ਨਵੀਂ ਦਿੱਲੀ- ਟੀਵੀ ਅਤੇ ਫਿਲਮਾਂ ਦੁਆਰਾ ਲੋਕਾਂ ਨੂੰ ਹਸਾਉਣ ਵਾਲੇ 57 ਸਾਲਾ ਕਮੇਡੀ ਕਿੰਗ ਜਸਪਾਲ ਸਿੰਘ ਭੱਟੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।ਇੱਕ ਸੜਕ ਦੁਰਘਟਨਾ ਵਿੱਚ ਬੁੱਧਵਾਰ ਦੀ ਸਵੇਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ ਬਠਿੰਡੇ ਤੋਂ ਜਲੰਧਰ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਦਰੱਖਤ ਨਾਲ ਟਕਰਾ ਗਈ। ਉਨ੍ਹਾਂ ਨੇ ਟੀਵੀ ਸੀਰੀਅਲ ਉਲਟਾ ਪੁਲਟਾ,ਫਲਾਪ ਸ਼ੋਅ ਅਤੇ ਕਈ ਪੰਜਾਬੀ ਫਿਲਮਾਂ ਦੇ ਰਾਹੀਂ ਦਰਸ਼ਕਾਂ ਦੇ ਦਿਲਾਂ ਤੇ ਅਮਿਟ ਸ਼ਾਪ ਛੱਡੀ ਹੈ। ਸਮਾਜਿਕ ਸਮੱਸਿਆਵਾਂ ਅਤੇ ਪ੍ਰਸ਼ਾਸਨ ਵਿੱਚ ਫੈਲੀਆਂ ਬੁਰਾਈਆਂ ਨੂੰ ਉਨ੍ਹਾਂ ਨੇ ਵਿਅੰਗਆਤਮਕ ਢੰਗ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ।
ਜਸਪਾਲ ਭੱਟੀ ਆਪਣੀ ਪੰਜਾਬੀ ਫਿਲਮ ਪਾਵਰ ਕਟ ਦੇ ਲਈ ਬਠਿੰਡਾ ਗਏ ਹੋਏ ਸਨ। ਬੁੱਧਵਾਰ ਦੇਰ ਰਾਤ ਨੂੰ ਉਹ ਆਪਣੀ ਕਾਰ ਤੇ ਮੋਗੇ ਤੋਂ ਜਲੰਧਰ ਲਈ ਚੱਲੇ ਸਨ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਕੋਦਰ ਕੋਲ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ। ਕਾਰ ਉਨ੍ਹਾਂ ਦੇ ਪੁੱਤਰ ਜਸਰਾਜ ਭੱਟੀ ਚਲਾ ਰਹੇ ਸਨ। ਕਾਰ ਵਿੱਚ ਅਦਾਕਾਰਾ ਸੁਰੀਲ ਗੌਤਮ ਸਮੇਤ ਚਾਰ ਲੋਕ ਸਵਾਰ ਸਨ। ਜਸਪਾਲ ਭੱਟੀ ਦੀ ਫਿਲਮ ‘ਪਾਵਰ ਕਟ’26 ਅਕਤੂਬਰ ਸ਼ੁਕਰਵਾਰ ਨੂੰ ਰਲੀਜ਼ ਹੋਣੀ ਸੀ। ਉਹ ਕਈ ਦਿਨਾਂ ਤੋਂ ਇਸ ਫਿਲਮ ਦੀ ਪ੍ਰਮੋਸ਼ਨ ਕਰਨ ਵਿੱਚ ਲਗੇ ਹੋਏ ਸਨ। ਉਨ੍ਹਾਂ ਦੇ ਬੇਟੇ ਜਸਰਾਜ ਨੇ ਇਸ ਫਿਲਮ ਵਿੱਚ ਹੀਰੋ ਦਾ ਰੋਲ ਅਦਾ ਕੀਤਾ ਹੈ। ਉਹ ਆਪਣੇ ਪਿੱਛੇ ਪਤਨੀ ਸਵਿਤਾ, ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਏ ਹਨ।