ਦੀ ਤਲਾਸ਼ ਜਾਰੀ ਨਾਂ ਰੱਖਣ ਸਬੰਧੀ ਦਲੀਲ ਦਿੰਦੇ ਹੋਏ ਪੁਲਿਸ ਜਾਂਚ ਬੰਦ ਕਰ ਦਿੱਤੀ ਸੀ। ਹੁਣ ਅਚਾਨਕ ਰਾਜ ਸਰਕਾਰ ਨੇ ਇਸ ਗੁੰਮਸ਼ੁਦਗੀ ਦੇ ਮਾਮਲੇ ਨੂੰ ਸੀਬੀਆਈ ਨੂੰ ਸੌਂਪੇ ਜਾਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਇਸ ਨਾਲ ਬਾਬੇ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।