ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਪਲਾਂਟ ਜੈਨੇਟਿਕ ਸੋਮਿਆਂ ਦੇ ਸਹੀ ਪ੍ਰਬੰਧ ਵਿੱਚ ਉਨ੍ਹਾਂ ਵੱਲੋਂ ਪਾਏ ਉੱਘੇ ਯੋਗਦਾਨ ਕਰਕੇ ਡਾ: ਹਰਭਜਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਡਾ: ਆਰ ਐਸ ਪੈਰੋਡਾ, ਐਗਰੀਕਲਚਰਲ ਸਾਇੰਸਜ਼ ਦੀ ਐਡਵਾਂਸਮੈਂਟ ਲਈ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਡਾਇਰੈਕਟਰ ਜਨਰਲ, ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਪਲਾਂਟ ਜੈਨੇਟਿਕ ਸੋਮਿਆਂ ਦੀ ਭਾਰਤੀ ਸੰਸਥਾ ਵੱਲੋਂ ਨਵੀਂ ਦਿੱਲੀ ਵਿਖੇ ਦਿੱਤਾ ਗਿਆ। ਡਾ: ਢਿੱਲੋਂ ਨੇ ਬਤੌਰ ਨਿਰਦੇਸ਼ਕ, ਪਲਾਂਟ ਜੈਨੇਟਿਕ ਸੋਮਿਆਂ ਦੇ ਨੈਸ਼ਨਲ ਬਿਓਰੋ ਵਿਖੇ ਆਪਣੇ ਸੇਵਾ ਕਾਲ ਮੌਕੇ ਭਾਰਤੀ ਪੌਦ ਜੈਨੇਟਿਕ ਸੋਮਿਆਂ ਦੇ ਪ੍ਰਬੰਧ ਪ੍ਰੋਗਰਾਮ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਪੌਦਿਆਂ ਨੂੰ ਚੁਣ ਕੇ ਖੋਜ ਕਰਨ ਉਪਰੰਤ 2005-07 ਦੌਰਾਨ ਨੈਸ਼ਨਲ ਜੀਨ ਬੈਂਕ ਜੋ ਕਿ ਵਿਸ਼ਵ ਦਾ ਤੀਜਾ ਜੀਨ ਬੈਂਕ ਹੈ ਵਿੱਚ ਜਰਮ ਪਲਾਜ਼ਮ ਨੂੰ 0.196 ਤੋਂ ਵਧਾ ਕੇ 0.303 ਮਿਲੀਅਨ ਕਰਨ ਦਾ ਵਿਸ਼ੇਸ਼ ਕਾਰਜ ਕੀਤਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜਰਮ ਪਲਾਜ਼ਮ ਇਕੱਤਰ ਕਰਨ ਅਤੇ ਪੌਦਿਆਂ ਦੀ ਖੋਜ ਕਰਨ ਦੇ ਵੱਡੇ ਕਾਰਜ ਅਰੰਭੇ ਗਏ। ਪੌਦ ਜੈਨੇਟਿਕ ਸੋਮਿਆਂ ਦਾ ਡੈਟਾਬੇਸਿਸ ਤਿਆਰ ਕਰਨ ਵਿੱਚ ਡਾ: ਢਿੱਲੋਂ ਨੇ ਅਹਿਮ ਭੂਮਿਕਾ ਨਿਭਾਈ। ਪਲਾਂਟ ਜੈਨੇਟਿਕ ਸੋਮਿਆਂ ਨਾਲ ਸਬੰਧਿਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਨ੍ਹਾਂ ਨੇ ਜਰਮ ਪਲਾਜ਼ਮ ਦਾ ਅਦਾਨ-ਪ੍ਰਦਾਨ ਕਰਨ ਵਿੱਚ ਦਿਸ਼ਾ ਨਿਰਦੇਸ਼ ਸੁਝਾਏ।
ਇਥੇ ਇਹ ਖਾਸ ਤੌਰ ਤੇ ਵਰਣਨਯੋਗ ਹੈ ਕਿ ਡਾ: ਢਿੱਲੋਂ ਨੂੰ ਐਵਾਰਡ ਤੋਂ ਪਹਿਲਾਂ ਵੀ ਕਈ ਰਾਸ਼ਟਰੀ ਐਵਾਰਡ ਜਿਵੇਂ ਕਿ ਸਾਇੰਸ ਅਤੇ ਤਕਨਾਲੋਜੀ ਲਈ ਓਮ ਪ੍ਰਕਾਸ਼ ਭਸੀਨ ਐਵਾਰਡ, ਰਫ਼ੀ ਅਹਿਮਦ ਕਿਦਵਾਈ ਯਾਦਗਾਰੀ ਇਨਾਮ ਅਤੇ ਐਗਰੀਕਲਚਰਲ ਸਾਇੰਸਜ਼ ਦੀ ਨੈਸ਼ਨਲ ਅਕਾਦਮੀ ਵਲੋਂ ਸਰਪ੍ਰਸਤੀ ਆਦਿ ਹਾਸਿਲ ਕਰ ਚੁੱਕੇ ਹਨ।