ਅੰਮ੍ਰਿਤਸਰ- ਸਰਹੱਦੀ ਇਲਾਕੇ ਦੀ ਸੱਬ-ਤਹਿਸੀਲ ਖੇਮਕਰਨ ਦੇ ਪਿੰਡ ਮਹਿੰਦੀਪੁਰ ਦੇ ਖੇਤਾਂ ਵਿੱਚੋਂ ਬੀਐਸਐਫ਼ ਨੇ 20 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਇੱਕ ਪਾਕਿਸਤਾਨ ਵਿੱਚ ਬਣਿਆ ਹੋਇਆ ਪਿਸਟਲ, 12 ਜਿੰਦਾ ਕਾਰਤੂਸ ਅਤੇ ਦੋ ਪਿਸਟਲ ਮੈਗਜੀਨ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਖੇਤ ਮਾਲਿਕ ਦੇ ਦੋ ਪੁੱਤਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੀਐਸਐਫ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਕਰਵਾਰ ਨੂੰ ਸ਼ਾਮ ਦੇ ਸਮੇਂ ਖੇਮਕਰਨ ਸੈਕਟਰ ਵਿੱਚ ਤੈਨਾਤ ਬੀਐਸਐਫ਼ ਦੀ 80 ਬਟਾਲੀਅਨ ਦੀ ਕਿਸਾਨ ਗਾਰਡ ਪਾਰਟੀ ਨੇ ਇੱਕ ਸੂਚਨਾ ਦੇ ਆਧਾਰ ਤੇ ਮਹਿੰਦੀਪੁਰ ਦੇ ਕਿਸਾਨ ਸੁਬੇਗ ਸਿੰਘ ਦੇ ਖੇਤਾਂ ਵਿੱਚੋਂ ਚੈਕਿੰਗ ਕਰਕੇ ਹੈਰੋਇਨ ਦੇ ਪੈਕਟ , ਪਿਸਟਲ ਅਤੇ ਕਾਰਤੂਸ ਮੈਗਜੀਨ ਬਰਾਮਦ ਕਰ ਲਏ ਹਨ। ਇਹ ਸਾਰਾ ਸਮਾਨ ਇੱਕ ਪਲਾਸਟਿਕ ਦੇ ਲਿਫ਼ਾਫੇ ਵਿੱਚ ਬੰਨ੍ਹਿਆ ਹੋਇਆ ਸੀ। ਇਸ ਖੇਤ ਵਿੱਚ ਕਿਸਾਨ ਸੁਬੇਗ ਸਿੰਘ ਦੇ ਦੋ ਪੁੱਤਰ ਹਰਪਾਲ ਸਿੰਘ ਅਤੇ ਸਰਦੂਲ ਸਿੰਘ ਵੀ ਕੰਬਾਈਨ ਨਾਲ ਫਸਲ ਕੱਟ ਰਹੇ ਸਨ। ਬੀਐਸਐਫ਼ ਨੇ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਦੋਵਾਂ ਨੇ ਦਸਿਆ ਕਿ ਉਨ੍ਹਾਂ ਨੂੰ ਹੈਰੋਇਨ ਅਤੇ ਹੱਥਿਆਰਾਂ ਸਬੰਧੀ ਜਾਣਕਾਰੀ ਸੀ।