ਨਵੀਂ ਦਿੱਲੀ : ਸ. ਹਰਭਜਨ ਸਿੰਘ ਸੇਠੀ ਪ੍ਰੈਸ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀਆਂ ਨੂੰ ਸਲਾਹ ਦਿਤੀ ਹੈ ਕਿ ਜੇ ਉਹ ਰਾਜਨੀਤੀ ਵਿਚ ਮੂੰਹ ਮਾਰਨ ਦੀ ਬਜਾਏ ਧਰਮ ਪ੍ਰਚਾਰ ਦੇ ਖੇਤਰ ਵਿਚ ਆਪਣੀ ਜ਼ਿਮੇਂਦਾਰੀ ਨਿਭਾਉਣ ਪ੍ਰਤੀ ਈਮਾਨਦਾਰ ਹੋਣ ਤਾਂ ਉਹ, ਆਪਣੇ ਦਲ ਦੇ ਮੁਖੀਆਂ ਵਲੋਂ ਆਪਣੀ ਰਾਜਸੀ ਲਾਲਸਾ ਦੀ ਪੂਰਤੀ ਨੂੰ ਮੁਖ ਰਖਕੇ ਸਿੱਖੀ ਨੂੰ ਜੋ ਢਾਹ ਲਾਈ ਜਾ ਰਹੇ ਹਨ, ਉਸ ਤੋਂ ਉਸ ਨੂੰ ਬਚਾ ਸਕਦੇ ਹਨ।
ਸ. ਸੇਠੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਸਾਥੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਉਸ ਸਮੇਂ ਤੋਂ ਹੀ ਗੁਰਦੁਆਰਾ ਚੋਣਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ, ਜਦੋਂ ਇਹ ਚੋਣਾਂ ਇਸੇ ਵਰ੍ਹੇ ਮਾਰਚ ਦੇ ਦੂਜੇ ਹਫਤੇ ਕਰਵਾਏ ਜਾਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ, ਪ੍ਰੰਤੂ ਬਾਦਲ ਦਲ ਦੇ ਮੁਖੀ ਹੀ ਆਪਣੀ ਸ਼ਰਮਨਾਕ ਹਾਰ ਦੇ ਸਮੇਂ ਨੂੰ ਟਾਲਣ ਲਈ ਇਹ ਚੋਣਾਂ ਲਟਕਵਾਉਣ ਲਈ ਅਦਾਲਤ ਵਿਚ ਚਲੇ ਗਏ ਸਨ। ਕਿਉਂਕਿ ਉਹ ਜਾਣਦੇ ਹਨ ਕਿ ਸ. ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੀ ਟੀਮ ਨੇ ਆਪਣੇ ਕੰਮਾਂ ਰਾਹੀਂ ਦਿੱਲੀ ਦੇ ਸਿੱਖਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਤੀ ਜੋ ਵਿਸ਼ਵਾਸ ਪੈਦਾ ਕਰ ਲਿਆ ਹੋਇਆ ਹੈ, ਉਸਦੇ ਚਲਦਿਆਂ ਦਿੱਲੀ ਦੇ ਸਿੱਖ ਮਤਦਾਤਾਵਾਂ ਵਲੋਂ ਬਾਦਲ ਅਕਾਲੀ ਦਲ ਨੂੰ ਇਸ ਵਾਰ ਮੁੜ ਨਕਾਰ ਦਿਤਾ ਜਾਇਗਾ।
ਸ. ਹਰਭਜਨ ਸਿੰਘ ਸੇਠੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਬਰਾਂ ਵਿਚ ਭ੍ਰਿਸ਼ਟਾਚਾਰ ਦੀ ਨੀਂਹ ਜ. ਸੰਤੋਖ ਸਿੰਘ ਨੇ ਆਪਣੇ ਸਕਤੱਰੀ ਕਾਲ ਦੌਰਾਨ ਹੀ ਰਖ ਦਿਤੀ ਸੀ ਤੇ ਉਸਨੂੰ ਖਾਦ ਤੇ ਪਾਣੀ ਦੇ ਕੇ ਸਿੰਜਣ ਦੀ ਜ਼ਿਮੇਂਦਾਰੀ 1981 ਵਿਚ ਉਨ੍ਹਾਂ ਆਪ ਹੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਲਈ ਨਿਭਾਈ ਸੀ। ਉਨ੍ਹਾਂ ਪੁਛਿਆ ਕਿ ਕੀ ਇਹ ਗਲਤ ਹੈ ਕਿ ਜ. ਸੰਤੋਖ ਸਿੰਘ ਨੇ ਉਸ ਸਮੇਂ ਸਰਕਾਰ ਨਾਲ ਮਿਲ ਕੇ ਮੈਂਬਰਾਂ ਨੂੰ ਇੰਡਸਟਰੀਅਲ ਏਰੀਏ ਵਿਚ ਪਲਾਟ ਅਤੇ ਬਸਾਂ ਦੇ ਪਰਮਿਟ ਦੁਆਏ, ਇਤਨਾ ਹੀ ਨਹੀਂ ਉਨ੍ਹਾਂ ਪਲਾਟਾਂ ਪੁਰ ਫੈਕਟਰੀਆਂ ਉਸਾਰਨ ਅਤੇ ਪਰਮਿਟਾਂ ਤੇ ਬਸਾਂ ਲੈਣ ਲਈ ਬੈਂਕਾਂ ਤੋਂ ਉਹ ਕਰਜ਼ੇ ਵੀ ਦੁਆਏ ਜੋ ਅਦਾ ਹੀ ਨਹੀਂ ਸਨ ਕਰਨੇ ਪੈਣੇ?
ਰਾਜਨੀਤੀ ਦੀ ਬਜਾਏ ਧਰਮ ਪ੍ਰਚਾਰ ਵਿੱਚ ਜਿੰਮੇਵਾਰੀ ਨਿਭਾਈ ਜਾਵੇ – ਸੇਠੀ
This entry was posted in ਭਾਰਤ.