ਫਤਹਿਗੜ੍ਹ ਸਾਹਿਬ,- “ਕਾਂਗਰਸ ਜਮਾਤ ਤਾਂ ਰਿਸ਼ਤਵਖੋਰੀ, ਘਪਲਿਆਂ, ਬੇਈਮਾਨੀਆਂ ਆਦਿ ਵਿਚ ਲਿਪਤ ਹੀ ਹੈ, ਲੇਕਿਨ ਬੀਜੇਪੀ ਦੇ ਕੌਮੀ ਪ੍ਰਧਾਨ ਸ੍ਰੀ ਗਡਕਰੀ ਵੱਲੋਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਕਰੋੜਾਂ-ਅਰਬਾਂ ਰੁਪਿਆਂ ਦੀਆਂ ਜ਼ਾਇਦਾਦਾਂ ਬਣਾਉਣ ਅਤੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਦੇ ਮੰਦਭਾਗੇ ਅਮਲਾਂ ਤੋ ਇਹ ਗੱਲ ਸਾਬਿਤ ਹੋ ਗਈ ਹੈ ਕਿ ਬੀਜੇਪੀ ਦੇ ਵੱਡੇ ਆਗੂ ਵੀ ਮੁਲਕ ਨਿਵਾਸੀਆਂ ਨਾਲ ਧੌਖੇ-ਫਰੇਬ ਕਰਨ ਵਿਚ ਅਤੇ ਬੇਈਮਾਨੀਆਂ ਕਰਨ ਵਿਚ ਕਾਂਗਰਸ ਜਮਾਤ ਤੋ ਕਿਸੇ ਤਰ੍ਹਾਂ ਵੀ ਘੱਟ ਨਹੀ । ਇਸ ਲਈ ਇਥੋ ਦੇ ਨਿਵਾਸੀਆਂ ਨੂੰ ਅਜਿਹੇ ਗੈਰ ਇਖ਼ਲਾਕੀ ਆਗੂਆਂ ਅਤੇ ਜਮਾਤਾਂ ਨੂੰ ਹਕੂਮਤ ਉਤੇ ਬਿਠਾਉਣ ਦੀ ਫਿਰ ਤੋ ਗੁਸਤਾਖੀ ਨਹੀ ਕਰਨੀ ਚਾਹੀਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸਿਆਸਤਦਾਨਾਂ ਅਤੇ ਸਿਆਸੀ ਜਮਾਤਾਂ ਵੱਲੋਂ ਹੋ ਰਹੀਆਂ ਕਾਰਵਾਈਆਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ੍ਰੀ ਵਾਜਪਾਈ ਦੀ ਬੀਜੇਪੀ ਦੀ ਵਿਜ਼ਾਰਤ ਸਮੇਂ ਉਸ ਸਮੇਂ ਦੇ ਰੱਖਿਆ ਵਜ਼ੀਰ ਸ੍ਰੀ ਜਾਰਜ ਫਰਨਾਡੇਜ਼ ਵੱਲੋਂ ਫ਼ੌਜੀਆਂ ਦੇ ਤਾਬੂਤ ਬਣਾਉਣ ਵਿਚ ਕਰੋੜਾਂ-ਅਰਬਾਂ ਰੁਪਏ ਦੇ ਘਪਲੇ ਕੀਤੇ ਸਨ । ਇਸੇ ਤਰ੍ਹਾਂ ਮਹਾਰਾਸਟਰ ਵਿਚ ਵੀ ਆਦਰਸ ਸੁਸਾਇਟੀ ਦੇ ਅਧੀਨ ਕਰੋੜਾਂ ਰੁਪਏ ਦੀਆਂ ਜਮੀਨਾਂ ਵਿਚ ਹੇਰਾ-ਫੇਰੀ ਕੀਤੀ ਗਈ । ਬੀਜੇਪੀ ਦੇ ਆਗੂ ਯੇਦੀਰੱਪਾ ਵੱਲੋਂ ਵੀ ਆਪਣੀ ਹਕੂਮਤ ਵੇਲੇ ਕਰੋੜਾਂ-ਅਰਬਾਂ ਰੁਪਏ ਦੇ ਘਪਲੇ ਹੋਣ ਦੇ ਤੱਥ ਸਾਹਮਣੇ ਆਏ ਹਨ । ਉਹਨਾਂ ਕਿਹਾ ਜੇਕਰ ਬੀਜੇਪੀ ਦੇ ਵੱਡੇ ਆਗੂਆਂ ਦੀਆਂ ਸੰਪਤੀਆਂ ਦੀ ਨਿਰਪੱਖਤਾ ਨਾਲ ਛਾਣਬੀਣ ਕਰਵਾਈ ਜਾਵੇ ਤਾਂ ਗਡਕਰੀ ਦੀ ਤਰ੍ਹਾਂ ਗਲਤ ਢੰਗਾਂ ਰਾਹੀ ਜ਼ਮੀਨਾਂ-ਜ਼ਾਇਦਾਦਾਂ ਬਣਾਉਣ ਅਤੇ ਗੈਰ ਕਾਨੂੰਨੀ ਕਾਰਵਾਈਆਂ ਵਿਚ ਸ਼ਾਮਿਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਨ੍ਹਾਂ ਦੇ ਬਾਹਰਲੇ ਮੁਲਕਾਂ ਦੇ ਗੁਪਤ ਖ਼ਾਤਿਆਂ ਵਿਚ ਧਨ-ਦੌਲਤਾਂ ਦੇ ਭੰਡਾਰ ਜਮ੍ਹਾਂ ਹਨ, ਜੋ ਇਨ੍ਹਾਂ ਨੇ ਇਥੋ ਲੁੱਟਕੇ ਪ੍ਰਾਪਤ ਕੀਤੇ ਹਨ । ਅਜਿਹੇ ਕਿਰਦਾਰ ਦੇ ਮਾਲਿਕ ਆਗੂ ਨਾ ਤਾ ਮੁਲਕ ਨਿਵਾਸੀਆਂ ਦੀ ਕਦੀ ਬਹਿਤਰੀ ਕਰ ਸਕਦੇ ਹਨ ਅਤੇ ਨਾ ਹੀ ਇਥੇ ਉੱਚੇ-ਸੁੱਚੇ ਇਖ਼ਲਾਕ ਵਾਲੀਆਂ ਪਿਰਤਾ ਪਾ ਸਕਦੇ ਹਨ । ਉਹਨਾਂ ਕਿਹਾ ਕਿ ਇਹ ਹਿੰਦੂ ਸੋਚ ਵਾਲੀਆਂ ਪਾਰਟੀਆਂ ਸਿੱਖ ਕੌਮ ਨੂੰ ਨਿਸ਼ਾਨਾ ਬਣਾਕੇ ਹਮੇਸ਼ਾ ਬਦਨਾਮ ਕਰਦੀਆਂ ਆ ਰਹੀਆਂ ਹਨ । ਜਦੋਕਿ ਇਹ ਹਿੰਦ ਮੁਲਕ ਦੀ ਚੀਨ ਨਾਲ ਵੀ ਦੁਸ਼ਮਣੀ ਹੈ ਅਤੇ ਪਾਕਿਸਤਾਨ ਨਾਲ ਵੀ । ਇਕ ਪਾਸੇ ਹੁਕਮਰਾਨ ਇਹ ਕਹਿ ਰਹੇ ਹਨ ਕਿ ਹਿੰਦ ਧਰਮ ਨਿਰਪੱਖ ਮੁਲਕ ਹੈ । ਦੂਸਰੇ ਪਾਸੇ ਫ਼ਰਾਂਸ ਵਰਗੇ ਮੁਲਕ ਤੋ 12 ਬਿਲੀਅਨ ਡਾਲਰ ਦੇ ਲੜਾਕੂ ਹਵਾਈ ਜਹਾਜ਼ ਖ਼ਰੀਦ ਰਹੇ ਹਨ । ਇਨ੍ਹਾਂ ਦੀ ਅੰਦਰੂਨੀ ਤੇ ਬਹਿਰੂਨੀ ਸਮੁੱਚਾ ਪ੍ਰਬੰਧ ਇਨ੍ਹਾਂ ਦੀਆਂ ਬੇਈਮਾਨੀਆਂ ਕਰਕੇ ਤਹਿਸ਼-ਨਹਿਸ਼ ਹੋ ਚੁੱਕਾ ਹੈ । ਇਥੋ ਦੇ ਪ੍ਰਬੰਧ ਨੂੰ ਇਨਸਾਫ਼ ਵਾਲਾ ਬਣਾਉਣ ਲਈ ਅਤੇ ਹਿੰਦ ਨੂੰ ਫਿਰ ਤੋ ਗੁਲਾਮ ਹੋਣ ਤੋ ਬਚਾਉਣ ਲਈ ਇਕੋ-ਇਕ ਸਹੀ ਰਾਹ ਹੈ ਕਿ ਸਿੱਖ ਵਸੋਂ ਵਾਲਾ ਇਲਾਕਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਯੂਟੀ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਂਖ ਆਦਿ ਨੂੰ ਤੁਰੰਤ ਇਮਾਨਦਾਰੀ ਨਾਲ “ਬੱਫ਼ਰ ਸਟੇਟ (ਖ਼ਾਲਿਸਤਾਨ)” ਐਲਾਣਿਆਂ ਜਾਵੇ । ਅਜਿਹਾ ਹੋਣ ਨਾਲ ਹਿੰਦ ਦੇ ਨਿਵਾਸੀ ਵੀ ਅਤੇ ਸਿੱਖ ਕੌਮ ਵੀ ਅਮਨ-ਚੈਨ ਨਾਲ ਵਿਚਰ ਸਕਦੀ ਹੈ ਅਤੇ ਏਸੀਆਂ ਖਿੱਤੇ ਵਿਚ ਸਥਾਂਈ ਤੌਰ ਤੇ ਅਮਨ ਕਾਇਮ ਹੋ ਸਕਦਾ ਹੈ ਅਤੇ ਹਿੰਦ ਅਤੇ ਖ਼ਾਲਿਸਤਾਨ ਵਿਚ ਅੱਛਾ ਰਾਜ ਪ੍ਰਬੰਧ ਕਾਇਮ ਹੋ ਸਕੇਗਾ ।
ਸ. ਮਾਨ ਜੋ ਯੂਰਪ ਮੁਲਕਾਂ ਦੇ ਦੌਰੇ ਤੇ ਹਨ, ਨੇ ਟੈਲੀਫੋਨ ਤੇ ਗੱਲਬਾਤ ਕਰਦੇ ਹੋਏ ਇਕ ਹੋਰ ਤੱਥ ਵਾਰੇ ਜਾਣਕਾਰੀ ਦਿੱਤੀ ਕਿ ਉਥੋ ਦੀਆਂ ਹਕੂਮਤਾਂ ਅਤੇ ਲੋਕ ਸ. ਮਾਨ ਨੂੰ ਸਵਾਲ ਕਰ ਰਹੇ ਹਨ ਕਿ ਹੁਣ ਜਦੋ ਹਿੰਦ ਦਾ ਵਜ਼ੀਰ-ਏ-ਆਜ਼ਮ ਡਾ. ਮਨਮੋਹਨ ਸਿੰਘ ਸਿੱਖ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਵੀ ਸਿੱਖ ਹੈ ਅਤੇ ਵਿਰੋਧੀ ਪਾਰਟੀ ਦਾ ਆਗੂ ਕੈਪਟਨ ਅਮਰਿੰਦਰ ਸਿੰਘ ਵੀ ਸਿੱਖ ਹੈ ਅਤੇ ਇਨ੍ਹਾਂ ਕਾਂਗਰਸ ਅਤੇ ਬਾਦਲ-ਬੀਜੇਪੀ ਨੂੰ ਪੰਚ ਪ੍ਰਧਾਨੀ, ਦਲ ਖਾਲਸਾ, ਦਮਦਮੀ ਟਕਸਾਲ, ਆਖੰਡ ਕੀਰਤਨੀ ਜੱਥਾ, ਸੰਤ ਸਮਾਜ, ਫੈਡਰੇਸ਼ਨਾਂ ਆਦਿ ਸਿੱਖ ਜਥੇਬੰਦੀਆਂ ਵੋਟਾਂ ਪਾਕੇ ਅਤੇ ਚੋਣਾਂ ਵਿਚ ਹਰ ਤਰ੍ਹਾਂ ਦੀ ਮਦਦ ਕਰਦੀਆਂ ਹਨ ਤਾਂ ਸਿੱਖਾਂ ਨੂੰ ਪੰਜਾਬ ਵਿਚ ਕਿਸ ਗੱਲ ਦਾ ਖ਼ਤਰਾਂ ਹੈ ? ਸਿੱਖ ਕੌਮ ਨੂੰ ਖ਼ਾਲਿਸਤਾਨ ਮੁਲਕ ਹੋਂਦ ਵਿਚ ਲਿਆਉਣ ਦੀ ਕੀ ਲੋੜ ਹੈ ? ਤਾਂ ਹੁਣ ਖ਼ਾਲਿਸਤਾਨ ਦੀ ਕਦੇ ਉੱਚੀ ਸੁਰ ਵਿਚ ਗੱਲ ਕਰਨ ਵਾਲੀਆਂ ਉਪਰੋਕਤ ਜਥੇਬੰਦੀਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੋਦ ਦਾ ਨਿੱਘ ਮਾਨਣ ਵਾਲੇ ਅਖੌਤੀ ਫੈਡਰੇਸ਼ਨੀਏ ਸਿੱਖ ਕੌਮ ਨੂੰ ਜੁਆਬ ਦੇਣ ਕਿ ਉਹ ਕਾਂਗਰਸ, ਬਾਦਲ-ਬੀਜੇਪੀ ਦੇ ਹੱਕ ਵਿਚ ਕਿਸ ਤਰ੍ਹਾਂ ਭੁਗਤਦੇ ਹਨ ਅਤੇ ਉਹਨਾਂ ਨੂੰ ਹਰ ਖੇਤਰ ਵਿਚ ਇਮਦਾਦ ਕਰਦੇ ਹਨ । ਅਜਿਹਾ ਕਰਨ ਪਿੱਛੇ ਉਹਨਾਂ ਦੇ ਕੀ ਸਵਾਰਥ ਹਨ ?