ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਸ. ਹਰਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਵਲੋਂ ਜਲੰਧਰ ਨੇੜੇ ਕਰਤਾਰ ਪੁਰ ਵਿਖੇ ‘ਜੰਗ-ਏ-ਆਜ਼ਾਦੀ’ ਦੇ ਪੰਜਾਬੀ ਸ਼ਹੀਦਾਂ ਦੀ ਸ਼ਾਨਦਾਰ ਅਤੇ ਬੇਮਿਸਾਲ ਯਾਦਗਾਰ ਉਸਾਰੇ ਜਾਣ ਦੀ ਦਿੱਤੀ ਗਈ ਪ੍ਰਵਾਨਗੀ ਅਤੇ ਇਸਦੀ ਉਸਾਰੀ ਲਈ ਪੰਜਾਬ ਦੇ ਮੰਤ੍ਰੀਆਂ ਅਤੇ ਮੁੱਖ ਸੰਸਦੀ ਸਕਤੱਰਾਂ ਵਲੋਂ ਆਪੋ-ਆਪਣੇ ਅਖਤਿਆਰੀ ਫੰਡਾਂ ਵਿਚੋਂ 10 ਲਖ ਅਤੇ 7.50 ਲਖ ਰੁਪਏ ਸਾਲਾਨਾ ਤਰਤੀਬਵਾਰ ਦਿੱਤੇ ਜਾਣ ਦੇ ਕੀਤੇ ਗਏ ਫੈਸਲੇ ਨੂੰ ਇਕ ਇਤਿਹਾਸਿਕ ਫੈਸਲਾ ਕਰਾਰ ਦਿੱਤਾ ਹੈ। ਸ. ਹਰਮਨਜੀਤ ਸਿੰਘ ਨੇ ਇਸ ਸਬੰਧੀ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਇਤਿਹਾਸਿਕ ਫੈਸਲੇ ਲਈ ਮੁਖ ਰੂਪ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵਧਾਈ ਦੇ ਪਾਤ੍ਰ ਹਨ, ਜਿਨ੍ਹਾਂ ਦੀ ਉਤਸਾਹ-ਪੂਰਣ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਪੰਜਾਬੀਆਂ ਵਲੋਂ ਆਜ਼ਾਦੀ ਦੀ ਜਦੋਜਹਿਦ ਵਿੱਚ ਪਾਏ ਅਦੁਤੀ ਯੋਗਦਾਨ, ਕੀਤੀਆਂ ਕੁਰਬਾਨੀਆਂ ਅਤੇ ਦਿਤੀਆਂ ਸ਼ਹੀਦੀਆਂ, ਜਿਨ੍ਹਾਂ ਨੂੰ ਲੰਮੇਂ ਸਮੇਂ ਤੋਂ ਵਿਸਾਰਿਆ ਚਲਿਆ ਆ ਰਿਹਾ ਸੀ, ਨੂੰ ਸਦਾ ਲਈ ਮੂਰਤੀਮਾਨ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦੀ ਅਦੁਤੀ ਯਾਦਗਾਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ‘ਜੰਗ-ਏ-ਆਜ਼ਾਦੀ’ ਦੇ ਸ਼ਹੀਦਾਂ ਨੂੰ ਸਮਰਪਤ ਇੱਕ ਅਜਿਹਾ ਪ੍ਰੇਰਨਾ ਦਾ ਸ੍ਰੋਤ ਹੋਵੇਗੀ, ਜੋ ਆਉਣ ਵਾਲੀਆਂ ਪੀੜੀਆਂ ਦੇ ਦਿਲ ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ ਜੁਝਦਿਆਂ ਸ਼ਹੀਦਾਂ ਪ੍ਰਾਪਤ ਕਰਨ ਵਾਲਿਆਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰਨ ਦੇ ਨਾਲ ਹੀ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕਰਦੀ ਰਹੇਗੀ। ਸ. ਹਰਮਨਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਸੁਚਜੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਪੰਜਾਬੀਆਂ ਅਤੇ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਸਬੰਧਤ ਯਾਦਗਾਰਾਂ ਸਥਾਪਤ ਕਰ, ਉਸਨੂੰ ਸਦਾ ਲਈ ਮੂਰਤੀਮਾਨ ਕਰਨ ਵਲ ਜੋ ਕਦਮ ਵਧਾਇਆ ਹੈ, ਉਸਦੀ ਜਿਤਨੀ ਵੀ ਪ੍ਰਸ਼ੰਸਾ ਕੀਤੀ ਜਾਏ ਘਟ ਹੋਵੇਗੀ। ਸ. ਹਰਮਨਜੀਤ ਸਿੰਘ ਨੇ ਦਸਿਆ ਕਿ ਇਸਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ‘ਛੋਟਾ ਘੱਲੂਘਾਰਾ’, ਵੱਡਾ ਘਲੂਘਾਰਾ’, ‘ਚੱਪੜ ਚਿੜੀ ਜੰਗੀ ਯਾਦਗਾਰ’ ਅਤੇ ‘ਵਿਰਾਸਤ-ਏ-ਖਾਲਸਾ’ ਆਦਿ ਇਤਿਹਾਸਕ ਯਾਦਗਾਰਾਂ ਕਾਇਮ ਕਰ ਮਾਨਵਤਾ ਨੂੰ ਸਮਰਪਿਤ ਕੀਤੀਆਂ ਜਾ ਚੁਕੀਆਂ ਹਨ, ਜੋ ਪੰਜਾਬੀਆਂ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਸੰਦੇਸ਼ ਸੰਸਾਰ ਭਰ ਵਿੱਚ ਪਹੁੰਚਾਣ ਵਿੱਚ ਆਪਣੀ ਮਹਤਵਪੂਰਣ ਭੂਮਿਕਾ ਨਿਭਾ ਰਹੀਆਂ ਹਨ।