ਰਿਸ਼ਤੇ

“ਗੱਲ ਇਉਂ ਹੈ ਸ਼ੱਜਣ ਸਿਆਂ, ਬਈ ਸ਼ਾਡੀ ਕੁੜੀ ਨੇ ਬਥੇਰੇ ਸ਼ਾਲ ਆਪਣੇ ਦੀਦੇ ਗਾਲੇ ਨੇ ਕਿਤਾਬਾਂ ‘ਚ । ਅਸ਼ੀਂ ਵੀ ਆਪਣੇ ਵਿਤੋਂ ਵਧ ਕੇ ਅੰਨ੍ਹਾਂ ਪੈਸ਼ਾ ਰੋੜਿਐ ਓਹਦੀ ਪੜ੍ਹਾਈ ‘ਤੇ । ਰੋਜ਼ ਕੱਲੀ ਕੁੜੀ ਸ਼ਹਿਰ ਜਾਂਦੀ ਸ਼ੀ । ਘਰੇ ਆ ਕੇ ਵੀ ਅੱਧੀ ਰਾਤ ਤੱਕ ਕਿਤਾਬਾਂ ‘ਚ ਸਿਰ ਦੇਈ ਰੱਖਦੀ ਸ਼ੀ, ਤਾਂ ਕਿਤੇ ਜਾ ਕੇ ‘ਗਰੇਜੀ ਦਾ ਟੈਸ਼ਟ ਪਾਸ਼ ਹੋਇਐ । ਤਿੰਨ ਆਰੀ ਟੈਸ਼ਟ ਦਿੱਤਾ ਤਾਂ ਜਾ ਕੇ ਪੂਰੇ ਲੰਬਰ ਆਏ ਐ । ਬੱਤਰ ਸ਼ੌ ਫੀਸ਼ ਭਰੀ ਐ ਇੱਕ ਆਰੀ ਦੀ ਤੇ ਤਿੰਨ ਆਰੀ ਟੈਸ਼ਟ ਦੇਣਾ ਪਿਐ । ਇਹ ਤਾਂ ਥੋਨੂੰ ਵੀ ਪਤੈ ਬਈ ‘ਗਰੇਜੀ ਪਾਸ਼ ਕਰਨੀ ਕਿੰਨੀ ਔਖੀ ਐ, ਜੇ ਸ਼ੌਖੀ ਹੁੰਦੀ ਤਾਂ ਆਪਣੇ ਕਾਕਾ ਜੀ ਨੇ ਆਪ ਈ ਟੈਸ਼ਟ ਪਾਸ਼ ਕਰ ਲੈਣਾ ਸ਼ੀ ਤੇ ਚਲਾ ਜਾਣਾ ਸ਼ੀ ‘ਸ਼ਟ੍ਰੇਲੀਆ । ਥੋਨੂੰ ਵੀ ਸ਼ਰਦਾਰ ਜੀ ਸ਼ਾਰਾ ਈ ਗਿਆਨ ਐ ।”
“ਤੇਰੀ ਗੱਲ ਸੋਲਾਂ ਆਨੇ ਸੱਚੀ ਐ ਮਿੰਦਰਾ ! ਪਰ ਯਾਰ, ਫੇਰ ਵੀ ਗੱਲਬਾਤ ਤਾਂ ਰਾਹ ਸਿਰ ਦੀ ਚਾਹੀਦੀ ਐ । ਤੂੰ ਤਾਂ ਯਾਰ ਜਵਾਂ ਈ ਬਦਲਿਆ ਬਦਲਿਆ ਜਿਆ ਜਾਪਦੈਂ । ਸਾਡਾ ਯਾਰ ਮਿੰਦਰ ਤਾਂ ਐਂ ਤੋੜਵੀਂ ਗੱਲ ਕਰਨ ਆਲਾ ਹੈ ਈ ਨਹੀਂ ਸੀ । ਤੂੰ ਕਿਸਮਤ ਵਾਲਾ ਐ ਜੋ ਏਨੀ ਲੈਕ ਕੁੜੀ ਨਿੱਕਲੀ  ਤੇਰੀ । ਪਰ ਮਾਸਟਰ ਵੀ ਤਾਂ ਸਾਡਾ ਆਪਣਾ ਬੰਦਾ ਐ । ਤੈਨੂੰ ਪਤਾ ਈ ਐ ਪਈ ਮੁੰਡਾ ਤਾਂ ਏਹਦਾ ਵੀ ਬਹੁਤ ਲੈਕ ਐ, ਬੜਾ ਸ਼ਰੀਫ਼ ਤੇ ਮਿਹਨਤੀ ਮੁੰਡੈ ਪਰ ਬੀ. ਆ. ਪੜ੍ਹ ਕੇ ਵੀ ਵਿਹਲਾ ਫਿਰਦੈ । ਸਾਰੀ ਚਾਰ ਸਿਆੜ ਪੈਲੀ ਐ, ਕਿੱਥੋਂ ਮਾਸਟਰ ਏਨਾਂ ਖਰਚਾ ਝੱਲ ਲਊ ? ਇਉਂ ਕਰੋ ਬਈ ਖਰਚਾ ਅੱਧੋ ਅੱਧ ਕਰ ਲਓ, ਦੋ ਸਾਲ ਦੀ ਪੜ੍ਹਾਈ ਐ । ਕੱਲੇ ਮਾਸਟਰ ਨੂੰ ਪੰਦਰਾਂ ਲੱਖ ਕੱਢਣਾ ਔਖੈ, ਜੇ ਕਿਤੇ ਮੁੰਡਾ ਸੈੱਟ ਹੋ ਗਿਆ ਤਾਂ ਇਹਦੀ ਵੀ ਜੂਨ ਸੁਧਰ ਜੂ, ਬੁਢੇਪਾ ਸੌਖਾ ਕੱਢ ਲੂ । ਜੇ ਮੁੰਡਾ ਸੈੱਟ ਹੋ ਜੂ ਤਾਂ ਤੇਰੀ ਕੁੜੀ ਵੀ ਤਾਂ ਓਧਰ ਹੀ ਸੈੱਟ ਹੋਊ, ਥੋਡਾ ਵੀ ਤਾਂ ਭਲਾ ਈ ਐ ।”
“ਸ਼ੱਜਣ ਸਿਆਂ ! ਯਾਰੀ ਤੇ ਵਪਾਰ ਅੱਡੋ ਅੱਡ ਈ ਚੰਗੇ ਰਹਿੰਦੇ ਐ । ਤੈਨੂੰ ਪਤਾ ਈ ਐ ਬਈ ਸ਼ਾਨੂੰ ਵੀ ਆ ਦਿਨ ਉਡੀਕਦਿਆਂ ਕਿੰਨੇ ਸ਼ਾਲ ਲੰਘ ਗੇ, ਬਈ ਕਦੋਂ ਕੁੜੀ ਟੈਸ਼ਟ ਪਾਸ਼ ਕਰਲੇ ਤੇ ਓਹਨੂੰ ਬਾਹਰ ਭੇਜਣ ਆਲੇ ਬਣੀਏ । ਹੁਣ ਬਾਈ ਸ਼ਾਡੀਆਂ ਵੀ ਤਾਂ ਸ਼ਾਰੇ ਟੱਬਰ ਦੀਆਂ ਆਸ਼ਾਂ ਏਸ਼ੇ ਨਾਲ ਈ ਐ । ਕੁੜੀ ਜਾਊਗੀ, ਚਾਰ ਪੈਸ਼ੇ ਕਮਾਊਗੀ ਤੇ ਕੋਈ ਚੰਗਾ ਘਰ ਬਾਰ ਦੇਖਕੇ ਆਵਦੇ ਸਿਰੋਂ ਭਾਰ ਲਾਹੁਣ ਆਲੇ ਬਣੀਏ । ਬਾਕੀ ਰਹੀ ਪੰਦਰਾਂ ਲੱਖ ਦੀ ਗੱਲ ਤਾਂ ਬਾਈ ਮੇਰਿਆ, ਪੰਦਰਾਂ ਛੱਡ ਕਈ ਪੰਦਰਾਂ ਲੱਖ ਕਾਕਾ ਜੀ ਨੇ ਕਮਾ ਲੈਣੇ ਐ, ਬੱਸ਼ ਇੱਕ ਆਰੀ ਬਾਹਰ ਜਾਣ ਦੀ ਦੇਰ ਐ ।”
“ਆ ਚਾਹ ਲੈ ਜਾ, ਜੀਤਾਂ ਦੇ ਬਾਪੂ”, ਰਸੋਈ ‘ਚੋਂ ਮਹਿੰਦਰ ਸਿੰਘ ਦੀ ਘਰ ਵਾਲੀ ਨੇ ਆਵਾਜ਼ ਲਗਾਈ ਤੇ ਮਹਿੰਦਰ ਚਾਹ ਲੈਣ ਲਈ ਚਲਾ ਗਿਆ ।
ਤਿੰਨ ਕੁ ਮਹੀਨੇ ਹੋਏ, ਮਹਿੰਦਰ ਦੀ ਕੁੜੀ ਸਰਬਪ੍ਰੀਤ ਨੇ ਆਈਲੈਟਸ ਦਾ ਟੈਸਟ ਪਾਸ ਕਰ ਲਿਆ ਸੀ ਤੇ ਅੱਜ ਲਾਗਲੇ ਪਿੰਡ ਰਹਿੰਦਾ ਉਹਦਾ ਬੇਲੀ ਸੱਜਣ ਸਿੰਘ ਆਪਣੇ ਪਿੰਡ ਦੇ ਮਾਸਟਰ ਬਲਵਿੰਦਰ ਸਿੰਘ ਨੂੰ ਲੈ ਕੇ ਆਇਆ ਸੀ । ਮਾਸਟਰ ਦਾ ਮੁੰਡਾ ਰਾਜਵੀਰ ਬੀ ਏ ਪਾਸ ਸੀ ਪਰ ਬੇਰੋਜ਼ਗਾਰੀ ਦਾ ਦੈਂਤ ਉਹਦੇ ਤਰੱਕੀ ਕਰਨ ਦੇ ਰਸਤੇ ਦੀ ਰੁਕਾਵਟ ਬਣਿਆ ਹੋਇਆ ਸੀ । ਰਾਜਵੀਰ ਬਹੁਤ ਲਾਇਕ ਤੇ ਮਿਹਨਤੀ ਨੌਜਵਾਨ ਸੀ । ਨੌਕਰੀ ਮਿਲਦੀ ਨਹੀਂ ਸੀ ਤੇ ਪੈਲੀ ਏਨੀ ਹੈ ਨਹੀਂ ਸੀ ਕਿ ਸਿਰਫ਼ ਖੇਤੀ ਦੇ ਸਿਰ ‘ਤੇ ਗੁਜ਼ਾਰਾ ਕਰ ਸਕਦਾ । ਉਂਝ ਵੀ ਮਹਿੰਗੀਆਂ ਰੇਹਾਂ, ਸਪਰੇਆਂ, ਡੀਜ਼ਲ ਦੇ ਵਧਦੇ ਭਾਅ ਤੇ ਖੇਤੀ ਦੇ ਵਧਦੇ ਖਰਚਿਆਂ ਕਰਕੇ ਏਨੀ ਹਿੰਮਤ ਨਹੀਂ ਸੀ ਕਿ ਕੁਝ ਪੈਲੀ ਠੇਕੇ ‘ਤੇ ਲੈ ਕੇ ਖੇਤੀ ਕਰ ਸਕੇ । ਬਾਪ ਸਰਕਾਰੀ ਸਕੂਲ ‘ਚ ਮਾਸਟਰ ਲੱਗਾ ਹੋਇਆ ਸੀ ਤੇ ਕੁੱਲ ਮਿਲਾ ਕੇ ਛੋਟਾ ਪਰਿਵਾਰ ਹੋਣ ਕਾਰਨ ਤਨਖ਼ਾਹ ਤੇ ਅੱਧ ‘ਤੇ ਦਿੱਤੀ ਚਾਰ ਚੱਪੇ ਪੈਲੀ ਕਾਰਨ ਘਰ ਦਾ ਖ਼ਰਚ ਰੁੜਿਆ ਆਉਂਦਾ ਸੀ । ਪਰ ਕਦ ਤੱਕ ? ਕਦੇ ਨਾ ਕਦੇ ਤਾਂ ਰਾਜਵੀਰ ਨੂੰ ਆਪਣੇ ਪੈਰਾਂ ਸਿਰ ਹੋਣਾ ਹੀ ਪੈਣਾ ਸੀ ਤੇ ਹਾਲਾਤ ਤਾਂ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਸਨ । ਕਦੇ ਉਹ ਸੋਚਦਾ ਕਿ ਅੱਗੇ ਹੋਰ ਕੋਈ ਪੜ੍ਹਾਈ ਕਰ ਲਵੇ, ਈ ਟੀ ਟੀ ਜਾਂ ਕੋਈ ਮਾਸਟਰ ਡਿਗਰੀ ਪਰ ਰੋਜ਼ਾਨਾ ਅਖ਼ਬਾਰਾਂ ‘ਚ ਉਚ ਵਿੱਦਿਆ ਪ੍ਰਾਪਤ ਨੌਜਵਾਨਾਂ ਦੀ ਹੁੰਦੀ ਦੁਰਗਤੀ ਕਾਰਣ ਹੋਰ ਪੜ੍ਹਾਈ ਕਰਨ ਦਾ ਉਸਦਾ ਹੌਸਲਾ ਨਾ ਪੈਂਦਾ । ਹਰ ਤੀਜੇ ਦਿਨ ਕਿਤੇ ਨਾ ਕਿਤੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ‘ਤੇ ਪੁਲਿਸ ਵੱਲੋਂ ਤੇਜ਼ ਪਾਣੀ ਦੀਆਂ ਬੌਛਾਰਾਂ ਸਿੱਟੀਆਂ ਜਾਂਦੀਆਂ ਜਾਂ ਕਈ ਵਾਰ ਲਾਠੀਚਾਰਜ ਵੀ ਕੀਤਾ ਜਾਂਦਾ । ਨੌਜਵਾਨ ਮੁੰਡਿਆਂ ਦੀਆਂ ਪੱਗਾਂ ਤੱਕ ਰੋਲ ਦਿੱਤੀਆਂ ਜਾਂਦੀਆਂ । ਇੱਕ ਪਿੰਡ ‘ਚ ਤਾਂ ਹੱਦ ਹੀ ਹੋ ਗਈ ਜਦ ਪਿੰਡ ਦੇ ਸਰਪੰਚ ਨੇ ਪੜ੍ਹੀ ਲਿਖੀ ਨੌਜਵਾਨ ਬੇਰੋਜ਼ਗਾਰ ਕੁੜੀ ਦੇ ਥੱਪੜ ਮਾਰਿਆ । ਸੋ, ਜਿੱਥੇ ਉਚ ਵਿੱਦਿਆ ਪ੍ਰਾਪਤ ਨੌਜਵਾਨਾਂ ਨਾਲ਼ ਅਜਿਹਾ ਗ਼ੈਰ-ਮਨੁੱਖੀ ਵਿਵਹਾਰ ਹੋ ਰਿਹਾ ਸੀ, ਉਥੇ ਬੀ ਏ ਪਾਸ ਨੂੰ ਕਿਸ ਨੇ ਪੁੱਛਣਾ ਸੀ ? ਅਜੋਕੇ ਕੰਪੀਟੀਸ਼ਨ ਦੇ ਯੁੱਗ ‘ਚ ਨਵੀਂ ਦੁਕਾਨਦਾਰੀ ਚਲਾਉਣੀ ਵੀ ਖਾਲਾ ਜੀ ਦਾ ਵਾੜਾ ਨਹੀਂ ਹੈ, ਜੇਕਰ ਵੱਡੇ ਪੱਧਰ ਦਾ ਕਾਰੋਬਾਰ ਕੀਤਾ ਜਾਵੇ ਤਾਂ ਕਾਮਯਾਬੀ ਦੇ ਬਹੁਤ ਚਾਂਸ ਹਨ ਪਰ ਜੋ ਆਰਥਿਕ ਹਾਲਾਤ ਮਾਸਟਰ ਬਲਵਿੰਦਰ ਸਿੰਘ ਤੇ ਉਸਦੇ ਪਰਿਵਾਰ ਦੇ ਸਨ, ਉਸ ਨਾਲ਼ ਅਜਿਹਾ ਕਾਰੋਬਾਰ ਕਰਨਾ ਸੰਭਵ ਨਹੀਂ ਸੀ । ਹੋਣਹਾਰ ਹੋਣ ਦੇ ਬਾਵਜੂਦ ਸਾਰੇ ਰਸਤੇ ਬੰਦ ਨਜ਼ਰ ਆਉਣ ਕਾਰਨ ਹੁਣ ਉਹ ਇਹ ਸੋਚ ਰਹੇ ਸਨ ਕਿ ਜੇਕਰ ਰਾਜਵੀਰ ਵਿਦੇਸ਼ ਜਾ ਕੇ ਸੈੱਟ ਹੋ ਜਾਵੇ ਤਾਂ ਉਸਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਜਾਵੇਗੀ । ਟ੍ਰੈਵਲ ਏਜੰਟਾਂ ਨਾਲ਼ ਮੀਟਿੰਗਾਂ ਤੇ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਇਹੀ ਫੈਸਲਾ ਕੀਤਾ ਗਿਆ ਕਿ ਰਾਜਵੀਰ ਆਸਟ੍ਰੇਲੀਆ ਚਲਾ ਜਾਵੇ, ਕਿਉਂਜੋ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣਾ ਕੁਝ ਸੌਖਾ ਸੀ । ਨਾਲ ਹੀ ਇੱਕ ਹੋਰ ਸੋਚ ਉਨ੍ਹਾਂ ਲਈ ਇਹ ਵੀ ਵਿਚਾਰਨਯੋਗ ਸੀ ਕਿ ਜੇਕਰ ਰਾਜਵੀਰ ਖੁਦ ਵਿਦਿਆਰਥੀ ਬਣ ਕੇ ਜਾਏਗਾ ਤਾਂ ਪੜ੍ਹਾਈ ਦੇ ਨਾਲ਼ ਕਮਾਈ ਕਦੋਂ ਕਰੇਗਾ ? ਸੋ, ਏਜੰਟਾਂ ਨੇ ਸਲਾਹ ਦਿੱਤੀ ਕਿ ਕੋਈ ਅਜਿਹੀ ਕੁੜੀ ਲੱਭੀ ਜਾਏ ਜੋ ਕਿ ਵਿਦਿਆਰਥੀ ਬਣਕੇ ਤੇ ਰਾਜਵੀਰ ਨਾਲ਼ ਵਿਆਹ ਕਰਵਾ ਕੇ ਆਸਟ੍ਰੇਲੀਆ ਜਾ ਸਕੇ,  ਇਸ ਨਾਲ਼ ਆਸਟ੍ਰੇਲੀਆ ਜਾਣ ਦਾ ਜੋ ਖਰਚਾ ਹੋਏਗਾ, ਉਹ ਕਮਾਈ ਕਰਕੇ ਪੂਰਾ ਕੀਤਾ ਜਾ ਸਕੇਗਾ । ਉਹ ਸੋਚਦੇ ਸਨ ਕਿ ਜੇਕਰ ਰਾਜਵੀਰ ਵਿਦੇਸ਼ ‘ਚ ਸੈੱਟ ਹੋ ਜਾਏਗਾ ਤਾਂ ਉਸਦੀ ਛੋਟੀ ਭੈਣ ਦਾ ਰਿਸ਼ਤਾ ਵੀ ਚੰਗੇ ਘਰ ਕੀਤਾ ਜਾ ਸਕੇਗਾ । ਨਹੀਂ ਤਾਂ ਜੋ ਚਾਰ ਸਿਆੜ ਸਨ, ਉਨ੍ਹਾਂ ‘ਚ ਵੀ ਬੇਗਾਨਾ ਹੱਲ ਚੱਲਣਾ ਨਜ਼ਰੀਂ ਆਉਂਦਾ ਸੀ ।
ਮਾਸਟਰ ਬਲਵਿੰਦਰ ਸਿੰਘ ਦੇ ਪਿੰਡ ਦਾ ਸੱਜਣ ਸਿੰਘ ਚੱਲਦਾ ਪੁਰਜਾ ਸੀ । ਅਜਿਹੀ ਜੋੜ ਤੋੜ ਕਰਨ ‘ਚ ਮਾਹਿਰ ਸੀ ਤੇ ਜਦ ਮਾਸਟਰ ਨੇ ਆਪਣੀ ਸਮੱਸਿਆ ਦਾ ਜਿ਼ਕਰ ਉਸ ਕੋਲ ਕੀਤਾ ਤਾਂ ਉਸ ਆਪਣੇ ਮਿੱਤਰ ਮਹਿੰਦਰ ਸਿੰਘ ਦੀ ਕੁੜੀ ਸਰਬਪ੍ਰੀਤ ਬਾਰੇ ਗੱਲਬਾਤ ਚੱਲਾ ਲਈ ਸੀ । ਅੱਜ ਉਹ ਦੋਵੇਂ ਇਸੇ ਬਾਬਤ ਗੱਲਬਾਤ ਸਿਰੇ ਚੜ੍ਹਾਉਣ ਦੀ ਮੰਸ਼ਾ ਨਾਲ਼ ਮਹਿੰਦਰ ਸਿੰਘ ਦੇ ਘਰ ਆਏ ਹੋਏ ਸਨ ।
“ਲੈ ਬਈ ਮਾਸ਼ਟਰ ਜੀ ! ਤੁਸ਼ੀਂ ਪਹਿਲਾਂ ਚਾਹ ਪੀਓ, ਗੱਲਾਂ ਤਾਂ ਨਾਲ ਦੀ ਨਾਲ ਚੱਲਦੀਆਂ ਰਹਿਣਗੀਆਂ, ਹੀ ਹੀ ਹੀ”, ਮਹਿੰਦਰ ਸਿੰਘ ਨੇ ਕਰੇੜੇ ਵਾਲੇ ਪੀਲੇ ਪਏ ਦੰਦ ਕੱਢਦਿਆਂ ਕਿਹਾ । ਹੁਣ ਤੱਕ ਦੀ ਹੋਈ ਗੱਲਬਾਤ ਤੋਂ ਉਹ ਸਮਝ ਚੁੱਕਾ ਸੀ ਕਿ ਤੱਕੜੀ ਦਾ ਓਹਦੇ ਵਾਲਾ ਪੱਲੜਾ ਭਾਰੂ ਸੀ ਤੇ ਆਇਆ ਮਹਿਮਾਨ ਕਾਫ਼ੀ ਮਜ਼ਬੂਰ ਸੀ ।
“ਆਹ ਬਿਸ਼ਕਟ ਵੀ ਲੌ ਮਾਸ਼ਟਰ ਜੀ”, ਮਹਿੰਦਰ ਸਿੰਘ ਨੇ ਬਿਸਕੁਟਾਂ ਦੀ ਪਲੇਟ ਅੱਗੇ ਕੀਤੀ ।
“ਸਰਦਾਰ ਮਹਿੰਦਰ ਸਿੰਘ ਜੀ, ਤੁਹਾਡੀਆਂ ਸਾਰੀਆਂ ਗੱਲਾਂ ਸੱਚੀਆਂ ਕਿ ਬੇਟੀ ਨੇ ਪੜ੍ਹਾਈ ਕਰਨ ਤੇ ਬਹੁਤ ਮਿਹਨਤ ਕੀਤੀ ਪਰ ਫਿਰ ਵੀ ਆਪਣੇ ਵਰਗੇ ਮੱਧ ਵਰਗੀ ਪਰਿਵਾਰਾਂ ਲਈ ਪੰਦਰਾਂ ਲੱਖ ਦਾ ਇੰਤਜ਼ਾਮ ਕਰਨਾ ਬਹੁਤ ਔਖਾ ਹੈ । ਏਨਾਂ ਭਾਰ ਝੱਲਣਾ ਔਖਾ ਹੈ, ਜੇਕਰ ਦੋਹੇਂ ਬੱਚੇ ਬਾਹਰ ਜਾਂਦੇ ਨੇ ਤਾਂ ਤੁਹਾਡਾ ਵੀ ਤਾਂ ਬਰਾਬਰ ਦਾ ਫਾਇਦਾ ਹੈ । ਬੇਟੀ ਬਾਹਰ ਜਾ ਕੇ ਸੈੱਟ ਹੋ ਜਾਏਗੀ ।” ਮਾਸਟਰ ਨੇ ਤਰਕ ਦੇਣਾ ਚਾਹਿਆ ।
“ਮਾਸ਼ਟਰ ਜੀ ! ਤੁਸ਼ੀਂ ਪੜ੍ਹੇ ਲਿਖੇ ਬੰਦੇ ਹੋ, ਸ਼ਾਰਾ ਕੁਸ਼ ਜਾਣਦੇ ਹੋ ਕਿ ‘ਸ਼ਟ੍ਰੇਲੀਆ ਜਾ ਕੇ ਵੀ ਪੜ੍ਹਾਈ ਕਰਨੀ ਕਿੰਨੀ ਔਖੀ ਐ । ਆਪਣੇ ਕਾਕਾ ਜੀ ਨੇ ਤਾਂ ਬਾਹਰ ਜਾ ਕੇ ਕਮਾਈ ਹੀ ਕਰਨੀ ਐ, ਗੁੱਡੀ ਨੂੰ ਤਾਂ ਫੇਰ ਦੋ ਸ਼ਾਲ ਜਾ ਕੇ ਕਿਤਾਬਾਂ ਨਾਲ਼ ਮੱਥਾ ਮਾਰਨਾ ਪੈਣਾ, ਉਹ ਵੀ ‘ਗਰੇਜੀ ‘ਚ । ਸ਼ੋ ਮੁੱਕਦੀ ਜਹੀ ਗੱਲ ਤਾਂ ਆਹ ਹੈ ਬਈ ਮੈਨੂੰ ਕੋਈ ਹਿਸ਼ਾਬ ਕਿਤਾਬ ਸਿ਼ਰੇ ਆਉਂਦਾ ਨਹੀਂ ਲੱਗਦਾ ਬਈ ਕੁੜੀ ਪੜ੍ਹੇ ਵੀ ਤੇ ਪੈਸ਼ੇ ਵੀ ਸ਼ਾਨੂੰ ਖਰਚਣੇ ਪੈਣ । ਸ਼ੱਜਣ ਸਿ਼ਆਂ ਤੂੰਈ ਦੱਸ਼ ਬਈ ਜੇ ਪੈਸ਼ੇ ਅਸ਼ੀਂ ਖਰਚਣੇ ਐਂ ਤਾਂ ਕੁੜੀ ਨੂੰ ਟੈਸ਼ਟ ਪਾਸ਼ ਕਰਨ ਦਾ ਕੀ ਫੈਦਾ ਹੋਇਆ ?”
“ਕੋਈ ਨਾ ਮਿੰਦਰ ਸਿਆਂ, ਏਨਾ ਵੱਡਾ ਵਪਾਰੀ ਵੀ ਨਾ ਬਣ । ਮਾੜਾ ਮੋਟਾ ਸਹਿਜ ਸੁਭਾ ਨਾਲ ਸੋਚ ਲੈ, ਜੇ ਕਿਤੇ ਮੁੰਡੇ ਕੁੜੀ ਨੂੰ ਚੰਗਾ ਲੱਗਾ ਤਾਂ ਆਪਾਂ ਉਨ੍ਹਾਂ ਦਾ ਪੱਕਾ ਵਿਆਹ ਕਰ ਦਿਆਂਗੇ । ਕੱਲ ਨੂੰ ਕੁੜੀ ਦੇ ਵਿਆਹ ‘ਤੇ ਵੀ ਤਾਂ ਖਰਚ ਆਉਣਾ ਈ ਐ, ਸੁੱਖ ਨਾਲ਼ ਦੋਵੇਂ ਜੀਅ ਪੱਕੇ ਹੋ ਗਏ ਤਾਂ ਆਪੇ ਬੈਠੇ ਕਮਾਈ ਕਰੀ ਜਾਣਗੇ । ਨਾਲ਼ੇ ਰਲ ਕੇ ਬਾਕੀ ਭੈਣਾਂ ਭਰਾਵਾਂ ਨੂੰ ਵੀ ਸਾਂਭ ਲੈਣਗੇ” ।
“ਹੈਂ ਹੈਂ ਹੈਂ ਆਹ ਕੀ ਕਹੀ ਜਾਨੈ ਸ਼ੱਜਣ ਸਿ਼ਆਂ ? ਬਈ ਤੁਸ਼ੀਂ ਕੁੜੀ ਦਾ ਸ਼ਾਕ ਲੈ ਕੇ ਆਏ ਹੋਂ ਕਿ ਮੁੰਡਾ ਬਾਹਰ ਭੇਜਣ ਦੀ ਸ਼ਕੀਮ ਕਰਨ ਲਈ ? ਅਜੇ ਕੁੜੀ ਦੀ ਉਮਰ ਈ ਕੀ ਐ ? ਉਹ ਤਾਂ ਅਜੇ ਕਹਿੰਦੀ ਐ ਬਈ ਮੈਂ ਤਾਂ ਪੜ੍ਹਨੈਂ, ਤਾਂ ਕਰਕੇ ਓਸ਼ਨੇ ਗਰੇਜੀ ਦਾ ਟੈਸ਼ਟ ਪਾਸ਼ ਕੀਤੈ ।”
“ਚੱਲੋ ਸਰਦਾਰ ਮਹਿੰਦਰ ਸਿੰਘ ਜੀ ! ਜਿਵੇਂ ਤੁਹਾਡੀ ਮਰਜ਼ੀ, ਤੁਸੀਂ ਮਾੜਾ ਮੋਟਾ ਪਤਾ ਤਾਂ ਕੀਤਾ ਹੀ ਹੋਣੈ ਕਿ ਹੁਣ ਕਿੰਨੇ ਪੈਸੇ ਭਰਨੇ ਪੈਣਗੇ ਤੇ ਬਾਅਦ ‘ਚ ਕਿੰਨੇ, ਕੱਠਾ ਪੰਦਰਾਂ ਲੱਖ ਭਰਨਾ ਤਾਂ ਸਾਡੇ ਲਈ ਸੰਭਵ ਨਹੀਂ ।”
“ਹੀ ਹੀ ਹੀ… ਮਾਸ਼ਟਰ ਜੀ ! ਪਤਾ ਕੀਤੈ, ਸ਼ਾਰਾ ਕੁਸ਼ ਪਤਾ ਕੀਤੈ । ਤੁਸ਼ੀਂ ਪਹਿਲਾਂ ਚਾਹ ਤਾਂ ਪੀ ਲਓ । ਆਹ ਇੱਕ ਮੱਠੀ ਖਾ ਕੇ ਦੇਖੋ । ਅਜੇ ਕੱਲ ਹੀ ਸ਼ਹਿਰ ਗਿਆ ਸ਼ੀ । ਦੀਨਾ ਹਲਵਾਈ ਤਾਜ਼ੀਆਂ ਈ ਕੱਢੀ ਜਾਂਦਾ ਸ਼ੀ । ਮੈਂ ਕਿਹਾ ਚੱਲ ਦੋ ਕਿੱਲੋ ਲੈਂਦਾ ਜਾਵਾਂ, ਨਿਆਣੇ ਖਾ ਲੈਣਗੇ । ਜਵਾਂ ਮੂੰਹ ‘ਚ ਭੁਰਦੀਆਂ ਈ ਜਾਂਦੀਆਂ ਜੀ… ਦੋ ਕਿੱਲੋ ਲਈਆਂ, ਕਰਾੜ ਨੇ ਦੋ ਰੁਪਈਏ ਘੱਟ ਨਹੀਂ ਕੀਤੇ, ਹੱਟੀ ਚੱਲਦੀ ਐ ਜੀ ਦੀਨੇ ਦੀ… ਤੁਸ਼ੀਂ ਟੈਸ਼ਟ ਕਰਕੇ ਦੇਖੋ ਮਾਸ਼ਟਰ ਜੀ…। ਕੁੜੇ ਸ਼ਰਬੋ… ਪੁੱਤ ਆ ਕੇ ਮਾਸ਼ਟਰ ਜੀ ਨੂੰ ਦੱਸ਼ੀਂ, ਏਜੰਟ ਨੇ ਖਰਚਾ ਕਿਵੇਂ ਦੱਸਿ਼ਆ ਸ਼ੀ ?”
“ਸਤਿ ਸ੍ਰੀ ਅਕਾਲ ਅੰਕਲ ਜੀ”, ਲੰਮ ਸਲੰਮੀ ਸਰਬਪ੍ਰੀਤ ਨੇ ਆ ਕੇ ਸਭ ਨੂੰ ਹੱਥ ਜੋੜੇ ।
“ਸਤਿ ਸ੍ਰੀ ਅਕਾਲ ਪੁੱਤਰ ਜੀ, ਕਿੰਨਾ ਕੁ ਖਰਚਾ ਦੱਸਿਆ ਏਜੰਟ ਨੇ ਤੇ ਕਿਹੜੀ ਪੜ੍ਹਾਈ ਕਰੋਗੇ ਆਸਟ੍ਰੇਲੀਆ ਜਾ ਕੇ ?”, ਮਾਸਟਰ ਬਲਵਿੰਦਰ ਸਿੰਘ ਨੇ ਪੁੱਛਿਆ ।
“ਅੰਕਲ ! ਉਨ੍ਹਾਂ ਨੇ ਕੁੱਕਰੀ ‘ਚ ਐਡਮੀਸ਼ਨ ਬਾਰੇ ਸਜੱਸਟ ਕੀਤਾ ਸੀ, ਕਹਿੰਦੇ ਸੀ ਕਿ ਉਨ੍ਹਾਂ ਦੇ ਲਿੰਕ ਹੈਗੇ ਨੇ, ਕੋਈ ਪੰਜਾਬੀਆਂ ਦਾ ਹੀ ਕਾਲਜ ਹੈ ਤੇ ਆਪੇ ਹੀ ਐਡਮੀਸ਼ਨ ਕਰਵਾ ਦੇਣਗੇ । ਛੇ ਮਹੀਨੇ ਦੀ ਫ਼ੀਸ ਐਡਵਾਂਸ ਦੇਣੀ ਪਵੇਗੀ ਤੇ ਉਸਤੋਂ ਪਹਿਲਾਂ ਦਸ ਹਫ਼ਤਿਆਂ ਦੀ ਐਲੀਕੋ ਕਲਾਸ ਲੈਣੀ ਪੈਣੀ ਐ । ਕੁੱਕਰੀ ਬਾਦ ‘ਚ ਸਟਾਰਟ ਹੋਵੇਗੀ ।”
“ਮੁਆਫ਼ ਕਰਨਾ ਬੇਟਾ ਜੀ, ਮੈਂ ਸਮਝਿਆ ਨਹੀਂ ਐਲੀਕੋ ਕਲਾਸ ਬਾਰੇ । ਉਹ ਕਾਹਦੇ ਲਈ ਹੁੰਦੀ ਹੈ ?”
“ਅੰਕਲ ! ਆਈਲੈਟਸ ‘ਚੋਂ ਮੇਰੇ ਪੰਜ ਬੈਂਡ ਆਏ ਨੇ, ਕੁੱਕਰੀ ‘ਚ ਐਡਮੀਸ਼ਨ ਲਈ ਸਾਢੇ ਪੰਜ ਬੈਂਡ ਚਾਹੀਦੇ ਹੁੰਦੇ ਨੇ, ਮੇਰਾ ਹਾਫ਼ ਬੈਂਡ ਘੱਟ ਰਹਿ ਗਿਆ, ਏਸ ਲਈ ਦਸ ਹਫ਼ਤਿਆਂ ਦੀ ਐਲੀਕੋ ਵੀ ਲੱਗਣੀ ਐ ।”
“ਤਾਂ ਓਹਦੇ ਲਈ ਕੀ ਕਰਨਾ ਪਵੇਗਾ ?”
“ਅੰਕਲ ਕਰਨਾ ਤਾਂ ਕੁਛ ਨਹੀਂ, ਬੱਸ ਢਾਈ ਕੁ ਹਜ਼ਾਰ ਡਾਲਰ ਫੀਸ ਭਰਨੀ ਪਵੇਗੀ ।”
“ਢਾਈ ਹਜ਼ਾਰ ਅੱਡ ਤੋਂ ਭਰਨਾ ਪਵੇਗਾ ??? ਤੇ ਕੁੱਕਰੀ ਲਈ ਕਿੰਨੀ ਫੀਸ ਭਰਨੀ ਹੋਵੇਗੀ ?
“ਅੰਕਲ ਦੋ ਸਾਲ ਦੀ ਫੀਸ ਬਾਈ ਹਜ਼ਾਰ ਡਾਲਰ ਹੈ ਪਰ ਪਹਿਲਾਂ ਤਾਂ ਛੇ ਮਹੀਨੇ ਦੀ ਭਰਨੀ ਹੈ, ਸਾਰੀ ਨਹੀਂ । ਬਾਕੀ ਦੀ ਫੀਸ ਛੇ ਛੇ ਮਹੀਨਿਆਂ ਤੋਂ ਭਰਨੀ ਐ ।”
“ਮਤਲਬ ਢਾਈ ਹਜ਼ਾਰ ਐਲੀਕੋ ਦੀ ਤੇ ਪਚਵੰਜਾ ਸੌ ਕੁੱਕਰੀ ਦੀ, ਇਹ ਹੋ ਗਏ ਅੱਠ ਹਜ਼ਾਰ ਡਾਲਰ, ਤਕਰੀਬਨ ਚਾਰ ਲੱਖ ਰੁਪਈਆ ।”
“ਆਹੋ ਮਾਸ਼ਟਰ ਜੀ, ਚਾਰ ਲੱਖ ਤੇ ਬਾਕੀ ਜਹਾਜ਼ ਦੀਆਂ ਟਿਕਟਾਂ ਦਾ । ਦਿੱਲੀ ਜਾਣ ਵਾਸ਼ਤੇ ਸ਼ਾਡੇ ਪਿੰਡ ਆਲਾ ਭੋਲਾ ਡਰੈਵਰ ਈ ਕਰ ਲਾਂਗੇ । ਕੋਈ ਸ਼ੌ, ਦੋ ਸ਼ੌ ਦਾ ਤੁਹਾਡਾ ਫੈਦਾ ਕਰਾ ਦਿਆਂਗੇ ।”
“ਸਰਦਾਰ ਮਹਿੰਦਰ ਸਿੰਘ ਜੀ, ਦੋਹਾਂ ਦੀਆਂ ਟਿਕਟਾਂ ਵੀ ਸਾਨੂੰ ਹੀ ਖਰਚਣੀਆਂ ਪੈਣੀਆਂ ?”
“ਚੱਲੋ ਛੱਡੋ ਮਾਸਟਰ ਜੀ, ਜਿੱਥੇ ਲੱਖਾਂ ਰੁਪਈਆ ਲੱਗਣੈ, ਓਥੇ ਤੀਹ ਪੈਂਤੀ ਹਜ਼ਾਰ ਨਾਲ਼ ਕੋਈ ਫ਼ਰਕ ਨਹੀਂ ਜੇ ਪੈਣ ਵਾਲਾ । ਜਦੋਂ ਏਨੀ ਗੱਲ ਖੁੱਲ ਗਈ ਐ ਤਾਂ ਹੁਣ ਮਾੜੇ ਮੋਟੇ ਪਿੱਛੇ ਨੰਨਾ ਨਾ ਪਾਓ । ਆਖਰ ਆਪਣੇ ਮੁੰਡੇ ਦੀ ਜਿੰਦਗੀ ਦਾ ਵੀ ਤਾਂ ਸੁਆਲ ਹੈ ।”, ਸੱਜਣ ਸਿੰਘ ਨੇ ਦਖਲ ਦਿੰਦਿਆਂ ਕਿਹਾ ।
“ਜਿਵੇਂ ਤੈਨੂੰ ਠੀਕ ਲੱਗੇ ਸੱਜਣ ਸਿਹਾਂ, ਮੇਰਾ ਤਾਂ ਲੱਕ ਟੁੱਟਿਆ ਪਿਐ, ਤੈਨੂੰ ਪਤਾ ਤਾਂ ਹੈ, ਤੇਰੀ ਭਰਜਾਈ ਦੀ ਬਿਮਾਰੀ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ । ਕਈ ਵਾਰ ਤਾਂ ਸੋਚਦਾਂ ਬਈ ਜੇ ਸਰਕਾਰੀ ਨੌਕਰੀ ਨਾ ਹੁੰਦੀ ਤਾਂ ਸ਼ਾਇਦ ਰੋਟੀਆਂ ਵੱਲੋਂ ਵੀ ਆਵਾਜ਼ਾਰ ਹੋਣਾ ਪੈਣਾ ਸੀ ।”
“ਚੱਲ ਫੇਰ ਵਪਾਰੀਆ, ਅਸੀਂ ਹੁਣ ਚੱਲਦੇ ਆਂ ਤੇ ਤੁਸੀਂ ਕਰੋ ਬਾਕੀ ਦਾ ਪਤਾ ਸੁਤਾ ਏਜੰਟ ਕੋਲੋਂ, ਕਦੋਂ ਭੇਜਣੈ ਮੁੰਡੇ ਕੁੜੀ ਨੂੰ ਬਾਹਰ ?”
“ਬੇਟਾ ਜੀ, ਇੱਕ ਗੱਲ ਪੁੱਛਾਂ ਜੇ ਬੁਰਾ ਨਾ ਮੰਨੋ ਤਾਂ ?”, ਮਾਸਟਰ ਬਲਵਿੰਦਰ ਸਿੰਘ ਨੇ ਝਿਜਕ ਮੰਨਦਿਆਂ ਸਰਬਪ੍ਰੀਤ ਕੋਲੋਂ ਪੁੱਛਿਆ ।
“ਹਾਂ ਜੀ ਅੰਕਲ, ਪਲੀਜ਼”
“ਬੇਟਾ, ਤੁਸੀਂ ਕੁੱਕਰੀ ‘ਚ ਦਾਖਲਾ ਲੈਣਾ ਚਾਹੁੰਦੇ ਹੋ, ਕੋਈ ਹੋਰ ਕੋਰਸ ਠੀਕ ਨਹੀਂ ਸੀ ਜਿਵੇਂ ਕਿ ਸੁਣਿਐ ਕਿ ਬਾਹਰ ਨਰਸਿੰਗ ਵਾਲਿਆਂ ਦੀ ਬਹੁਤ ਡਿਮਾਂਡ ਹੈ । ਬੰਦਾ ਛੇਤੀ ਪੱਕਾ ਹੋ ਜਾਂਦਾ ਹੈ ।”
“ਅੰਕਲ, ਗੱਲ ਤਾਂ ਤੁਹਾਡੀ ਠੀਕ ਐ ਕਿ ਨਰਸਿੰਗ ਦੀ ਕਾਫ਼ੀ ਡਿਮਾਂਡ ਹੈ ਪਰ ਐਡਮੀਸ਼ਨ ਲਈ ਆਈਲੈਟਸ ਦੇ ਹੋਰ ਬੈਂਡ ਚਾਹੀਦੇ ਨੇ, ਸੈਕਿੰਡਲੀ ਪੜ੍ਹਾਈ ਵੀ ਕਾਫ਼ੀ ਟਫ਼ ਹੈ, ਇਸ ਲਈ ਕੁੱਕਰੀ ਬਾਰੇ ਸੋਚਿਆ ਹੈ ।”
“ਚੱਲ ਛੱਡੋ ਮਾਸਟਰ ਸਾਹਿਬ ! ਕੁੱਕਰੀ ਹੋਵੇ ਜਾਂ ਨਰਸਿੰਗ, ਮਸਲਾ ਤਾਂ ਪੱਕੇ ਹੋਣ ਤੱਕ ਹੀ ਐ ਨਾ ।”, ਸੱਜਣ ਸਿੰਘ ਨੇ ਜੁਆਬ ਦਿੱਤਾ ।
“ਚੰਗਾ ਜੀ, ਜਿਵੇਂ ਤੁਹਾਨੂੰ ਠੀਕ ਲੱਗੇ ।”
“ਚੰਗਾ ਮਾਸ਼ਟਰ ਜੀ, ਸ਼ਸ਼ਰੀਕਾਲ, ਤੇ ਫੇਰ ਦੱਸ਼ਦੇ ਆਂ ਸ਼ੱਜਣ ਸਿ਼ੰਘ ਨੂੰ ਸ਼ਾਰੀ ਰੈਅ ਕਰਕੇ, ਹੀ ਹੀ ਹੀ ।”, ਮਹਿੰਦਰ ਸਿੰਘ ਨੇ ਖਚਰੀ ਜਿਹੀ ਹਾਸੀ ਹੱਸਦਿਆਂ ਹੱਥ ਜੋੜੇ ।
ਸਰਬਪ੍ਰੀਤ ਤੇ ਰਾਜਵੀਰ ਦਾ ਵਿਆਹ ਕਰ ਦਿੱਤਾ ਗਿਆ । ਵਿਆਹ ਕਾਹਦਾ ਸੀ, ਬੱਸ ਕਾਗਜ਼ੀ ਖਾਨਾਪੂਰਤੀ ਸੀ, ਜਿਸ ਨਾਲ਼ ਰਾਜਵੀਰ ਨੇ ਸਰਬਪ੍ਰੀਤ ਦੇ ਪਤੀ ਦੇ ਤੌਰ ‘ਤੇ ਆਸਟ੍ਰੇਲੀਆ ਜਾਣਾ ਸੀ ।
“ਢੀਕੂ.. ਢੀਕੂ.. ਝਿੰਊਂ.. ਝਿੰਊਂ..”
“ਢੀਕੂ.. ਢੀਕੂ.. ਝਿੰਊਂ.. ਝਿੰਊਂ..”
ਸਰਬਪ੍ਰੀਤ ਦੇ ਮੋਬਾਇਲ ਦੀ ਅਜੀਬ ਜਿਹੀ ਧੁਨ ਨੇ ਉਸਦੀ ਨੀਂਦ ਉਖੇੜ ਦਿੱਤੀ । ਉਹ ਦੁਪਹਿਰ ਦੀ ਰੋਟੀ ਖਾ ਕੇ ਧੁੱਪੇ ਲੇਟੀ ਹੋਈ ਸੀ । ਮੰਜੀ ‘ਤੇ ਅੱਧਸੁੱਤੀ ਜਿਹੀ, ਉਹ ਉਤੇ ਪਤਲੀ ਜਿਹੀ ਚਾਦਰ ਲਈ ਪਈ ਸੀ । ਪੋਹ ਮਹੀਨੇ ‘ਚ ਨਿੱਘੀ ਨਿੱਘੀ ਧੁੱਪ ਉਸਨੂੰ ਬਹੁਤ ਆਨੰਦ ਦੇ ਰਹੀ ਸੀ । ਅੱਧੀ ਜਿਹੀ ਅੱਖ ਖੋਲ ਕੇ ਉਸਨੇ ਮੋਬਾਇਲ ‘ਤੇ ਕਾਲ ਕਰਨ ਵਾਲੇ ਦਾ ਨੰਬਰ ਦੇਖਿਆ ਤਾਂ ਚਾਦਰ ਵਗਾ ਮਾਰੀ ਤੇ ਉਸਦੀ ਨੀਂਦ ਇੱਕ ਦਮ ਕਾਫੂਰ ਹੋ ਗਈ ਤੇ ਉਸਨੇ ਕਾਲ ਕੱਟ ਦਿੱਤੀ । ਕੁਝ ਸਕਿੰਟਾਂ ਬਾਅਦ ਫਿਰ ਮੋਬਾਇਲ ਨੇ ਰੌਲਾ ਪਾ ਦਿੱਤਾ ਪਰ ਉਸ ਫਿਰ ਬੰਦ ਕਰ ਦਿੱਤਾ । ਹੁਣ ਦੀ ਵਾਰ ਮੋਬਾਇਲ ਦੀ ਘੰਟੀ ਵੱਖਰੀ ਤਰ੍ਹਾਂ ਦੀ ਸੀ, ਉਸਨੇ ਦੇਖਿਆ ਤਾਂ ਮੈਸੇਜ ਆਇਆ ਹੋਇਆ ਸੀ :
ਤੇਰਾ ਗੁੱਸਾ ਤਾਂ ਜਾਪਦੈ, ਮੇਰੀ ਜਾਨ ਲੈਕੇ ਰਹੇਗਾ
ਤੇਰੇ ਵਿਛੋੜੇ ਦਾ ਦੁੱਖ, ਇਹ ਬੇਗੁਨਾਹ ਕਿੰਨਾ ਹੋਰ ਸਹੇਗਾ
ਤੇਰੀ ਬੇਰੁਖੀ ਕਰਕੇ ਰਵੀ ਦੁਨੀਆਂ ਤੋਂ ਤੁਰ ਜਾਏਗਾ
ਮੁੜ ਸ਼ਾਇਦ ਕੋਈ ਆ ਕੇ ਮੜ੍ਹੀ ਮੇਰੀ ‘ਤੇ ਬਹੇਗਾ
ਇਹ ਮੈਸੇਜ ਪੜ੍ਹਦਿਆਂ ਸਰਬਪ੍ਰੀਤ ਖਿੜਖਿੜਾ ਕੇ ਹੱਸ ਪਈ ਤੇ ਏਨੇ ਨੂੰ ਮੋਬਾਇਲ ਫਿਰ ਬੋਲ ਪਿਆ । ਚੌਂਕੜੀ ਮਾਰ ਮੰਜੇ ‘ਤੇ ਬੈਠ ਹੱਸਦਿਆਂ ਉਹ ਬੜੀ ਅਦਾ ਨਾਲ਼ ਬੋਲੀ;
“ਕਿਉਂ ਜਨਾਬ ! ਅਜੇ ਤਾਂ ਮੋਬਾਇਲ ‘ਤੇ ਕਾਲਾਂ ਹੀ ਕੱਟੀਆਂ ਨੇ ਤੇ ਗੱਲ ਮੜ੍ਹੀਆਂ ਤੱਕ ਪਹੁੰਚ ਗਈ, ਤੇ ਜੇ ਕਿਤੇ ਸੱਚੀਮੁੱਚੀ ਕਾਟਾ ਮਾਰ ਦਿੱਤਾ ਤਾਂ ਕੀ ਬਣੂ ?
“ਬਣਨਾ ਕਰਨਾ ਕੀ ਐ ਪ੍ਰੀਤ, ਆਹ ਮੈਂ ਕੀ ਸੁਣ ਰਿਹਾਂ ? ਤੇਰਾ ਵਿਆਹ ਹੋ ਗਿਆ ?”
“ਹਾਂ ਮੇਰੇ ਐਕਸ ਮਾਹੀਆ ! ਮਾਪਿਆਂ ਨੇ ਮਜ਼ਬੂਰ ਕਰ ‘ਤੀ, ਤੇਰੀ ਹੀਰ ਬੇਗਾਨੀ ਹੋ ਗੀ, ਰਾਂਝਣਾਂ ।”
“ਕੀ ਬਕਵਾਸ ਕਰੀ ਜਾਂਦੀ ਐਂ ? ਸਿੱਧੀ ਤਰ੍ਹਾਂ ਦੱਸ, ਚੱਕਰ ਕੀ ਐ ?”
“ਚੱਕਰ ਚੁੱਕਰ ਕੁਛ ਨਹੀਂ ਮਾਹੀਆ, ਬੱਸ ਹੁਣ ਤਾਂ ਸਾਰੀ ਉਮਰ ਵਿਛੋੜਾ ਝੱਲਣਾਂ ਪੈਣਾ, ਤੈਨੂੰ ਚੂਰੀਆਂ ਖਵਾਉਣ ਵਾਲੇ ਹੱਥਾਂ ‘ਚ ਰੱਤਾ ਚੂੜਾ ਪੈ ਗਿਆ ਰਾਂਝਣਾਂ ।”
“ਪ੍ਰੀਤ ! ਮੇਰੀ ਜਾਨ ‘ਤੇ ਬਣੀ ਐ, ਤੂੰ ਕੀ ਝੱਲ ਵਲੱਲੀਆਂ ਮਾਰੀ ਜਾਂਦੀ ਐਂ ? ਜਲਦੀ ਦੱਸ, ਕਦੋਂ ਮਿਲਣ ਆ ਸਕਦੀ ਐਂ ?”
“ਰਾਂਝਣਾਂ, ਹੁਣ ਤਾਂ ਮੇਲੇ ਅਗਲੇ ਜਨਮਾਂ ‘ਚ ਹੋਣਗੇ । ਏਸ ਜਨਮ ਤਾਂ ਖੇੜਿਆਂ ਦੇ ਵੱਸ ਪੈ ਗਈ ਇਹ ਜਿੰਦ ਨਿਮਾਣੀ । ਜੇ ਮਿਲਣਾਂ ਈ ਐ ਤਾਂ ਮੱਝਾਂ ਚਰਾਉਣ ਦਾ ਕੋਰਸ ਕਰਨਾਂ ਪਊ, ਫੇਰ ਭਾਵੇਂ ਬਾਰਾਂ ਸਾਲ ਮਿਲੀ ਜਾਂਈਂ ।”
“ਪ੍ਰੀਤ.. ਬਕਵਾਸ ਬੰਦ ਕਰ, ਮੇਰਾ ਮਰੇ ਦਾ ਮੂੰਹ ਦੇਖੇਂ ਜੇ ਹੁਣ ਇੰਝ ਕਹੇਂ, ਸੱਚ ਦੱਸ ਕਹਾਣੀ ਕੀ ਐ ?”, ਰਵੀ ਲੱਗਭੱਗ ਚੀਕਦਿਆਂ ਬੋਲਿਆ ।
ਇਹ ਸੁਣਕੇ ਸਰਬਪ੍ਰੀਤ ਦਾ ਹਾਸਾ ਨਿੱਕਲ ਗਿਆ, “ਜਾ ਵੇ ਮੇਰਿਆ ਸ਼ੇਰ ਦਿਲ ਰਾਂਝਣਾਂ ! ਤੂੰ ਪਾਏਂਗਾ ਪੂਰੀਆਂ । ਏਨਾ ਕੁ ਈ ਯਕੀਨ ਐ ਆਪਣੀ ਪ੍ਰੀਤ ‘ਤੇ ? ਹੁਣ ਧਿਆਨ ਨਾਲ਼ ਮੇਰੀ ਗੱਲ ਸੁਣ… ਮੇਰਾ ਵਿਆਹ ਤਾਂ ਗਿਆ ਹੋ, ਪਰ ਕਾਗਜ਼ੀਂ ਪੱਤਰੀਂ । ਊਂ ਤਾਂ ਮੈਂ ਆਪਣੇ ਰਵੀ ਦੀ ਹੀ ਆਂ, ਬੱਸ ਵਿਆਹ ਹੀ ਹੋਰ ਥਾਂ ਕਰਵਾਇਐ ।”
“ਕੀ ਮਤਲਬ ?”
“ਮਤਲਬ ਇਹ ਰਾਂਝਣਾਂ…”
“ਆਹ ਕੀ ਰਾਂਝਣਾਂ ਰਾਂਝਣਾਂ ਲਾਈ ਐ, ਸਿੱਧੀ ਤਰ੍ਹਾਂ ਗੱਲ ਨਹੀਂ ਕਰ ਸਕਦੀ ? ਮੈਨੂੰ ਟੈਂਸ਼ਨ ਹੋਈ ਪਈ ਐ, ਇਹਨੂੰ ਰੋਮਾਂਸ ਸੁੱਝਦੈ । ਮੈਂ ਪੰਦਰਾਂ ਦਿਨਾਂ ਬਾਅਦ ਆਇਆਂ ਤਾਂ ਆਹ ਖਬਰ ਸੁਣਨ ਨੂੰ ਮਿਲੀ ਐ, ਤੂੰ ਫੋਨ ਵੀ ਨਹੀਂ ਕੀਤਾ…”
“ਚੱਲ ਠੀਕ ਐ, ਹੁਣ ਨਹੀਂ ਕਹਿੰਦੀ ਰਾਂਝਣਾਂ । ਬੱਸ… । ਗੱਲ ਇਹ ਹੈ ਰਾਂਝਣਾਂ… ਓ ਸੌਰੀ ਰਾਂਝਣਾਂ ਨਹੀਂ ਮੇਰਾ ਮਤਲਬ ਰਵੀ ਜੀ… ਕਿ ਮਾਪਿਆਂ ਨੇ ਇੱਕ ਮੁੰਡਾ ਲੱਭਿਐ, ਜਿਹੜਾ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ । ਉਹ ਆਪ ਕੱਲਾ ਜਾ ਨਹੀਂ ਸੀ ਸਕਦਾ ਤੇ ਆਪਣੀ ਆਈਲੈਟਸ ਕੀਤੀ ਕੰਮ ਆ ਗਈ । ਹੁਣ ਕਾਗਜ਼ੀਂ ਪੱਤਰੀਂ ਉਹਦੇ ਨਾਲ਼ ਵਿਆਹ ਹੋ ਗਿਐ ਤੇ ਦੋ ਸਾਲ ਦੀਆਂ ਫੀਸਾਂ ਤੇ ਟਿਕਟਾਂ ਦਾ ਖਰਚ ਉਹ ਝੱਲਣਗੇ । ਜਾ ਕੇ ਆਪਾਂ ਕਰਨੀ ਮਾੜੀ ਮੋਟੀ ਪੜ੍ਹਾਈ ਤੇ ਐਸ਼ਾਂ । ਜਦੋਂ ਹੋ ਗਏ ਪੱਕੇ ਤਾਂ ਪਤੀ ਪ੍ਰਮੇਸ਼ਰ ਨਾਲ਼ ਹੋ ਜਾਣੈ ਤਲਾਕ ਤੇ ਫੇਰ – ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਇੱਕ ਬੱਕਰੀ ਬੰਨਣ ਨੂੰ ਥਾਂ ਮਿੱਤਰਾ… । ਰਹੀ ਗੱਲ ਫੋਨ ਦੀ ਤਾਂ, ਸ਼ੈਡਿਊਲ ਹੀ ਬਹੁਤ ਬਿਜ਼ੀ ਰਿਹਾ, ਸਟਡੀ ਬਾਰੇ ਪਤਾ ਕਰਨਾਂ, ਏਜੰਟਾਂ ਦੇ ਗੇੜੇ, ਕਚਿਹਰੀਆਂ ਦੇ ਗੇੜੇ, ਕਾਗਜ਼ੀ ਫਾਰਮੈਲਟੀਆਂ… ਬੱਸ ਮੱਤ ਹੀ ਮਾਰੀ ਰਹੀ ।”
“ਪਰ ਪ੍ਰੀਤ… ਦੋ ਸਾਲ… ਦੋ ਸਾਲ ਤਾਂ ਬਹੁਤ ਲੰਬਾ ਅਰਸਾ ਹੁੰਦੈ, ਇੱਕ ਦੂਜੇ ਬਿਨਾਂ ਕਿਵੇਂ ਰਹਾਂਗੇ ? ਨਹੀਂ… ਨਹੀਂ… ਤੂੰ ਛੱਡ ਪਰ੍ਹੇ, ਆਪਾਂ ਏਥੇ ਪੱਕੇ ਹੀ ਠੀਕ ਆਂ ।”
“ਪਰ ਰਵੀ, ਏਥੇ ਰਹਿ ਕੇ ਕਿਹੜਾ ਬਾਪੁ ਹੋਰੀਂ ਮੈਨੂੰ ਤੇਰੇ ਨਾਲ਼ ਤੋਰੀ ਬੈਠੇ ਐ ? ਤੂੰ ਵੀ ਤਾਂ ਕੰਪਿਊਟਰ ਡਿਪਲੋਮਾ ਕਰਕੇ ਅਜੇ ਵਿਹਲਾ ਈ ਤੁਰਿਆ ਫਿਰਦੈਂ ? ਰਹੀ ਦੁਕਾਨ ਤਾਂ ਉਹ ਤੇਰੇ ਪਾਪਾ ਦੀ ਐ । ਘਰ ਦੇ ਚੰਗੀ ਪੈਲੀ ਆਲੇ ਘਰ ਦੀਆਂ ਆਸਾਂ ਲਾਈ ਫਿਰਦੇ ਨੇ । ਤੈਨੂੰ ਹੱਟੀ ਆਲੇ ਨੂੰ ਨਹੀਂ ਮਿਲਣੀ ਇਹ ਹੀਰ…”
“ਫੇਰ ਪ੍ਰੀਤ… !!!”
“ਫੇਰ ਕੀ ? ਮੇਰਿਆ ਚੰਨਾਂ, ਜਿੱਥੇ ਆਪਾਂ ਨੂੰ ਏਨੇ ਸਾਲ ਹੋ ਗਏ ਲੁਕ ਛਿਪ ਕੇ ਮਿਲਦਿਆਂ ਨੂੰ, ਦੋ ਸਾਲ ਫੋਨ ‘ਤੇ ਜਾਂ ਸਕਾਈਪ ‘ਤੇ ਮਿਲ ਲਿਆ ਕਰਾਂਗੇ । ਰਵੀ… ਸੱਚ ਪੁੱਛੇਂ ਤਾਂ ਮੇਰਾ ਕਿਹੜਾ ਦਿਲ ਕਰਦੈ, ਤੇਰੇ ਤੋਂ ਜੁਦਾ ਹੋਣ ਨੂੰ ਪਰ ਆਪਣੇ ਮਿਲਨ ਤੇ ਸੁਨਿਹਰੇ ਭਵਿੱਖ ਲਈ ਸਾਨੂੰ ਦੋਹਾਂ ਨੂੰ ਦੋ ਸਾਲ ਦੇ ਵਿਛੋੜੇ ਦੀ ਇਹ ਮਾਰ ਤਾਂ ਝੱਲਣੀ ਹੀ ਪਵੇਗੀ ।”
“ਪ੍ਰੀਤ ਹੋਰ ਕੋਈ ਹੱਲ ਨਹੀਂ ? ਤੇਰੇ ਬਿਨਾਂ ਦੋ ਪਲ ਜਿਉਣ ਦੀ ਕਲਪਨਾਂ ਕਰਨਾ ਵੀ ਮੇਰੇ ਲਈ ਮੌਤ ਬਰਾਬਰ ਹੈ, ਤੂੰ ਗੱਲ ਕਰਦੀ ਹੈਂ ਦੋ ਸਾਲ ਦੀ… ਤੇਰਾ ਰਵੀ ਮਰ ਜਾਵੇਗਾ ਪ੍ਰੀਤ…”, ਕਹਿੰਦਿਆਂ ਹੋਇਆਂ ਭਾਵੁਕ ਹੋ ਕੇ ਰਵੀ ਦਾ ਗੱਚ ਭਰ ਆਇਆ ।
“ਜਾ ਵੇ ਰਵੀ, ਜੋ ਕੰਮ ਮੈਨੂੰ ਕਰਨਾ ਚਾਹੀਦਾ ਉਹ ਤੂੰ ਕਰੀ ਜਾਂਦੈਂ, ਮੈਂ ਤੈਨੂੰ ਹੌਸਲਾ ਦੇਈ ਜਾਂਦੀ ਐਂ, ਤੂੰ ਰੋਈ ਜਾਂਦੈਂ !”
“ਨਹੀਂ ਬੱਸ ਐਂਵੇਂ ਹੀ… ਅਸਲ ‘ਚ ਪ੍ਰੀਤ ਤੈਨੂੰ ਪਿਆਰ ਹੀ ਏਨਾਂ ਕਰਦਾ ਹਾਂ ਕਿ ਤੇਰੇ ਵਿਛੋੜੇ ਬਾਰੇ ਸੋਚਣਾ ਵੀ ਗੁਨਾਹ ਲੱਗਦਾ ਹੈ । ਚੱਲ ਛੱਡ, ਕੱਲ ਨੂੰ ਮਿਲਣ ਆ ਰਹੀਂ ਹੈਂ ?”
“ਜ਼ਰੂਰ ਰਾਂਝਣਾਂ… ਕੱਲ ਨੂੰ ਨੌਂ ਵਾਲੀ ਬੱਸ ‘ਤੇ ਤੁਹਾਡੇ ਸ਼ਹਿਰ ‘ਚ ਆ ਰਹੀਆਂ ਨੇ ਸਰਕਾਰਾਂ, ਬੱਸ ਰੈੱਡ ਕਾਰਪੈਟ ਵਿਛਾ ਕੇ ਰੱਖਣਾਂ… ।”
“ਰੈੱਡ ਕਾਰਪੈਟ ਤਾਂ ਕੀ ਪ੍ਰੀਤ, ਤੇਰੇ ਰਾਹ ‘ਚ ਮੈਂ ਆਪਣੀਆਂ ਪਲਕਾਂ ਵਿਛਾ ਕੇ ਰੱਖਾਂਗਾ । ਚੰਗਾ ਫੋਨ ਰੱਖਦਾਂ, ਕੱਲ ਮਿਲਦੇ ਆਂ…।”
ਆਸਟ੍ਰੇਲੀਆ ਜਾਣ ਦੀਆਂ ਤਿਆਰੀਆਂ ਰਾਜਵੀਰ ਤੇ ਸਰਬਪ੍ਰੀਤ ਦੋਹਾਂ ਦੇ ਘਰਾਂ ‘ਚ ਜ਼ੋਰਾਂ ਸ਼ੋਰਾਂ ਨਾਲ਼ ਸ਼ੁਰੂ ਹੋ ਗਈਆਂ । ਫਰਕ ਏਨਾਂ ਕੁ ਸੀ ਕਿ ਜਿੱਥੇ ਸਰਬਪ੍ਰੀਤ ਵਿਦੇਸ਼ ਜਾ ਕੇ ਸੈੱਟ ਹੋਣ ਦੇ ਬਾਅਦ ਰਵੀ ਨਾਲ਼ ਜਿੰਦਗੀ ਬਤੀਤ ਕਰਨ ਦੇ ਸੁਪਨਿਆਂ ‘ਚ ਉਡੀ ਫਿਰਦੀ ਸੀ ਉਥੇ ਰਾਜਵੀਰ ਦੇ ਘਰ ਮਾਤਮ ਛਾਇਆ ਮਹਿਸੂਸ ਹੁੰਦਾ ਸੀ ਕਿਉਂ ਜੋ ਫੀਸਾਂ ਭਰਨ ਲਈ ਪੈਲੀ ‘ਚ ਬੇਗਾਨਾ ਹਲ ਚਲਾਉਣਾ ਪੈ ਗਿਆ ।
ਆਸਟ੍ਰੇਲੀਆ ਪੁੱਜ ਕੇ ਬੜੀ ਜੱਦੋ ਜਹਿਦ ਤੋਂ ਬਾਅਦ ਰਾਜਵੀਰ ਨੂੰ ਖੇਤਾਂ ‘ਚ ਕੰਮ ਮਿਲਿਆ । ਪੰਜਾਬ ਰਹਿੰਦਿਆਂ ਕਦੇ ਏਨੀ ਮਿਹਨਤ ਨਹੀਂ ਸੀ ਕਰਨੀ ਪਈ ਪਰ ਹੁਣ 35-40 ਡਿਗਰੀ ਤਾਪਮਾਨ ‘ਚ ਕੜਕਦੀ ਧੁੱਪ ‘ਚ ਸਾਰੀ ਦਿਹਾੜੀ ਮਿਹਨਤ ਕਰਨੀ ਪੈਂਦੀ । ਦਿਨ, ਹਫ਼ਤੇ ਤੇ ਮਹੀਨੇ ਗੁਜ਼ਰਨ ਲੱਗੇ । ਰਾਜਵੀਰ ਨੇ ਕਮਾਈ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਸੀ ਪਰ ਆਸਟ੍ਰੇਲੀਆ ‘ਚ ਬਹੁਤ ਸਾਰੇ ਸਟੂਡੈਂਟ ਆ ਜਾਣ ਕਾਰਨ ਇੱਕ ਤਾਂ ਕੰਮ ਘੱਟ ਮਿਲਦਾ ਤੇ ਦੂਜਾ ਲੇਬਰ ਦਾ ਰੇਟ ਵੀ ਕਾਫ਼ੀ ਡਿੱਗ ਪਿਆ ਸੀ । ਲੇਬਰ ਦੇ ਬਹੁਤ ਸਾਰੇ ਠੇਕੇਦਾਰ ਸਨ, ਜੋ ਵਿਦਿਆਰਥੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦੇ । ਸਰਬਪ੍ਰੀਤ ਨੇ ਏਜ਼ਡ ਕੇਅਰ ਦਾ ਕੋਰਸ ਕਰ ਲਿਆ ਤੇ ਉਸਨੂੰ ਸ਼ਹਿਰ ‘ਚ ਰਹਿਣ ਕਰਕੇ ਵਾਹਵਾ ਸਿ਼ਫਟਾਂ ਮਿਲਣ ਲੱਗ ਪਈਆਂ । ਉਸਦਾ ਇੱਕੋ ਇੱਕ ਟੀਚਾ ਸੀ, ਵੱਧ ਤੋਂ ਵੱਧ ਪੈਸਾ ਕਮਾ ਕੇ ਘਰ ਭੇਜਣਾ ਤਾਂ ਜੋ ਆਪਣੇ ਪੈਸੇ ਦੇ ਜ਼ੋਰ ‘ਤੇ ਰਵੀ ਬਾਰੇ ਗੱਲ ਕਰ ਸਕੇ । ਰਾਜਵੀਰ ਕਮਾਈ ਕਰਦਾ ਤੇ ਪੈਸੇ ਫੀਸ ‘ਤਾਰਨ ਲਈ ਸਰਬਪ੍ਰੀਤ ਦੀ ਤਲੀ ‘ਤੇ ਧਰ ਦਿੰਦਾ । ਮਾੜੇ ਕਰਮਾਂ ਨੂੰ ਇੰਮੀਗ੍ਰੇਸ਼ਨ ਦੇ ਨਿਯਮਾਂ ‘ਚ ਭਾਰੀ ਉਲਟ ਫੇਰ ਹੋ ਗਈ ।
“ਹੈਲੋ ! ਸਰਬਪ੍ਰੀਤ, ਮੈਂ ਰਾਜਵੀਰ ਬੋਲਦਾਂ ।”
“ਹਾਂ ਰਾਜਵੀਰ, ਦੱਸੋ ਕਿਵੇਂ ਫੋਨ ਕੀਤਾ ?”
“ਮੇਰੇ ਸੁਣਨ ‘ਚ ਆਇਐ ਕਿ ਇੰਮੀਗ੍ਰੇਸ਼ਨ ਦੇ ਰੂਲ ਚੇਂਜ ਹੋ ਰਹੇ ਨੇ, ਜੇਕਰ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਟੀ ਆਰ ਪਾ ਦਿਓ ਤਾਂ ਕੁਝ ਆਸਾਨੀ ਹੋ ਜਾਵੇਗੀ, ਨਹੀਂ ਤਾਂ ਨਵੇਂ ਰੂਲ ਅਪਲਾਈ ਹੋ ਜਾਣਗੇ ਤੇ ਪ੍ਰਾਬਲਮ ਵਧ ਜਾਏਗੀ ।”
“ਰਾਜਵੀਰ, ਤਿੰਨ ਮਹੀਨਿਆਂ ‘ਚ ਟੀ ਆਰ !!! ਪਰ ਮੇਰਾ ਤਾਂ ਐਕਸਪੀਰੀਐਂਸ ਈ ਪੂਰਾ ਨਹੀਂ ਹੋਇਆ । ਇਟਜ਼ ਨਾਟ ਪੌਸੀਬਲ ।”
“ਪਰ ਸਰਬਪ੍ਰੀਤ, ਜੇ ਟੀ ਆਰ ਨਾ ਪਈ ਤਾਂ ਕੀ ਕਰਾਂਗੇ ? ਸਾਡੀ ਤਾਂ ਪੈਲੀ ਵੀ ਨਹੀਂ ਛੁਡਾਈ ਗਈ ਮੇਰੇ ਕੋਲੋਂ । ਜਿੰਨੀ ਕਮਾਈ ਕੀਤੀ, ਸਾਰੀ ਦੀ ਸਾਰੀ ਤੁਹਾਡੀ ਫੀਸ ਭਰਨ ਲਈ ਭੇਜ ਦਿੱਤੀ । ਘਰ ਤਾਂ ਊਠ ਦੇ ਮੂੰਹ ‘ਚ ਜੀਰੇ ਜਿੰਨੇ ਪੈਸੇ ਵੀ ਨਹੀਂ ਭੇਜ ਸਕਿਆ । ਤੁਸੀਂ… ਤੁਸੀਂ… ਤਾਂ ਆਸਾਨੀ ਨਾਲ਼ ਕਹਿ ਰਹੇ ਹੋ ਕਿ ਨਾਟ ਪੌਸੀਬਲ…. । ਮੇਰਾ ਤਾਂ ਪਰਿਵਾਰ ਹੀ ਉਜੜ ਜਾਏਗਾ, ਜੇਕਰ ਕੁਝ ਨਾ ਹੋ ਪਾਇਆ ਤਾਂ…”
“ਸੌਰੀ ਰਾਜਵੀਰ ! ਐਕਚੁਲੀ ਮੇਨੂੰ ਜੌਬ ਤੋਂ ਹੀ ਛੁੱਟੀ ਨਹੀਂ ਮਿਲੀ, ਇਸ ਕਰਕੇ ਐਕਸਪੀਰੀਐਂਸ ਲਈ ਨਹੀਂ ਜਾ ਸਕੀ । ਪਰ ਮੈਂ ਕੱਲ ਹੀ ਕੰਸਲਟੈਂਟ ਨਾਲ਼ ਗੱਲ ਕਰਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਦੀ ਹਾਂ ।”
“ਪਲੀਜ਼ ਸਰਬਪ੍ਰੀਤ, ਮੇਰੀ ਮਿੰਨਤ ਐ, ਤੁਹਾਨੂੰ ਪਤਾ ਈ ਐ ਸਾਡੀਆਂ ਮਜ਼ਬੂਰੀਆਂ ਦਾ, ਛੋਟੀ ਭੈਣ ਵੀ ਵਿਆਹੁਣ ਜੋਗੀ ਹੋਈ ਬੈਠੀ ਐ, ਪੈਲੀ ਵੀ ਛੁਡਵਾਉਣੀ ਐ, ਮੇਰੇ ਅੱਗੇ ਤਾਂ ਹੋਰ ਕੋਈ ਰਸਤਾ ਨਹੀਂ ਇੱਥੇ ਰਹਿ ਕੇ ਮਿਹਨਤ ਕਰਨ ਤੋਂ ਇਲਾਵਾ ਤੇ ਰਹਿ ਤਾਂ ਹੀ ਸਕਦਾ ਹਾਂ ਜੇਕਰ ਤੁਸੀਂ ਕੁਝ ਕਰੋਗੇ ।”
“ਸ਼ਿਓਰ ਰਾਜਵੀਰ, ਆਈ ਵਿਲ ਟ੍ਰਾਈ ਮਾਈ ਬੈਸਟ, ਹੁਣ ਮੈਨੂੰ ਜਾਣਾ ਪੈਣਾ ਕਿਉਂਜੋ ਜੌਬ ਦਾ ਟਾਈਮ ਹੁੰਦਾ ਜਾਂਦੈ… ਅਗੇਨ ਸੌਰੀ, ਪਰ ਮੈਂ ਆਪਣੀ ਪੂਰੀ ਕੋਸ਼ਿਸ਼ ਜ਼ਰੂਰ ਕਰਾਂਗੀ, ਆਖਿਰ ਮੇਰੇ ਵੀ ਤਾਂ ਕੈਰੀਅਰ ਦਾ ਸੁਆਲ ਹੈ । ਐਨੀ ਵੇ, ਸੀ ਯੂ ਲੇਟਰ…”
“ਓ.ਕੇ. ਸਰਬਪ੍ਰੀਤ… ਬਾਏ…”, ਉਦਾਸ ਮਨ ਨਾਲ਼ ਰਾਜਵੀਰ ਨੇ ਫੋਨ ਬੰਦ ਕਰ ਦਿੱਤਾ ।
ਸਰਬਪ੍ਰੀਤ ਐਕਸਪੀਰੀਐਂਸ ਪੂਰਾ ਨਾ ਕਰ ਸਕੀ ਤੇ ਉਨ੍ਹਾਂ ਨੂੰ ਇੱਕ ਸਾਲ ਦੀ ਹੋਰ ਪੜ੍ਹਾਈ ਲੈਣੀ ਪੈ ਗਈ । ਇੱਕ ਸਾਲ ਦੀ ਪੜ੍ਹਾਈ ਭਾਵ ਇੱਕ ਸਾਲ ਹੋਰ ਫੀਸ ਭਰਨੀ ਪੈਣੀ ਸੀ । ਰਾਜਵੀਰ ਤੇ ਉਸਦੇ ਪਰਿਵਾਰ ਨੇ ਕੋਸ਼ਿਸ਼ ਕੀਤੀ ਕਿ ਇਸ ਸਾਲ ਦੇ ਖ਼ਰਚੇ ਅੱਧੋ ਅੱਧ ਭਰੇ ਜਾਣ ਪਰ ਮਹਿੰਦਰ ਸਿੰਘ ਨੇ ਕੋਈ ਪੇਸ਼ ਨਾ ਜਾਣ ਦਿੱਤੀ । ਆਸਟ੍ਰੇਲੀਆ ਆਉਣ ਦੀਆਂ ਵੀਜ਼ਾ ਸ਼ਰਤਾਂ ਸਖ਼ਤ ਹੋ ਜਾਣ ਕਾਰਨ ਭਾਰਤ ਤੋਂ ਵਿਦਿਆਰਥੀ ਆਉਣੇ ਘਟ ਗਏ ਤੇ ਬਹੁਤ ਸਾਰਿਆਂ ਨੂੰ ਵਾਪਸ ਵੀ ਜਾਣਾ ਪੈ ਗਿਆ । ਜੋ ਲੋਕ ਖੇਤਾਂ ‘ਚ ਕੰਮ ਕਰਦੇ ਸਨ, ਉਨ੍ਹਾਂ ‘ਚੋਂ ਬਹੁਤ ਸਾਰੇ ਵੱਡੇ ਸ਼ਹਿਰਾਂ ‘ਚ ਸੈੱਟ ਹੋ ਗਏ ਤੇ ਖੇਤਾਂ ‘ਚ ਲੇਬਰ ਦੀ ਘਾਟ ਹੋਣ ਕਾਰਨ ਰਹਿ ਗਿਆਂ ਨੂੰ ਚੰਗਾ ਕੰਮ ਮਿਲਣ ਲੱਗ ਪਿਆ । ਸਭ ਨੂੰ ਕੰਮਾਂ ਕਾਰਾਂ ਦਾ ਤਜ਼ਰਬਾ ਹੋਣ ਕਾਰਨ ਲੇਬਰ ਦੇ ਰੇਟ ਵੀ ਵਧੀਆ ਮਿਲਣ ਲੱਗ ਪਏ । ਨਵੇਂ ਵਿਦਿਆਰਥੀ ਨਾ ਆਉਣ ਕਾਰਨ ਤੇ ਕਾਲਜਾਂ ਦੇ ਆਪਸੀ ਕੰਪੀਟੀਸ਼ਨ ਕਾਰਨ ਕੁਝ ਕੋਰਸਾਂ ਦੀ ਫੀਸ ਵੀ ਘੱਟ ਹੋ ਗਈ ਤੇ ਸਰਬਪ੍ਰੀਤ ਨੂੰ ਵੀ ਇੱਕ ਸਸਤੇ ਕਾਲਜ ‘ਚ ਦਾਖਲਾ ਮਿਲ ਗਿਆ । ਘੱਟ ਫੀਸ ਤੇ ਵਧੀ ਆਮਦਨ ਦੇ ਸਦਕਾ ਰਾਜਬੀਰ ਨੇ ਆਪਣੀ ਪੈਲੀ ਛੁਡਾ ਲਈ । ਇਹ ਸਾਲ ਵੀ ਨੇੜੇ ਆਉਣ ਨੂੰ ਹੋ ਗਿਆ । ਸਰਬਪ੍ਰੀਤ ਤੇ ਰਾਜਵੀਰ ਦੀ ਗੱਲਬਾਤ ਤਾਂ ਉਂਝ ਵੀ ਘੱਟ ਹੀ ਹੁੰਦੀ ਸੀ, ਕਿਉਂਜੋ ਉਹ ਤਾਂ ਸਿਰਫ਼ ਨਾਮ ਦੇ ਹੀ ਪਤੀ ਪਤਨੀ ਸਨ । ਦੋਹਾਂ ‘ਚ ਇੱਕ ਸਮਝੌਤਾ ਸੀ ਕਿ ਰਾਜਵੀਰ ਸਾਰਾ ਖਰਚਾ ਕਰੇਗਾ ਤੇ ਸਰਬਪ੍ਰੀਤ ਉਸਨੂੰ ਪੱਕਾ ਕਰਵਾਏਗੀ । ਇਤਨੇ ਸਾਲ ਪਰਿਵਾਰਾਂ ਤੋਂ ਦੂਰ ਰਹਿਣ ਦੇ ਬਾਵਜੂਦ ਉਨ੍ਹਾਂ ‘ਚ ਕਿਸੇ ਭਾਵਨਾ ਜਾਂ ਅਹਿਸਾਸ ਪੈਦਾ ਹੋਣਾ ਤਾਂ ਦੂਰ ਉਨ੍ਹਾਂ ‘ਚ ਦੋਸਤੀ ਤੱਕ ਨਹੀਂ ਸੀ ਹੋਈ । ਪਿਛਲੇ ਕੁਝ ਮਹੀਨਿਆਂ ਤੋਂ ਸਰਬਪ੍ਰੀਤ ਨੇ ਰਾਜਵੀਰ ਦਾ ਫੋਨ ਚੁੱਕਣਾ ਵੀ ਘਟਾ ਦਿੱਤਾ ਸੀ ਪਰ ਰਾਜਵੀਰ ਕੋਲ ਕਾਰਨ ਪੁੱਛਣ ਦਾ ਅਧਿਕਾਰ ਵੀ ਤਾਂ ਨਹੀਂ ਸੀ । ਇੱਕ ਦਿਨ ਅਚਾਨਕ…
“ਹੈਲੋ… ਸਰਬਪ੍ਰੀਤ ਸਤਿ ਸ੍ਰੀ ਅਕਾਲ । ਰਾਜਵੀਰ ਬੋਲ ਰਿਹਾਂ, ਕੀ ਹਾਲ ਨੇ ।”
“ਜੀ ਰਾਜਵੀਰ, ਮੈਂ ਠੀਕ ਹਾਂ ।”
“ਬਹੁਤ ਦਿਨਾਂ ਤੋਂ ਤੁਹਾਡੇ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾਂ ਪਰ ਤੁਹਾਡਾ ਨੰਬਰ ਨੋ ਰਪਲਾਈ ਚੱਲ ਰਿਹਾ ਸੀ ।”
“ਸੌਰੀ, ਕਾਫ਼ੀ ਬਿਜ਼ੀ ਸੀ, ਇਸ ਲਈ ਫੋਨ ਅਟੈਂਡ ਨਹੀਂ ਕਰ ਸਕੀ ।”
“ਗੱਲ ਇੰਝ ਹੈ ਸਰਬਪ੍ਰੀਤ, ਹੁਣ ਕੁਝ ਕੁ ਮਹੀਨੇ ਰਹਿ ਗਏ ਨੇ ਸਟੱਡੀ ਪੂਰੀ ਹੋਣ ‘ਚ, ਅੱਗੇ ਬਾਰੇ ਕੀ ਸੋਚਿਆ ?”
“ਅੱਗੇ ਤਾਂ ਸਿਰਫ਼ ਟੀ ਆਰ ਹੀ ਪਾ ਸਕਦੇ ਹਾਂ ਪਰ ਸਮੱਸਿਆ ਇਹ ਹੈ ਕਿ ਮੇਰੀ ਆਈਲੈਟਸ ਕਲੀਅਰ ਨਹੀਂ ਹੋ ਰਹੀ, ਦੋ-ਤਿੰਨ ਵਾਰ ਟੈਸਟ ਦੇ ਚੁੱਕੀ ਹਾਂ ।”
“ਟੈਸਟ ਦਿੱਤੇ ਹਨ, ਦੱਸਿਆ ਤਾਂ ਨਹੀਂ ।”
“ਰਾਜਵੀਰ, ਆਪਣੀ ਜਿੰਦਗੀ ਦੀ ਹਰ ਗੱਲ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ।”
ਤਦੇ ਪਿੱਛੋਂ ਰਾਜਵੀਰ ਨੂੰ ਫੋਨ ‘ਤੇ ਕਿਸੇ ਗੋਰੇ ਦੀ ਆਵਾਜ਼ ਸੁਣਾਈ ਦਿੰਦੀ ਹੈ… “ਓ ਸਰਬ, ਪਲੀਜ਼ ਕਮ ਆਨ, ਹੂ ਇਜ਼ ਔਨ ਫੋਨ ਡਿਸ ਟਾਈਮ ?”
“ਜਸਟ ਵੇਟ, ਡਾਰਲਿੰਗ, ਕਮਿੰਗ ਵਿਦ ਇਨ ਸੈਕਿੰਡ ।”, ਇਹ ਸਰਬਪ੍ਰੀਤ ਦੀ ਮੱਧਮ ਜਿਹੀ ਆਵਾਜ਼ ਸੀ ।
“ਹੈਲੋ, ਸਰਬਪ੍ਰੀਤ… ਫਿਰ ਕਰਨਾ ਕੀ ਹੈ, ਹੁਣ ਤਾਂ ਇੱਕ ਸਾਲ ਹੋਰ ਫੀਸਾਂ ਵੀ ਭਰ ਦਿੱਤੀਆਂ । ਆਖਿਰ ਕੋਈ ਤਾਂ ਹੱਲ ਲੱਭਣਾ ਹੀ ਪਵੇਗਾ । ਪੜ੍ਹਾਈ ਤਾਂ ਤੁਹਾਨੂੰ ਹੀ ਕਰਨੀ ਪੈਣੀ ਹੈ, ਆਈਲੈਟਸ ਟੈਸਟ ਵੀ ਤੁਹਾਨੂੰ ਹੀ ਕਲੀਅਰ ਕਰਨਾ ਪੈਣਾ ਹੈ, ਮੈਂ ਤਾਂ ਖਰਚ ਕਰਨਾ ਸੀ, ਕਰ ਦਿੱਤਾ । ਪੜ੍ਹਾਈ ‘ਤੇ ਤਾਂ ਤੁਹਾਨੂੰ ਹੀ ਮਿਹਨਤ ਕਰਨੀ ਪੈਣੀ ਹੈ । ਆਖਿਰ ਆਪਣੀ ਕਮਿਟਮੈਂਟ ਹੋਈ ਸੀ, ਤੁਹਾਨੂੰ ਉਸ ਬਾਰੇ ਸੋਚਣਾ ਚਾਹੀਦਾ ਹੈ ।”
(ਇਸੇ ਦੌਰਾਨ ਲਗਾਤਾਰ ਕੋਈ ਗੋਰਾ ਸਰਬਪ੍ਰੀਤ ਨੂੰ ਬੁਲਾਉਂਦਾ ਰਿਹਾ ।)
“ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ । ਜਦ ਟੈਸਟ ਕਲੀਅਰ ਹੋ ਗਿਆ, ਦੱਸ ਦਿਆਂਗੀ । ਹੁਣ ਮੈਂ ਬਿਜ਼ੀ ਹਾਂ । ਬਾਦ ‘ਚ ਫੋਨ ਕਰਾਂਗੀ ।”, ਕਹਿ ਕੇ ਸਰਬਪ੍ਰੀਤ ਨੇ ਫੋਨ ਕੱਟ ਦਿੱਤਾ । ਰਾਜਵੀਰ ਬਹੁਤ ਮਹੀਨਿਆਂ ਤੋਂ ਇਹੀ ਕੁਝ ਬਰਦਾਸ਼ਤ ਕਰ ਰਿਹਾ ਸੀ, ਉਸਦਾ ਵੀ ਪਾਰਾ ਚੜ੍ਹ ਗਿਆ ।
“ਏਸਨੇ ਸਮਝ ਕੀ ਰੱਖਿਐ ? ਜਿੰਨਾਂ ਮੈਂ ਸ਼ਰਾਫ਼ਤ ਤੋਂ ਕੰਮ ਲੈ ਰਿਹਾਂ, ਉਨ੍ਹਾਂ ਸਿਰ ਚੜ੍ਹੀ ਜਾਂਦੀ ਐ । ਲੱਖਾਂ ਰੁਪਈਆ ਫੂਕ ਦਿੱਤਾ ਇਹਦੀ ਪੜ੍ਹਾਈ ‘ਤੇ ਤੇ ਏਹਨੂੰ ਕੋਈ ਚਿੰਤਾ ਹੀ ਨਹੀਂ । ਅੱਜ ਫੈਸਲਾ ਕਰਕੇ ਹੀ ਰਹਿਣਾਂ, ਚਾਹੇ ਜੋ ਮਰਜ਼ੀ ਹੋ ਜਾਵੇ”, ਆਪਣੇ ਆਪ ‘ਚ ਕਲਪਦਾ ਹੋਇਆ ਰਾਜਵੀਰ ਵਾਰ ਵਾਰ ਮੋਬਾਇਲ ਟਰਾਈ ਕਰਦਾ ਹੈ ਪਰ ਬਹੁਤ ਵਾਰ ਤੋਂ ਬਾਅਦ ਸਰਬਪ੍ਰੀਤ ਨੇ ਫੋਨ ਚੁੱਕਿਆ ।
“ਦੱਸੋ ਰਾਜਵੀਰ ! ਕਿਉਂ ਤੰਗ ਕੀਤਾ ਹੋਇਐ ? ਤੁਹਾਨੂੰ ਇੱਕ ਵਾਰ ਕਹਿ ਦਿੱਤਾ ਕਿ ਜਦ ਆਈਲੈਟਸ ਟੈਸਟ ਕਲੀਅਰ ਹੋ ਗਿਆ, ਦੱਸ ਦਿਆਂਗੀ । ਮੈਨੂੰ ਦੋਬਾਰਾ ਫੋਨ ਕਰਨ ਦੀ ਲੋੜ ਨਹੀਂ ।”
ਪਿਛੋਂ ਗੋਰੇ ਦੀ ਆਵਾਜ਼ ਆਉਂਦੀ ਹੈ, “ਸਰਬ, ਹੂ ਇਜ਼ ਦਿਸ ਬਲੱਡੀ ਬਾਸਟਰਡ ? ਵਾਏ ਹੀ ਇਜ਼ ਕਾਲਿੰਗ ਯੂ ਅਗੇਨ ਐਂਡ ਅਗੇਨ ?”
“ਜਸਟ ਵੇਟ ਹਨੀ ! ਗੱਲ ਸੁਣ ਲਓ ਰਾਜਵੀਰ ਮੇਰੀ ਧਿਆਨ ਨਾਲ਼, ਜੇ ਅੱਜ ਤੋਂ ਬਾਅਦ ਮੈਨੂੰ ਫੋਨ ਕਰਕੇ ਤੰਗ ਕੀਤਾ ਤਾਂ ਪੁਲਿਸ ‘ਚ ਤੁਹਾਡੀ ਕੰਪਲੇਂਟ ਕਰ ਦਿਆਂਗੀ ।”
“ਤੰਗ… ਤੰਗ ਮੈਂ ਕਰਦਾਂ ਕਿ ਤੂੰ ਮੇਰਾ ਖੂਨ ਪੀ ਰੱਖਿਐ ਸਰਬਪ੍ਰੀਤ ? ਤਿੰਨ ਸਾਲ ਹੋ ਗਏ ਤੀਹ-ਪੈਂਤੀ ਹਜ਼ਾਰ ਡਾਲਰ ਤੇ ਤੇਰੀ ਤਲੀ ‘ਤੇ ਧਰ ਚੁੱਕਿਆਂ । ਮੇਰੇ ਹੱਡ ਖੁਰ ਗਏ ਨੇ ਖੇਤਾਂ ‘ਚ ਟੱਕਰਾਂ ਮਾਰ ਮਾਰ ਕੇ, ਤੂੰ ਮੇਰੀ ਕੰਪਲੇਂਟ ਕਰੇਂਗੀ ? ਕਿਸ ਗੱਲ ਦੀ ਕੰਪਲੇਂਟ ਕਿ ਤੈਨੂੰ ਡਾਲਰਾਂ ਦੇ ਡਾਲਰ ਦੇਈ ਬੈਠਾਂ, ਇਸ ਗੱਲ ਦੀ ਕੰਪਲੇਂਟ । ਅੱਜ ਕਰਦਾਂ ਗੱਲ ਪਿੰਡ ਕਿ ਜਾ ਕੇ ਆਉਣਗੇ ਥੋਡੇ ਘਰੇ ।”
“ਜਾ ਕਰ ਲੈ, ਜੋ ਕੁਝ ਕਰਨੈ । ਖਬਰਦਾਰ ਜੇ ਅੱਜ ਤੋਂ ਬਾਅਦ ਮੈਨੂੰ ਫੋਨ ਕੀਤਾ । ਮਾਰ ਆਓ ਟੱਕਰਾਂ ਸਾਰਾ ਟੱਬਰ ਜਾ ਕੇ ਸਾਡੇ ਬੂਹੇ ‘ਤੇ । ਮੈਨੂੰ ਵੀ ਦੱਸ ਦੇਈਂ ਜੇ ਕੁਝ ਬਣ ਗਿਆ ਤਾਂ । ਵੱਡਾ ਸਰਦਾਰ । ਮੈਨੂੰ ਪਹਿਲਾਂ ਹੀ ਜਾਪਦਾ ਸੀ, ਏਹੋ ਜਿਹਾ ਹੀ ਹੋਏਂਗਾ ਤਾਂ ਹੀ ਤੇਰੇ ‘ਤੇ ਕਦੇ ਭਰੋਸਾ ਨਹੀਂ ਕੀਤਾ । ਮੇਰੀ ਗੱਲ ਸੁਣ ਲੈ ਧਿਆਨ ਨਾਲ਼ ਆਖਰੀ ਵਾਰ, ਤੇਰੇ ਕੋਲ ਦੋ ਮਹੀਨੇ ਦਾ ਟਾਇਮ ਹੈਗਾ ਅਜੇ, ਜੇ ਅਗਾਂਹ ਨੂੰ ਆਪਣੇ ਵੀਜ਼ੇ ਦਾ ਕੁਝ ਕਰ ਸਕਦੈਂ ਤਾਂ ਕਰ ਲੈ, ਮੇਰੇ ਆਸਰੇ ਰਹਿਣ ਦੀ ਲੋੜ ਨਹੀਂ ।”
“ਕੀ ਮਤਲਬ ? ਮੈਂ ਕੀ ਕਰ ਲਵਾਂ ? ਸਾਰਾ ਕੇਸ ਤੇਰੇ ਨਾਮ ‘ਤੇ ਪਾਇਆ ਹੋਇਆ, ਪੜ੍ਹਾਈ ਤੂੰ ਕੀਤੀ ਐ, ਮੈਂ ਹੁਣ ਕੀ ਕਰ ਸਕਦੈਂ ? ‘ਤੇ ਤੂੰ ਕੀ ਕਰੇਂਗੀ ਦੋ ਮਹੀਨਿਆਂ ਬਾਅਦ ? ਜਾਣਾ ਤਾਂ ਪਿੰਡ ਈ ਐ ਨਾ, ਓਥੇ ਜਾ ਕੇ ਹਿਸਾਬ ਕਰ ਲਵਾਂਗੇ, ਏਡੀ ਵੀ ਕੀ ਗੱਲ ਐ ?”
“ਪਿੰਡ… ਕਿਹੜੇ ਪਿੰਡ ਦੀ ਗੱਲ ਕਰਦੈਂ ਤੂੰ ਰਾਜਵੀਰ ?”, ਸਰਬਪ੍ਰੀਤ ਦਾ ਹਾਸਾ ਨਿੱਕਲ ਗਿਆ ।
“ਥੋਡੇ ਪਿੰਡ… ਹੋਰ ਕਿਹੜੇ ਪਿੰਡ ਜਾਏਂਗੀ ਤੂੰ ? ਪੰਚਾਇਤ ਬੈਠਾ ਕੇ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਮੈਂ… ਤਿੰਨ ਸਾਲ ਮੇਰੀ ਮਿਹਨਤ ਦੀ ਕਮਾਈ ‘ਤੇ ਐਸ਼ਾਂ ਕਰਦੀ ਰਹੀ… ਹੁਣ ਧੋਖਾ ਦੇ ਰਹੀ ਏਂ… ਕੋਈ ਨਾ, ਸਭ ਭੁਗਤਣਾ ਪੈਣਾ ਥੋਡੇ ਟੱਬਰ ਨੂੰ, ਏਨੀ ਸੌਖੀ ਨਹੀਂ ਮੈਂ ਆਪਣੀ ਖੂਨ ਪਸੀਨੇ ਦੀ ਕਮਾਈ ਹਜ਼ਮ ਕਰਨ ਦਿੰਦਾ ਥੋਨੂੰ ।”
“ਰਾਜਵੀਰ ਤੂੰ ਬੜਾ ਭੋਲਾ ਏਂ, ਆਹ ਪਿੱਛੇ ਸੁਣਦਾ ਨਹੀਂ ਜਿਹੜਾ ਲੇਲੜੀਆਂ ਕੱਢੀ ਜਾਂਦੈ । ਕੁਝ ਹਫ਼ਤਿਆਂ ਤੱਕ ਮੈਂ ਇਹਦੇ ਨਾਲ਼ ਵਿਆਹ ਕਰ ਰਹੀ ਆਂ । ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀਂ ਕਿਉਂ ਜੋ ਦੋ ਮਹੀਨਿਆਂ ਤੋਂ ਕਾਲਜ ਵੀ ਨਹੀਂ ਗਈ ਤੇ ਉਹ ਸ਼ਹਿਰ ਤਾਂ ਮੈਂ ਕਈ ਹਫ਼ਤੇ ਪਹਿਲਾਂ ਹੀ ਛੱਡ ਚੁੱਕੀ ਆਂ । ਫਿਰ ਵੀ ਤੂੰ ਮੇਰਾ ਪਤੀ ਪ੍ਰਮੇਸ਼ਰ ਹੈਂ, ਤੈਨੂੰ ਸੱਚ ਦੱਸ ਦਿੱਤਾ ਤਾਂ ਜੋ ਆਪਣਾ ਕੋਈ ਇੰਤਜ਼ਾਮ ਕਰ ਸਕੇਂ । ਚੰਗਾ ਬਾਏ… ਬਾਏ…”, ਭਿਆਨਕ ਹਾਸਾ ਹੱਸਦੀ ਸਰਬਪ੍ਰੀਤ ਨੇ ਫੋਨ ਕੱਟ ਦਿੱਤਾ ।
“ਕੀ ਕਿਹਾ ? ਕੀ ਕਿਹਾ ਸਰਬਪ੍ਰੀਤ ਤੂੰ… ? ਵਿਆਹ ਕਰਵਾ ਰਹੀ ਏਂ… ਤੇ ਮੈਂ… ਮੇਰਾ ਕੀ ਬਣੂਗਾ, ਸੋਚਿਆ ? ਕਦੀ ਸੋਚਿਆ ਕਿ ਆਪਣੀ ਪੈਲੀ ਗਹਿਣੇ ਰੱਖ ਕੇ ਤੇਰੇ ‘ਤੇ ਖਰਚਾ ਕੀਤਾ ਸੀ… ਤਿੰਨ ਸਾਲ ਆਪਣੇ ਹੱਡ ਵੱਢ ਕੇ ਕਮਾਈ ਕੀਤੀ ਜੋ ਤੇਰੀ ਤਲੀ ‘ਤੇ ਧਰ ਦਿੱਤੀ… । ਏਡਾ ਵੱਡਾ ਧੋਖਾ… ਓ ਮੇਰਿਆ ਰੱਬਾ… ਮੈਂ ਕੀ ਕਰਾਂ… ਕਿੱਧਰ ਜਾਵਾਂ ? ਹਾਏ ਓਏ ਰੱਬਾ.. ਤੈਨੂੰ ਵੀ ਧੋਖਾ ਦਿੱਤਾ ਸੀ, ਝੂਠੀਆਂ ਲਾਵਾਂ ਲਈਆਂ ਸੀ ਓਏ… ਤੈਨੂੰ ਹਾਜ਼ਰ ਨਾਜ਼ਰ ਮੰਨਿਆ ਸੀ ਓਏ ਰੱਬਾ ਮੇਰਿਆ… ਓਸੇ ਦੀ ਸਜ਼ਾ ਮਿਲੀ ਮੈਨੂੰ ਓਏ… ਮੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ… ਉਜਾੜ ਕੇ ਰੱਖ ਦਿੱਤਾ ਓਏ… ਹਾਏ ਓਏ ਰੱਬਾ ਓਏ… ਚੱਕ ਲੈ ਮੈਨੂੰ ਓਏ… ਕੀ ਕਰਾਂ.. ਕਿੱਧਰ ਜਾਵਾਂ ਓਏ…”, ਰਾਜਵੀਰ ਬੁਰੀ ਤਰ੍ਹਾਂ ਰੋ ਕੁਰਲਾ ਰਿਹਾ ਸੀ ਪਰ ਉਸਦੀ ਸੁਣਨ ਵਾਲਾ ਕੋਈ ਨਹੀਂ ਸੀ ।
****

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>