ਕੇਰਲਾ,(ਪਰਮਜੀਤ ਸਿੰਘ ਬਾਗੜੀਆ)-ਵਿਸ਼ਵ ਦੇ ਮਹਾਨ ਫੁੱਟਬਾਲਰ ਡੀਆਗੋ ਮਾਰਾਡੋਨਾ ਦਾ ਕੇਰਲਾ ਪੁੱਜਣ ‘ਤੇ ਉਸਦੇ ਹਜਾਰਾਂ ਪ੍ਰਸੰਸਕਾਂ ਵਲੋਂ ਜੋਸ਼-ਖਰੋਸ਼ ਨਾਲ ਸਵਾਗਤ ਕੀਤਾ ਗਿਆ। ਮਾਰਾਡੋਨਾ ਨੂੰ ਕੇਰਲਾ ਦੇ ਸ਼ਹਿਰ ਕਨੂੰਰ ਵਿਖੇ ਪ੍ਰਸਿੱਧ ਕਾਰੋਬਾਰੀ ਸਮੂਹ ਬੌਬੀ ਚੈਮਨੂਰ ਜਵੈਲਰਜ਼ ਐਂਡ ਏਅਰਲਾਈਨ ਵਲੋਂ ਗਹਿਣਿਆਂ ਦੇ ਇਕ ਸ਼ੋਅਰੂਮ ਦੇ ਉਦਘਾਟਨ ਲਈ ਬੁਲਾਇਆ ਗਿਆ ਹੈ। ਕਿਸੇ ਕਾਰੋਬਾਰੀ ਅਦਾਰੇ ਦੇ ਬ੍ਰੈਂਡ ਅੰਬੈਸਡਰ ਵਜੋਂ ਉਹ ਪਹਿਲੀ ਵਾਰ ਕੇਰਲਾ ਆਏ ਹਨ।
ਵੀਂਹਵੀ ਸਦੀ ਦੇ ਮਹਾਨ ਫੁੱਟਬਾਲਰ ਅਤੇ 1986 ਦੀ ਵਿਸ਼ਵ ਕੱਪ ਜੇਤੂ ਅਰਜਨਟੀਨਾ ਦੀ ਟੀਮ ਦੇ ਕੈਪਟਨ ਮਾਰਾਡੋਨਾ ਦੀ ਇਕ ਝਲਕ ਪਾਉਣ ਲਈ ਕੇਰਲਾ ਦੇ ਲੋਕ ਜਿਵੇਂ ਦੀਵਾਨੇ ਹੋਏ ਪਏ ਸਨ। ਕੇਰਲਾ ਦੇ ਸ਼ਹਿਰਾਂ ਕੋਜੀਕੋਡੇ, ਮੱਲਾਪੁਰਮ ਅਤੇ ਕਸਾਰਗੋਡ ਜਿਲਿਆਂ ਤੋਂ ਪੁੱਜੇ ਮਾਰਾਡੋਨਾ ਦੇ ਹਜਾਰਾਂ ਪ੍ਰਸੰਸਕਾਂ ਨੇ ਇਕ ਵੱਖਰਾ ਹੀ ਮਹੌਲ ਪੈਦਾ ਕਰ ਦਿੱਤਾ ਸੀ। ਪ੍ਰਸੰਸਕਾਂ ਨੂੰ ਕਾਬੂ ਵਿਚ ਰੱਖਣ ਲਈ ਅਤੇ ਇਸ ਸਟਾਰ ਫੁੱਟਬਾਲਰ ਦੀ ਸੁਰੱਖਿਆ ਲਈ ਕੋਈ ਦੋ ਹਜਾਰ ਪੁਲੀਸ ਦੇ ਜਵਾਨ ਪੱਬਾਂ ਭਾਰ ਹੋਏ ਪਏ ਸਨ। ਮਾਰਾਡੋਨਾ ਜੋ ਕੋਚੀ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇ ਜਿਨ੍ਹਾਂ ਨੂੰ ਬਾਅਦ ਵਿਚ ਹੈਲੀਕਾਪਟਰ ਰਾਹੀਂ ਕਨੂੰਰ ਲਿਜਾਇਆ ਗਿਆ। ਇਹਨਾਂ ਦੋਵੇਂ ਥਾਵਾਂ ‘ਤੇ ਹਜਾਰਾਂ ਮਲਿਆਲੀ ਨੌਜਵਾਨ ਮਾਰਾਡੋਨਾ ਦੀ ਇਕ ਝਲਕ ਪਾਉਣ ਲਈ ਖੜ੍ਹੇ ਸਨ। ਕੋਚੀ ਦੇ ਇਕ ਨੌਜਵਾਨ ਪ੍ਰਸੰਸਕ ਨੇ ਖੁਸ਼ੀ ਵਿਚ ਉਛਲਦਿਆਂ ਦੱਸਿਆ ਕਿ ਮੈਂ ਮਾਰਾਡੋਨਾ ਦੀ ਇਕ ਝਲਕ ਪਾਉਣ ਲਈ ਤੜਕੇ 4 ਵਜੇ ਦਾ ਖੜੋਤਾ ਹਾਂ ਤੇ ਇਹ ਇਕ ਸੁਪਨਾ ਸੱਚ ਹੋਣ ਵਾਂਗ ਹੈ।
ਫੁੱਟਬਾਲ ਦੇ ਵਿਸ਼ਵ ਜੇਤੂ ਨੇ ਹਜਾਰਾਂ ਪ੍ਰਸੰਸਕਾਂ ਦਾ ਹੱਥ ਹਿਲਾ ਕੇ ਸਵਾਗਤ ਕਬੂਲਿਆ। ਦੇਸ਼ ਵਿਚ ਕ੍ਰਿਕਟ ਖੇਡ ਦੇ ਜਨੂੰਨ ਤੋਂ ਬਾਅਦ ਫੁੱਟਬਾਲ ਖੇਡ ਪ੍ਰਸੰਸਕਾਂ ਦਾ ਵੱਡਾ ਇਕੱਠ ਅਤੇ ਉਤਸ਼ਾਹ ਆਪਣੇ ਆਪ ਵਿਚ ਸ਼ੁਭ ਸ਼ਗਨ ਹੈ। ਮਾਰਾਡੋਨਾ ਨੇ ਆਪਣੀ ਪਹਿਲੀ ਫੇਰੀ ਫੁੱਟਬਾਲ ਦੇ ਗੜ੍ਹ ਕੋਲਕਾਤਾ ਵਿਚ 2008 ਵਿਚ ਕੀਤੀ ਸੀ। ਕੇਰਲਾ ਵੀ ਫੁੱਟਬਾਲ ਪ੍ਰੇਮੀਆਂ ਦਾ ਗੜ੍ਹ ਹੈ। ਮਾਰਾਡੋਨਾ ਦੀ ਇਹ ਫੇਰੀ ਭਾਵੇਂ ਇਕ ਕਾਰੋਬਾਰੀ ਅਦਾਰੇ ਨੇ ਆਪਣੀ ਵਪਾਰਕ ਪ੍ਰਸਿੱਧੀ ਅਤੇ ਲਾਭ ਲਈ ਕਰਵਾਈ ਹੈ ਪਰ ਇਸ ਨਾਲ ਨਿਸ਼ਚੇ ਹੀ ਦੇਸ਼ ਵਿਚ ਫੁੱਟਬਾਲ ਖੇਡ ਦੇ ਰੁਝਾਨ ਵਿਚ ਹੋਰ ਤੇਜੀ ਆਵੇਗੀ। ਸ਼ਾਇਦ ਕੋਈ ਹੋਰ ਕਾਰੋਬਾਰੀ ਸਮੂਹ ਆਉਣ ਵਾਲੇ ਸਮੇਂ ਵਿਚ ਵਿਸ਼ਵ ਦੇ ਕਿਸੇ ਨਾਮੀ ਅਥਲੀਟ ਜਾਂ ਪ੍ਰਸਿੱਧ ਖਿਡਾਰੀ ਬੁਲਾਵੇ ਜਿਸ ਨਾਲ ਭਾਰਤ ਵਿਚ ਵੀ ਵਿਸ਼ਵ ਦੀਆਂ ਹੋਰਨਾ ਖੇਡਾਂ ਲਈ ਵੀ ਉਤਸ਼ਾਹਪੂਰਵਕ ਮਹੌਲ ਬਣ ਜਾਵੇ।