ਅੰਮ੍ਰਿਤਸਰ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਪਾਕਿਸਤਾਨ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਦੇ ਐਲਾਨ ਨੂੰ ਚੰਗਾ ਕਦਮ ਦੱਸਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਸ੍ਰੀ ਨਨਕਾਣਾ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਨਾਲ ਪਾਕਿਸਤਾਨ ਸਰਕਾਰ ਦਾ ਵਿਸ਼ਵ ਭਰ ‘ਚ ਵੱਸਦੇ ਸਿੱਖ ਭਾਈਚਾਰੇ ਸਾਹਮਣੇ ਮਾਣ ਸਤਿਕਾਰ ਵਧੇਗਾ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਤੇ ਵਹਿਮਾਂ ਭਰਮਾਂ, ਪਾਖੰਡੀ ਤੇ ਕਰਮਾਂ ਕਾਡਾਂ ਵਿੱਚ ਫਸੀ ਸਮੁੱਚੀ ਮਾਨਵ ਜਾਤੀ ਨੂੰ ਆਪਣੀਆਂ ਨਿਵੇਕਲੀਆਂ ਉਦਾਹਰਣਾਂ ਰਾਹੀਂ ਬਾਹਰ ਕੱਢਿਆ। ਵਹਿਮ ਭਰਮ ਛੱਡ ਕਿ ਸੱਚ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦੇਂਦਿੰਆਂ ਇੱਕ ਐਸੇ ਗ੍ਰੰਥ (ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਦੀ ਰਚਨਾ ਸ਼ੁਰੂ ਕੀਤੀ ਜਿਸ ਨੂੰ ਪੜ੍ਹ ਸੁਣ ਕੇ ਹਰੇਕ ਵਿਅਕਤੀ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦਿੱਤੇ ਜਾਣ ਨਾਲ ਜਿਥੇ ਸਿੱਖ ਭਾਈਚਾਰੇ ਵੱਲੋਂ ਇਸ ਫੈਸਲੇ ਨੂੰ ਸਤਿਕਾਰਿਆ ਜਾ ਰਿਹਾ ਹੈ, ਉਥੇ ਨਨਕਾਣਾ ਸਾਹਿਬ ਦੇ ਵਾਸੀਆਂ ਲਈ ਵੀ ਵਰਦਾਨ ਵਾਲੀ ਗੱਲ ਹੈ ਕਿਉਂਕਿ ਸਰਕਾਰ ਦੇ ਇਸ ਫੈਸਲੇ ਨਾਲ ਨਨਕਾਣਾ ਸਾਹਿਬ ਵਿਖੇ ਕਿਸੇ ਵੀ ਇਤਰਾਜ ਯੋਗ ਵਸਤੂ ਦੀ ਵਿੱਕਰੀ ਨਹੀ ਹੋ ਸਕੇਗੀ।