ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਸਥਾਪਨਾ ਦਿਵਸ ਮੌਕੇ ਡਾ: ਗੁਰਚਰਨ ਸਿੰਘ ਕਾਲਕਟ, ਚੇਅਰਮੈਨ, ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਅਤੇ ਸਾਬਕਾ ਵਾਈਸ ਚਾਂਸਲਰ ਪੀ ਏ ਯੂ ਨੇ ਧਰਤੀ ਹੇਠਲੇ ਪਾਣੀ ਦੀ ਨਿਤਾਪ੍ਰਤੀ ਹੋ ਰਹੀ ਗਿਰਾਵਟ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਹੇਠ ਆਉਂਦੇ ਰਕਬੇ ਨੂੰ ਘਟਾਉਣ ਤੇ ਜ਼ੋਰ ਦਿੱਤਾ। ਖੇਤੀ ਵੰਨ ਸੁਵੰਨਤਾ ਨੂੰ ਅਪਨਾਉਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਮੱਕੀ, ਦਾਲਾਂ, ਸਬਜ਼ੀਆਂ ਅਤੇ ਫ਼ਲਾਂ ਆਦਿ ਦੀ ਕਾਸ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਨਾਲ ਨਾਲ ਸਾਡੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਆਦਿ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਇਸ ਮੌਕੇ ਡਾ: ਬੀ ਐਸ ਆਹਲੂਵਾਲੀਆ, ਅੰਤਰਰਾਸ਼ਟਰੀ ਵਿਗਿਆਨੀ ਅਤੇ ਸਾਬਕਾ ਮੈਂਬਰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ, ਡਾ: ਆਰ ਬੀ ਸਿੰਘ, ਪ੍ਰਧਾਨ, ਨੈਸ਼ਨਲ ਅਕਾਦਮੀ ਆਫ ਐਗਰੀਕਲਚਰਲ ਸਾਇੰਸਜ਼, ਡਾ: ਐਸ ਐਲ ਮਹਿਤਾ, ਸਾਬਕਾ ਵਾਈਸ ਚਾਂਸਲਰ, ਮਹਾਂਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ, ਉਦੈਪੁਰ ਅਤੇ ਸਾਬਕਾ ਡਿਪਟੀ ਡਾਇਰੇਕਟਰ ਜਨਰਲ (ਸਿੱਖਿਆ), ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਡਾ: ਸੀ ਡੀ ਮਾਈ, ਸਾਬਕਾ ਚੇਅਰਮੈਨ, ਐਗਰੀਕਲਚਰਲ ਸਾਇੰਟਿਸਟਜ਼ ਰਿਕਰੂਟਮੈਂਟ ਬੋਰਡ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਭੰਗੜਾ, ਗਿੱਧਾ, ਲੋਕ ਗੀਤ, ਮਾਈਮ ਅਤੇ ਸੋਲੋ ਡਾਂਸ ਆਦਿ ਵੀ ਪੇਸ਼ ਕੀਤੇ ਗਏ।
ਖੇਤੀ ਵੰਨ ਸੁਵੰਨਤਾ ਅਪਣਾਓ ਅਤੇ ਝੋਨੇ ਅਧੀਨ ਰਕਬਾ ਘਟਾਓ-ਡਾ: ਕਾਲਕਟ
This entry was posted in ਖੇਤੀਬਾੜੀ.