ਮੁੰਬਈ,(ਪਰਮਜੀਤ ਸਿੰਘ ਬਾਗੜੀਆ)-ਮੁੰਬਈ ਦੀ ਫਿਲਮ ਨਗਰੀ ਬਾਲੀਵੁਡ ਵਿਚ 40 ਸਾਲਾਂ ਤੋਂ ਫਿਲਮ ਨਿਰਮਾਣ ਅਤੇ ਨਿਰਦੇਸ਼ਨ ਦੇ ਖੇਤਰ ਵਿਚ ਆਪਣਾ ਲੋਹਾ ਮੰਨਵਾਉਣ ਵਾਲੇ ਪੰਜਾਬੀ ਯਸ਼ ਚੋਪੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਡੇਂਗੂ ਤੋਂ ਪੀੜਤ ਇਸ ਨਾਮੀ ਫਿਲਮ ਨਿਰਦੇਸ਼ਕ ਦਾ ਮੁੰਬਈ ਦੇ ਸਥਾਨਕ ਲੀਲਾਵਤੀ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ। 80 ਸਾਲਾ ਚੋਪੜਾ ਜੀ ਆਪਣੀ ਆਖਿਰੀ ਫਿਲਮ ‘ਜਬ ਤਕ ਹੈ ਜਾਨ’ ਦੇ ਪਰਦੇ ‘ਤੇ ਆਉਣ ਤੋਂ ਪਹਿਲਾਂ ਹੀ ਤੁਰ ਗਏ। ਉਨ੍ਹਾਂ ਦੇ ਤੁਰ ਜਾਣ ਦੀ ਖਬਰ ਨਾਲ ਮੁੰਬਈ ਨਗਰੀ ਦੇ ਬਹੁਤੇ ਅਦਾਕਾਰ ਤੇ ਨਿਰਮਾਤਾ-ਨਿਰਦੇਸ਼ਕਾਂ ਨੂੰ ਧੱਕਾ ਲੱਗਿਆ ਹੈ ਕਿਉਂ ਕਿ ਅਜੇ ਲੰਘੀ 27 ਸਤੰਬਰ ਨੂੰ ਫਿਲਮ ਨਗਰੀ ਦੇ ਚੋਟੀ ਦੇ ਅਦਾਕਾਰ ਅਤੇ ਨਿਰਮਾਤਾ-ਨਿਰਦੇਸ਼ਕ ਉਨ੍ਹਾਂ ਦੇ 80ਵੇਂ ਜਨਮ ਦਿਨ ਮੌਕੇ ਮੁਬਾਰਕ ਦੇਣ ਲਈ ਪੁੱਜੇ ਸਨ।
ਯਸ਼ ਰਾਜ ਚੋਪੜਾ ਦਾ ਜਾਦੂ ਫਿਲਮ ਨਗਰੀ ‘ਤੇ ਹਮੇਸ਼ਾ ਛਾਇਆ ਰਿਹਾ। ‘ਸਿਲਸਿਲਾ’ ਤੋਂ ਲੈ ਕੇ ‘ਦਿਲ ਵਾਲੇ ਦੁਲਹਨੀਆ ਲੇ ਜਾਂਏਗੇ’ ਅਤੇ ‘ਵੀਰ-ਜਾਰਾ’ ਜਿਹੀਆਂ ਸ਼ਾਹਕਾਰ ਫਿਲਮਾਂ ਸਦਕਾ ਚੋਪੜਾ ਨੁੰ ‘ਪਰਦੇ ‘ਤੇ ਰੋਮਾਂਸ ਦਾ ਰਾਜਾ’ ਵੀ ਕਿਹਾ ਗਿਆ। ਗਲੈਮਰ ਦੀ ਦੁਨੀਆ ਵਿਚ ਸਾਦਗੀ ਭਰੀ ਸਖਸ਼ੀਅਤ ਨੇ ਭਾਰਤੀ ਸਿਨੇ ਦਰਸ਼ਕਾਂ ਨੂੰ ਦਰਜਨਾਂ ਸ਼ਾਹਕਾਰ ਫਿਲਮਾਂ ਦਿੱਤੀਆਂ ਹਨ। ਪਿਆਰ ਭਰਭੁਰ, ਭਾਵਨਾਤਮਿਕ ਅਤੇ ਦਖਾਂਤਕ ਫਿਲਮਾਂ ਰਾਹੀਂ ਉਸਨੇ ਆਪਣੀ ਨਿਰਦੇਸ਼ਨ ਕਲਾ ਦਾ ਲੋਹਾ ਮੰਨਵਾਇਆ ਹੈ। 1932 ਵਿਚ ਲਹੌਰ ਵਿਚ ਜਨਮੇ ਅਤੇ ਦੇਸ਼ ਵੰਡ ਤੋਂ ਬਾਅਦ ਲੁਧਿਆਣਾ ਅਤੇ ਜਲੰਧਰ ਸ਼ਹਿਰਾਂ ਵਿਚ ਕੁਝ ਪੜਾਈ ਕਰਨ ਉਪਰੰਤ ਉਹ ਪੰਜਾਬੀ ਪੁੱਤਰ ਧਰਮਿੰਦਰ ਵਾਂਗ ਹੀ ਜੇਬ ਵਿਚ 200 ਰੁਪਏ ਪਾ ਕੇ ਫਿਲਮ ਨਿਰਦੇਸ਼ਨ ਦਾ ਸੁਪਨਾ ਲੈ ਕੇ ਮੁੰਬਈ ਪੁੱਜੇ ਸਨ। ਇਥੇ ਉਨ੍ਹਾਂ ਕੁਝ ਸਮਾਂ ਸਹਾਇਕ ਨਿਰਦੇਸ਼ਨ ਤੋਂ ਬਾਅਦ ਦੀਵਾਰ, ਸਿਲਸਿਲਾ, ਚਾਂਦਨੀ, ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ ਅਤੇ ਵੀਰ-ਜਾਰਾ ਜਿਹੀਆਂ ਪ੍ਰਸਿੱਧ ਫਿਲਮਾਂ ਦਿੱਤੀਆਂ। ਉਨ੍ਹਾਂ ਨੂੰ ਨਿਰਦੇਸ਼ਨ ਕਲਾ ਦੇ ਖੇਤਰ ਵਿਚ ਅਨੇਕਾਂ ਵਾਰ ਰਾਸ਼ਟਰੀ ਫਿਲਮ ਐਵਾਰਡ ਅਤੇ ਫਿਲਮ ਫੇਅਰ ਐਵਾਰਡ ਵੀ ਪ੍ਰਾਪਤ ਹੋਏ। ਭਾਰਤ ਸਰਕਾਰ ਵਲੋਂ ਦਾਦਾ ਸਾਹਿਬ ਫਾਲਕੇ ਐਵਾਰਡ ਅਤੇ ਪਦਮ ਭੁਸ਼ਣ ਵੀ ਪ੍ਰਾਪਤ ਹੋਏ। ਯਸ਼ ਚੋਪੜਾ ਦੀਆਂ ਫਿਲਮਾਂ ਵਿਚ ਆਮ ਆਦਮੀ ਦੀ ਜਿੰਦਗੀ ਧੜਕਦੀ ਹੈ। ਵੀਰ ਜਾਰਾ ਰਾਹੀਂ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲਿਆਂਦਾ ਹੈ। ਉਹ ਹਮੇਸ਼ਾਂ ਪੰਜਾਬ ਦੀ ਮਿੱਟੀ ਦੀ ਮਹਿਕ ਹਿੰਦੀ ਫਿਲਮਾਂ ਵਿਚ ਭਰਦੇ ਰਹੇ ਹਨ। ਉਨ੍ਹ ਦੇ ਜਾਣ ਦਾ ਜਿਥੇ ਬਾਲੀਵੁਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਪੰਜਾਬੀਆਂ ਕੋਲੋਂ ਵੀ ਪੰਜਾਬੀ ਸੱਭਿਆਚਾਰ ਦਾ ਇਕ ਸੱਚਾ ਪੇਸ਼ਕਾਰ ਖੁੱਸ ਗਿਆ ਹੈ।