ਨਵੀਂ ਦਿੱਲੀ- ਦਾਜ ਦੇ ਮਾਮਲਿਆਂ ਵਿੱਚ ਪਤੀ ਦੇ ਪਰੀਵਾਰ ਵਾਲਿਆਂ ਨੂੰ ਫਸਾਉਣ ਦੀ ਪ੍ਰਵਿਰਤੀ ਨੂੰ ਵੇਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹੇ ਕੇਸਾਂ ਵਿੱਚ ਵੱਧ ਚੌਕੰਨੇ ਹੋਣ ਦੀ ਲੋੜ ਹੈ।ਕੋਰਟ ਦਾ ਕਹਿਣਾ ਹੈ ਕਿ ਅਜਿਹੇ ਮੁਕੱਦਮਿਆਂ ਵਿੱਚ ਪਰੀਵਾਰਿਕ ਮੈਂਬਰਾਂ ਨੂੰ ਸਿਰਫ਼ ਇਸ ਲਈ ਨਹੀਂ ਵਲੇਟਣਾ ਵਾਹੀਦਾ ਕਿ ਉਨ੍ਹਾਂ ਦਾ ਨਾਂ ਐਫਆਈਆਰ ਵਿੱਚ ਦਰਜ਼ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਦਾਜ-ਦਹੇਜ ਦੇ ਮਾਮਲਿਆਂ ਵਿੱਚ ਅਦਾਲਤਾਂ ਨੂੰ ਜਿਆਦਾ ਸਾਵਧਾਨ ਹੋਣ ਦੀ ਲੋੜ ਹੈ। ਪਤਨੀ ਕਈ ਵਾਰ ਬਦਲਾ ਲੈਣ ਦੇ ਮਕਸਦ ਨਾਲ ਸਾਰੇ ਪਰਿਵਾਰ ਵਾਲਿਆਂ ਦੇ ਨਾਂ ਐਫਆਈਆਰ ਵਿੱਚ ਦਰਜ ਕਰਵਾ ਦਿੰਦੀ ਹੈ। ਕੋਰਟ ਅਨੁਸਾਰ ਜਿਨ੍ਹਾਂ ਲੋਕਾਂ ਦੇ ਨਾਂ ਲਿਖਵਾਏ ਜਾਂਦੇ ਹਨ, ਉਨ੍ਹਾਂ ਦੇ ਖਿਲਾਫ਼ ਲਗੇ ਆਰੋਪਾਂ ਦੀ ਜਾਂਚ ਹੋਣੀ ਚਾਹੀਦੀ ਹੈ। ਨਾਂ ਦੇ ਨਾਲ ਖਾਸ ਘਟਨਾ ਜਾਂ ਖਾਸ ਆਰੋਪ ਜੇ ਪਹਿਲੀ ਨਜ਼ਰ ਵਿੱਚ ਸਾਬਿਤ ਹੋ ਜਾਂਦੇ ਹਨ ਤਾਂ ਹੀ ਇਨ੍ਹਾਂ ਲੋਕਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਸੁਪਰੀਮ ਕੋਰਟ ਨੇ ਦਾਜ ਪੀੜਤ ਦੇ ਇੱਕ ਕੇਸ ਵਿੱਚ ਪਤੀ ਦੇ ਪਰਿਵਾਰ ਵਾਲਿਆਂ ਦੀ ਅਰਜ਼ੀ ਤੇ ਸੁਣਵਾਈ ਦੌਰਾਨ ਇਹ ਸ਼ਬਦ ਕਹੇ। ਅਦਾਲਤ ਨੇ ਕਿਹਾ ਕਿ ਐਫ਼ਆਈਆਰ ਵਿੱਚ ਲਗਾਏ ਗਏ ਆਰੋਪ ਵੇਖਣ ਤੋਂ ਬਾਅਦ ਕਿਸੇ ਵੀ ਅਜਿਹੀ ਘਟਨਾ ਦਾ ਜਿਕਰ ਨਹੀਂ ਆਂਉਦਾ ਜਿਸ ਤੋਂ ਇਹ ਪਤਾ ਚੱਲੇ ਕਿ ਪਰਿਵਾਰ ਦੇ ਲੋਕ ਉਸ ਤੇ ਅਤਿਆਚਾਰ ਕਰਦੇ ਸਨ। ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਪਰਿਵਾਰ ਦੇ ਖਿਲਾਫ਼ ਲਗਾਏ ਗਏ ਸਾਰੇ ਆਰੋਪਾਂ ਨੂੰ ਖਾਰਿਜ਼ ਕਰਦੇ ਹੋਏ ਪੁਲਿਸ ਅਤੇ ਅਦਾਲਤਾਂ ਨੂੰ ਹਦਾਇਤ ਦਿੱਤੀ ਕਿ ਸਿਰਫ਼ ਐਫਆਈਆਰ ਵਿੱਚ ਨਾਂ ਦਰਜ ਹੋਣ ਕਰਕੇ ਪਰਿਵਾਰ ਵਾਲਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਨਾਂ ਕੀਤੀ ਜਾਵੇ। ਅਦਾਲਤ ਅਨੁਸਾਰ ਕਾਨੂੰਨ ਦਾ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ।