ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਮਿਲ ਕੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ 229ਵੀਂ ਬਰਸੀ ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਘਿਉ ਮੰਡੀ ਚੌਂਕ ਅੰਮ੍ਰਿਤਸਰ ਵਿਖੇ ਮਨਾਈ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਸ਼ਾਤ ਤੇ ਭਾਈ ਰਾਏ ਸਿੰਘ ਦੇ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਨਿਰਦੇਸਾਂ ਅਨੁਸਾਰ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਤੇ ਸ਼ਹੀਦੀ ਪੁਰਬ, ਭਗਤਾਂ ਤੇ ਸ਼ਹੀਦਾਂ ਦੇ ਜਨਮ ਤੇ ਸ਼ਹੀਦੀ ਦਿਹਾੜੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀ ਹੈ। ਇਸ ਵਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਏ ਉਪਰੰਤ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਬਾਣੀ ਅਤੇ ਬਾਣੇ ਦੇ ਧਾਰਨੀ ਮਹਾਨ ਸਿੱਦਕੀ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ 229ਵੀਂ ਬਰਸੀ ਵਿਸ਼ਾਲ ਤੌਰ ਤੇ ਮਿਲ ਕੇ ਮਨਾਈ ਜਾ ਰਹੀ ਹੈ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਬੁੱਢਾ ਦਲ ਦੇ ਚੌਥੇ ਜਥੇਦਾਰ ਸਨ ਤੇ ਆਪ ਨੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ ਤੇ ਛੋਟੀ ਉਮਰ ਤੋਂ ਜਥੇ ‘ਚ ਰਹਿ ਕੇ ਦੁਨਿਆਵੀ ਵਿੱਦਿਆ ਸੰਸਕ੍ਰਿਤ, ਫਾਰਸੀ ਆਦਿ ਤੋਂ ਇਲਾਵਾ ਸ਼ਸਤਰ ਵਿੱਦਿਆ ਵੀ ਹਾਸਲ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦੇ ਨਾਮ ਤੇ ਇਸ ਦਲ ਦਾ ਨਾਮ ਬੁੱਢਾ ਦਲ ਰੱਖਿਆ ਗਿਆ ਸੀ, ਜਿਸ ਦੇ 14ਵੇਂ ਮੁਖੀ ਦੇ ਤੌਰ ਤੇ ਬਾਬਾ ਬਲਬੀਰ ਸਿੰਘ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮੁੱਚੀ ਕੌਮ ਨੂੰ ਲੋੜ ਹੈ ਕਿ ਉਹ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਕੀਤੀਆਂ ਸੇਵਾਵਾਂ ਤੇ ਅਮਲ ਕਰਨ।
ਬਰਸੀ ਸਮਾਗਮ ਮੌਕੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਰਕੇ ਭਾਵੇਂ ਆਪ ਇਸ ਮਹਾਨ ਸਮਾਗਮ ‘ਚ ਹਾਜ਼ਰ ਨਹੀ ਹੋਏ ਪ੍ਰੰਤੂ ਉਹਨਾਂ ਵੱਲੋਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਮਨਾਉਣ ਲਈ ਬੁੱਢਾ ਦਲ ਦੇ ਜਥੇਦਾਰ ਬਲਬੀਰ ਸਿੰਘ ਨਾਲ ਮਿਲ ਕੇ ਜੋ ਵਿਸ਼ੇਸ਼ ਉਪਰਾਲਾ ਕੀਤਾ ਹੈ, ਇਸ ਲਈ ਉਹ ਵਧਾਈ ਦੇ ਪਾਤਰ ਹਨ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇ:ਜੱਸਾ ਸਿੰਘ ਨੇ ਸ.ਬਦਰ ਸਿੰਘ ਦੇ ਘਰ ਤੇ ਮਾਤਾ ਜੀਵਨ ਕੌਰ ਦੀ ਪਵਿੱਤਰ ਕੁੱਖੋਂ 3 ਮਈ 1718 ਈ: ਨੂੰ ਪਿੰਡ ਆਹਲੂਵਾਲ (ਪਾਕਿਸਤਾਨ) ‘ਚ ਜਨਮ ਲਿਆ। ਛੋਟੀ ਉਮਰੇ ਹੀ ਸਿਰ ਤੋਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਆਪ ਜਥੇਦਾਰ ਨਵਾਬ ਕਪੂਰ ਸਿੰਘ ਪਾਸ ਆ ਗਏ। ਨਵਾਬ ਕਪੂਰ ਸਿੰਘ ਜੀ ਨੂੰ ਜਥੇਦਾਰ ਜੱਸਾ ਸਿੰਘ ਦੀ ਨੇਕ ਨੀਅਤੀ, ਸਾਊ ਸੁਭਾਅ ਤੇ ਸਿੱਦਕੀ ਹੋਣਾ ਚੰਗਾ ਲੱਗਾ ਤਾਂ ਆਪ ਨੂੰ ਨਵਾਬ ਕਪੂਰ ਸਿੰਘ ਨੇ ਆਪਣੇ ਪਾਸ ਰੱਖ ਲਿਆ। ਇਥੇ ਹੀ ਜਥੇ: ਜੱਸਾ ਸਿੰਘ ਨੇ ਨੇਜਾਬਾਜੀ, ਘੋੜ ਸਵਾਰੀ, ਤੇਗ ਜੌਹਰ, ਤੀਰ ਕਮਾਨ ਆਦਿ ਦੀ ਬਰੀਕੀ ਨਾਲ ਸਿੱਖਿਆ ਪ੍ਰਾਪਤ ਕੀਤੀ ਤੇ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ‘ਚ ਸ਼ਾਮਲ ਹੋ ਗਏ। ਸ.ਜੱਸਾ ਸਿੰਘ ਆਹਲੂਵਾਲੀਆ ਨੇ ਜਿਥੇ ਬਹੁਤ ਸਾਰੇ ਅਫਗਾਨੀਆਂ ਨੂੰ ਸੋਧਿਆ ਉਥੇ ਅਹਿਮਦਸ਼ਾਹ ਅਬਦਾਲੀ ਪਾਸੋਂ ਬਹੁਤ ਸਾਰੀਆਂ ਹਿੰਦੂ ਲੜਕੀਆਂ ਨੂੰ ਬਾ-ਇੱਜਤ ਛੁਡਵਾਇਆ। ਐਸੇ ਸਿੱਦਕੀ ਸਿੰਘ ਦੀ ਯਾਦ ਸਾਨੂੰ ਹਮੇਸ਼ਾ ਮਨਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਤੇ ਉਸ ਤੋਂ ਪ੍ਰੇਰਣਾ ਮਿਲਦੀ ਰਹੇ।
ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਵਿਸ਼ੇਸ਼ ਤੌਰ ਤੇ ਧੰਨਵਾਦੀ ਹਨ ਜਿੰਨ੍ਹਾਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ 229ਵੀਂ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਵੱਡਾ ਯੋਗਦਾਨ ਪਾਇਆ ਹੈ। ਅੱਜ ਬੁੱਢਾ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਮਿਲ ਕੇ ਸੁਲਤਾਨ-ਉਲ-ਕੌਮ ਮਹਾਨ ਯੋਧੇ, ਜਰਨੈਲ, ਪੰਥ ਸੇਵਕ ਜਥੇਦਾਰ ਜੱਸਾ ਸਿੰਘ ਦੀ ਬਰਸੀ ਮਨਾਈ ਗਈ ਹੈ। ਉਹਨਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਆਪ ਇਸ ਸਮਾਗਮ ‘ਚ ਸ਼ਾਮਲ ਹੋਣਾ ਸੀ ਪ੍ਰੰਤੂ ਸਿਹਤ ਠੀਕ ਨਾ ਹੋਣ ਕਰਕੇ ਉਹ ਸਮਾਗਮ ‘ਚ ਸ਼ਾਮਲ ਨਹੀ ਹੋ ਸਕੇ, ਪ੍ਰੰਤੂ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ ਇਥੇ ਹਾਜ਼ਰ ਹੈ, ਜੋ ਜਥੇਬੰਦੀ ਵਾਸਤੇ ਖੁਸ਼ੀ ਦੀ ਗੱਲ ਹੈ, ਉਨ੍ਹਾਂ ਸਮੂਹ ਜਥੇਬੰਦੀਆਂ ਦੇ ਮੁਖੀਆਂ ਤੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ.ਸਤਿਬੀਰ ਸਿੰਘ ਐਡੀ:ਸਕੱਤਰ(ਪ੍ਰਚਾਰ), ਸ.ਦਿਲਜੀਤ ਸਿੰਘ ਬੇਦੀ ਤੇ ਸ.ਬਿਜੈ ਸਿੰਘ ਮੀਤ ਸਕੱਤਰ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੂੰ ਲੋਈ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ।
ਬਰਸੀ ਸਮਾਗਮ ਮੌਕੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਵੀ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਤੇ ਰੌਸ਼ਨੀ ਪਾਈ। ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬਰਸੀ ਸਮਾਗਮ ਮੌਕੇ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਪੂਰਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਂਦਾਤੀ, ਗਿਆਨੀ ਸੁਖਜਿੰਦਰ ਸਿੰਘ, ਗਿਆਨੀ ਜਗਤਾਰ ਸਿੰਘ ਲੁਧਿਆਣਾ ਆਦਿ ਨੂੰ ਲੋਈ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ। ਸਟੇਜ਼ ਦੀ ਸੇਵਾ ਉੱਘੇ ਸਿੱਖ ਚਿੰਤਕ ਸ.ਭਗਵਾਨ ਸਿੰਘ ਜੌਹਲ ਨੇ ਬਾਖੂਬੀ ਨਿਭਾਈ।
ਇਸ ਮੌਕੇ ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਸ.ਐਸ.ਪੀ. ਸਿੰਘ ਇੰਚਾਰਜ ਗੁਰਬਾਣੀ ਪ੍ਰਸਾਰਤ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਸ਼੍ਰੋਮਣੀ ਕਮੇਟੀ, ਬਾਬਾ ਜੱਸਾ ਸਿੰਘ ਪੀ.ਏ. ਬੁੱਢਾ ਦਲ, ਬਾਬਾ ਸੇਵਾ ਸਿੰਘ ਸੁਰਸਿੰਘ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਗੱਜਣ ਸਿੰਘ, ਬਾਬਾ ਹਰਭਜਨ ਸਿੰਘ ਬੁਰਜ ਅਕਾਲੀ ਫੂਲਾ ਸਿੰਘ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ, ਬਾਬਾ ਸੁਖਵਿੰਦਰ ਸਿੰਘ ਸਟੇਜ ਸਕੱਤਰ ਬੁੱਢਾ ਦਲ, ਬਾਬਾ ਬਲਦੇਵ ਸਿੰਘ ਗੰਡੀਵਿੰਡ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿੱਣਤੀ ‘ਚ ਸੰਗਤਾਂ ਮੌਜੂਦ ਸਨ।