ਅੰਮ੍ਰਿਤਸਰ :- ਸਿੱਖਾਂ ਦੀ ਧਰਮ ਪੱਖੋਂ ਮਜਬੂਤੀ ਤੇ ਖੂਬਸੂਰਤੀ ਨੂੰ ਦ੍ਰਿੜ ਕਰਵਾਉਣ ਦੇ ਇਰਾਦੇ ਤਹਿਤ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਝੇ ਦੇ ਤਿੰਨਾਂ ਜ਼ਿਲ੍ਹਿਆਂ ਸ੍ਰੀ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿਖੇ ਸੁੰਦਰ ਦਸਤਾਰ ਸਜਾਉਣ ਦੀ ਲਹਿਰ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਈ ਗਈ ਜਿਸ ਤਹਿਤ ਅੱਜ ਜਿਲ੍ਹਾ ਅੰਮ੍ਰਿਤਸਰ ਦੇ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁੰਦਰ ਦਸਤਾਰ ਸਜਾਉਣ ਦਾ ਜਿਲ੍ਹਾ ਪੱਧਰੀ ਫਾਈਨਲ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ 51 ਸਕੂਲਾਂ ‘ਚੋਂ 153 ਵਿਦਿਆਰਥੀਆਂ ਨੇ ਭਾਗ ਲਿਆ। ਜਿਲ੍ਹਾ ਪੱਧਰੀ ਇਸ ਸੁੰਦਰ ਦਸਤਾਰ ਮੁਕਾਬਲੇ ਦੇ ਮੁੱਖ ਪ੍ਰਬੰਧਕ ਸ. ਸਤਬੀਰ ਸਿੰਘ ਐਡੀਸ਼ਨਲ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ, ਸ.ਰਜਿੰਦਰ ਸਿੰਘ ਮਹਿਤਾ, ਜਥੇਦਾਰ ਅਮਰਜੀਤ ਸਿੰਘ ਬੰਡਾਲਾ ਤੇ ਜਥੇ. ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਦਿਲਜੀਤ ਸਿੰਘ ਬੇਦੀ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਸ. ਅੰਗਰੇਜ ਸਿੰਘ, ਸ. ਭੁਪਿੰਦਰਪਾਲ ਸਿੰਘ ਤੇ ਸ.ਗੁਰਚਰਨ ਸਿੰਘ ਘਰਿੰਡਾ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ, ਪ੍ਰਿੰਸੀਪਲ ਬਲਵਿੰਦਰ ਸਿੰਘ, ਪ੍ਰੋ. ਇੰਦਰਜੀਤ ਸਿੰਘ ਗੋਗੋਆਣੀ, ਸ. ਅਮਰਜੀਤ ਸਿੰਘ ਪ੍ਰਿੰਸੀਪਲ ਗੁਰੂ ਕਾਂਸੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਬਠਿੰਡਾ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਸਮਾਗਮ ਦੇ ਇਨਾਮ ਵੰਡ ਸਮਾਰੋਹ ਸਮੇਂ ਸ.ਰਜਿੰਦਰ ਸਿੰਘ ਮਹਿਤਾ ਅੰਤਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਦਸਤਾਰ ਮਹਾਨ ਹੈ ਸਿੱਖੀ ਦੀ ਸ਼ਾਨ ਹੈ’ ਸ਼੍ਰੋਮਣੀ ਕਮੇਟੀ ਦੇ ਹਰੇਕ ਮੈਂਬਰ ਨੂੰ ਆਪਣੇ ਹਲਕੇ ਦੀ ਧਰਮ ਪੱਖੋ ਆਪ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤੇ ਪਤਿਤਪੁਣੇ ਨੂੰ ਰੋਕਣ ਵਿੱਚ ਮਾਪੇ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੇ ਹਨ। ਸ.ਮਹਿਤਾ ਨੇ ਸਮੂੰਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੁੰਦਰ ਦਸਤਾਰ ਸਜਾਉਣ ਲਈ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ) ਵੱਲੋਂ ਚਲਾਈ ਵਿਰਸਾ ਸੰਭਾਲ ਲਹਿਰ ਦਾ ਤਨੋਂ-ਮਨੋਂ ਸਾਥ ਦੇਣ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਮੁੱਢਲੀ ਸਿੱਖਿਆ ਤੁਹਾਡੇ ਤੋਂ ਮਿਲਣੀ ਹੈ। ਇਸ ਲਈ ਬੱਚਿਆਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜਾਦਿਆਂ ਦਾ ਇਤਿਹਾਸ ਸੁਣਾਓ ਤੇ ਬੱਚਿਆਂ ਨੂੰ ਸਮਝਾਓ ਕਿ ਗੁਰੂ ਦੇ ਲਾਲਾਂ ਨੇ ਸ਼ਹੀਦੀ ਸਵੀਕਾਰ ਕਰ ਲਈ ਪਰ ਪਤਿੱਤ ਹੋਣਾ ਨਹੀ ਇਸ ਲਈ ਉਸ ਕੌਮ ਦੇ ਵਾਰਸੋ ਆਪਣਾ ਮੂਲ ਪਛਾਣੋਂ ਤੇ ਸਾਬਤ ਸੂਰਤ ਹੋ ਕੇ ਸੁੰਦਰ ਦਸਤਾਰ ਸਜਾਉਣ ਵੱਲ ਧਿਆਨ ਦਿਓ। ਉਹਨਾਂ ਦਸਤਾਰ ਮੁਕਾਬਲੇ ‘ਚ ਆਏ ਬੱਚਿਆਂ ਤੇ ਉਹਨਾਂ ਦੇ ਅਧਿਆਪਕ ਸਾਹਿਬਾਨਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਆਪਣੀ ਬਣਦੀ ਜਿੰਮੇਵਾਰੀ ਤਹਿਤ ਵੱਧ ਤੋਂ ਵੱਧ ਬੱਚਿਆਂ ਨੂੰ ਪ੍ਰੇਰ ਕੇ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਸ. ਸਤਿਬੀਰ ਸਿੰਘ ਐਡੀ:ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਦਸਤਾਰ ਮੁਕਾਬਲਿਆਂ ਬਾਰੇ ਮੁਕੰਮਲ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਭਰ ਚੋਂ 11 ਸੌ ਸਕੂਲਾਂ ਦੀ ਚੋਣ ਕੀਤੀ ਗਈ, ਜਿੰਨ੍ਹਾਂ ਦੇ 15400 ਵਿਦਿਆਰਥੀ ਸੁੰਦਰ ਦਸਤਾਰ ਸਜਾਉਣ ਮੁਕਾਬਲੇ ‘ਚ ਹਿੱਸਾ ਲੈਣਗੇ, ਇਸ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਅੱਜ ਅੰਮ੍ਰਿਤਸਰ ਜਿਲ੍ਹੇ ‘ਚੋਂ 51 ਸਕੂਲਾਂ ਦੇ 153 ਵਿਦਿਆਰਥੀ ਜਿਲ੍ਹਾ ਪੱਧਰੀ ਇਸ ਫਾਈਨਲ ਮੁਕਾਬਲੇ ਵਿੱਚ ਪੁੱਜੇ ਹਨ। ਇਸ ਦੌਰਾਨ ਸਾਨੂੰ ਸਿੱਖੀ ਵੱਧਦੀ ਫੁੱਲਦੀ ਨਜ਼ਰ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਰਲ ਕੇ ਅਜਿਹੇ ਉਪਰਾਲੇ ਕਰੀਏ ਤਾਂ ਨਸ਼ੇ ਤੇ ਪਤਿਤਪੁਣੇ ਨੂੰ ਜੜੋਂ ਖ਼ਤਮ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਰੇ ਪ੍ਰਚਾਰਕਾਂ ਨੇ ਇਸ ਮੁਹਿੰਮ ਨੂੰ ਖੜਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਜੋ ਵਿਸ਼ੇਸ਼ ਸਨਮਾਨ ਦੇ ਹੱਕਦਾਰ ਹਨ। ਸ.ਸਤਿਬੀਰ ਸਿੰਘ ਨੇ ਅੱਜ ਦੇ ਇਸ ਸੁੰਦਰ ਦਸਤਾਰ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਿੰਸੀਪਲ ਬਲਵਿੰਦਰ ਸਿੰਘ, ਪ੍ਰੋ. ਇੰਦਰਜੀਤ ਸਿੰਘ ਗੋਗੋਆਣੀ ਤੇ ਪ੍ਰਿੰਸੀਪਲ ਅਮਰਜੀਤ ਸਿੰਘ ਵਲੋਂ ਤਿਆਰ ਕੀਤੇ ਗਏ ਨਤੀਜੇ ਅਨੁਸਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਐਲਾਨੇ ਗਏ। ਇਸ ਫਾਈਨਲ ਮੁਕਾਬਲੇ ਵਿੱਚ ਪਹਿਲਾ ਸਥਾਨ ਭਾਈ ਸਿਮਰਜੀਤ ਸਿੰਘ ਸਪੁੱਤਰ ਸ. ਸਤਨਾਮ ਸਿੰਘ ਕਲਾਸ +2 ਨਿਊ ਫਲਾਵਰ ਪਬਲਿਕ ਹਾਈ ਸਕੂਲ ਅੰਤਰਯਾਮੀ ਕਲੋਨੀ ਅੰਮ੍ਰਿਤਸਰ, ਦੂਸਰਾ ਸਥਾਨ ਭਾਈ ਪ੍ਰਭਜੋਤ ਸਿੰਘ ਸਪੁੱਤਰ ਸ. ਗੁਰਪ੍ਰੀਤ ਸਿੰਘ ਕਲਾਸ +1 ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀ: ਸੈਕੰਡਰੀ ਸਕੂਲ ਅੰਮ੍ਰਿਤਸਰ ਅਤੇ ਤੀਸਰਾ ਸਥਾਨ ਭਾਈ ਹਰਮਿੰਦਰ ਸਿੰਘ ਸਪੁੱਤਰ ਸ. ਸਰਬਜੀਤ ਸਿੰਘ ਪਵਿੱਤਰ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 10 ਵਿਦਿਆਰਥੀਆਂ ਨੇ ਵਿਸ਼ੇਸ ਦਰਜਾ ਪ੍ਰਾਪਤ ਕੀਤਾ ਤੇ ਇੱਕ ਚੌਥੀ ਕਲਾਸ ਦਾ ਬੱਚਾ ਭਾਈ ਜਰਮਨਜੀਤ ਸਿੰਘ ਸਪੁੱਤਰ ਸ.ਬਚਿੱਤਰ ਸਿੰਘ ਸੇਂਟ ਸੋਲਜ਼ਰ ਈਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਨੂੰ ਸ.ਮਹਿਤਾ, ਸ. ਸਤਿਬੀਰ ਸਿੰਘ, ਤੇ ਸ. ਭੁਪਿੰਦਰਪਾਲ ਸਿੰਘ ਤੇ ਜੱਜ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਵਲੋਂ ਸਿਰੋਪਾਓ, ਸਨਮਾਨ ਚਿੰਨ੍ਹ, ਮੈਡਲ, ਧਾਰਮਿਕ ਪੁਸਤਕਾਂ ਦੇ ਸੈਟ ਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ 51 ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਪ੍ਰਸੰਸਾ ਪੱਤਰ, ਸਿਰੋਪਾਉ ਤੇ ਧਾਰਮਿਕ ਪੁਸਤਕਾਂ ਦੇ ਸੈਟ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸ.ਬਿਕਰਮਜੀਤ ਸਿੰਘ ਕੋਟਲਾ ਤੇ ਸ.ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਸੰਤੋਖ ਸਿੰਘ ਸੁਪ੍ਰਿੰਟੈਂਡੈਂਟ ਧਰਮ ਪ੍ਰਚਾਰ ਕਮੇਟੀ, ਪ੍ਰੋ:ਸੁਖਦੇਵ ਸਿੰਘ, ਸ.ਜੋਗਿੰਦਰ ਸਿੰਘ ਭੋਜਾ ਸੁਪਰਵਾਈਜਰ, ਸ.ਸਰਵਣ ਸਿੰਘ, ਸ.ਜੱਜ ਸਿੰਘ, ਸ.ਪਰਮਿੰਦਰ ਸਿੰਘ, ਸ.ਰਣਜੀਤ ਸਿੰਘ, ਸ.ਮਨਦੀਪ ਸਿੰਘ, ਸ.ਇੰਦਰਜੀਤ ਸਿੰਘ, ਸ.ਅਮਰ ਸਿੰਘ, ਸ.ਤਰਸੇਮ ਸਿੰਘ, ਸ.ਜਗਦੇਵ ਸਿੰਘ, ਸ.ਹਰਪ੍ਰੀਤ ਸਿੰਘ, ਸ.ਹਰਭਜਨ ਸਿੰਘ ਤੇ ਬੀਬੀ ਹਰਪ੍ਰੀਤ ਕੌਰ (ਸਾਰੇ ਪ੍ਰਚਾਰਕ), ਸ.ਦਵਿੰਦਰ ਸਿੰਘ ਢਿੱਲੋਂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਸ.ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਤੋਂ ਇਲਾਵਾ ਸਿੱਖ ਸੰਗਤਾਂ ਮੌਜੂਦ ਸਨ।
ਸ੍ਰੀ ਨਨਕਾਣਾ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣਾ ਪਾਕਿਸਤਾਨ ਸਰਕਾਰ ਦਾ ਚੰਗਾ ਕਦਮ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ: 27 ਅਕਤੂਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਪਾਕਿਸਤਾਨ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਦੇ ਐਲਾਨ ਨੂੰ ਚੰਗਾ ਕਦਮ ਦੱਸਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਸ੍ਰੀ ਨਨਕਾਣਾ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਨਾਲ ਪਾਕਿਸਤਾਨ ਸਰਕਾਰ ਦਾ ਵਿਸ਼ਵ ਭਰ ‘ਚ ਵੱਸਦੇ ਸਿੱਖ ਭਾਈਚਾਰੇ ਸਾਹਮਣੇ ਮਾਣ ਸਤਿਕਾਰ ਵਧੇਗਾ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਤੇ ਵਹਿਮਾਂ ਭਰਮਾਂ, ਪਾਖੰਡੀ ਤੇ ਕਰਮਾਂ ਕਾਡਾਂ ਵਿੱਚ ਫਸੀ ਸਮੁੱਚੀ ਮਾਨਵ ਜਾਤੀ ਨੂੰ ਆਪਣੀਆਂ ਨਿਵੇਕਲੀਆਂ ਉਦਾਹਰਣਾਂ ਰਾਹੀਂ ਬਾਹਰ ਕੱਢਿਆ। ਵਹਿਮ ਭਰਮ ਛੱਡ ਕਿ ਸੱਚ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦੇਂਦਿੰਆਂ ਇੱਕ ਐਸੇ ਗ੍ਰੰਥ (ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਦੀ ਰਚਨਾ ਸ਼ੁਰੂ ਕੀਤੀ ਜਿਸ ਨੂੰ ਪੜ੍ਹ ਸੁਣ ਕੇ ਹਰੇਕ ਵਿਅਕਤੀ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦਿੱਤੇ ਜਾਣ ਨਾਲ ਜਿਥੇ ਸਿੱਖ ਭਾਈਚਾਰੇ ਵੱਲੋਂ ਇਸ ਫੈਸਲੇ ਨੂੰ ਸਤਿਕਾਰਿਆ ਜਾ ਰਿਹਾ ਹੈ, ਉਥੇ ਨਨਕਾਣਾ ਸਾਹਿਬ ਦੇ ਵਾਸੀਆਂ ਲਈ ਵੀ ਵਰਦਾਨ ਵਾਲੀ ਗੱਲ ਹੈ ਕਿਉਂਕਿ ਸਰਕਾਰ ਦੇ ਇਸ ਫੈਸਲੇ ਨਾਲ ਨਨਕਾਣਾ ਸਾਹਿਬ ਵਿਖੇ ਕਿਸੇ ਵੀ ਇਤਰਾਜ ਯੋਗ ਵਸਤੂ ਦੀ ਵਿੱਕਰੀ ਨਹੀ ਹੋ ਸਕੇਗੀ।