ਅੰਮ੍ਰਿਤਸਰ: ਸੰਯੁਕਤ ਅਰਬ ਅਮੀਰਾਤ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਸ਼ਾਰਜਾਹ ਦੇ ਫੁੱਟਬਾਲ ਗਰਾਊਂਡ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ 40 ਹਜ਼ਾਰ ਦੇ ਕਰੀਬ ਕਬੱਡੀ ਪ੍ਰੇਮੀਆਂ ਨੇ ਕੜਕਦੀ ਧੁੱਪ ਵਿਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਨਜ਼ਾਰਾ ਮਾਣਿਆ। ਸਾਬਤ ਸੂਰਤ ਖਿਡਾਰੀਆਂ ਨਾਲ ਸਜੀ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਕਬੱਡੀ ਕੱਪ ਵਿੱਚ ਉਪ ਜੇਤੂ ਬਣ ਕੇ ਸ਼੍ਰੋਮਣੀ ਕਮੇਟੀ ਦਾ ਖੂਬ ਨਾਂ ਰੌਸ਼ਨ ਕੀਤਾ। ਦੁਬਈ ਕਬੱਡੀ ਕੱਪ ਦੀ ਉਪ ਜੇਤੂ ਟਰਾਫੀ ਜੇਤੂ ਸ਼੍ਰੋਮਣੀ ਕਮੇਟੀ ਦੀ ਟੀਮ ਦੇ ਕਬੱਡੀ ਖਿਡਾਰੀਆਂ ਨੇ ਅੱਜ ਦੁਬਈ ਤੋਂ ਜਿੱਤ ਕੇ ਲਿਆਂਦਾ ਕੱਪ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਕੋਲ ਲਿਆ ਕੇ ਸ਼ਾਬਾਸ਼ ਹਾਸਲ ਕੀਤੀ।
ਦੁਬਈ ਕਬੱਡੀ ਕੱਪ ਵਿਚ ਹਿੰਦੋਸਤਾਨ ਤੋਂ 9 ਕਬੱਡੀ ਟੀਮਾਂ ਨੇ ਭਾਗ ਲਿਆ। ਰੂਪ ਟਰਾਂਸਪੋਰਟ, ਸਲੋਅ ਅਤੇ ਬਲਵੰਤ ਟਰਾਂਸਪੋਰਟ ਦੀ ਟੀਮ, ਸ਼ਰਮਾਂ ਐਂਡ ਕੰਪਨੀ ਦੀ ਟੀਮ, ਗਿੱਲ ਟਰਾਂਸਪੋਰਟ ਦੀ ਟੀਮ, ਹੋਟਲ ਗਰੈਂਡ ਦੁਬਈ ਦੀ ਟੀਮ, ਸ਼ੇਰੇ ਪੰਜਾਬ ਦੀ ਟੀਮ, ਸਰਬੱਤ ਦੇ ਭਲੇ ਦੀ ਟੀਮ ਨੇ ਭਾਗ ਲਿਆ। ਇਹ ਟੂਰਨਾਮੈਂਟ ਲੀਗ ਸਿਸਟਮ ਦੇ ਆਧਾਰ ਤੇ ਕਰਵਾਇਆ ਗਿਆ। ਫਾਈਨਲ ਮੁਕਾਬਲੇ ਵਿਚ ਸ਼੍ਰੋਮਣੀ ਕਮੇਟੀ ਦੀ ਟੀਮ ਦਾ ਮੁਕਾਬਲਾ ਸ਼ੇਰੇ ਪੰਜਾਬ ਦੀ ਟੀਮ ਨਾਲ ਸੀ। ਵਿਰੋਧੀ ਟੀਮ ਵਿੱਚ ਭਾਰਤ ਦੀ ਟੀਮ ਦਾ ਕਪਤਾਨ ਮੰਗੀ, ਗੋਪੀ ਫਰੰਦੀਪੁਰੀਆ, ਸੁੱਖਾ ਭੰਡਾਲ, ਸੋਹਣ ਰੁੜਕੀ ਵਰਗੇ ਸੰਸਾਰ ਪ੍ਰਸਿੱਧ ਜਾਫੀ ਅਤੇ ਵਿਸ਼ਵ ਕੱਪ ਦੇ ਸਰਵੋਤਮ ਧਾਵੀ ਸੰਦੀਪ ਲੁੱਧੜ ਤੇ ਗੱਗੀ ਖੀਰਾਂਵਾਲਾ ਰੇਡਰ ਸ਼ਾਮਲ ਸਨ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵਿਚ ਗੁਰਮੀਤ, ਜੰਗੀ, ਗਹੌਰ, ਸੁੱਖਾ, ਸੋਨੂੰ, ਮੰਗੂ ਰੇਡਰ ਅਤੇ ਕਰਮਜੀਤ ਲਸਾੜਾ, ਭਿੰਦਾ ਮੂਲੇਵਾਲ, ਦਲਜੀਤ, ਜੱਸਾ ਅਤੇ ਸੱਤੂ ਨੇ ਆਪਣੀ ਖੇਡ ਦੀ ਧਾਂਕ ਜਮਾਈ। ਫਸਵੇਂ ਫਾਈਨਲ ਮੁਕਾਬਲੇ ਵਿਚ ਸ਼ੇਰੇ ਪੰਜਾਬ ਦੀ ਟੀਮ ਨੇ ਭਾਵੇਂ ਮੈਚ ਅਤੇ ਕੱਪ ਜਿੱਤ ਲਿਆ ਪਰ ਸਾਬਤ ਸੂਰਤ ਖਿਡਾਰੀਆਂ ਨਾਲ ਸਜੀ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਦੁਬਈ, ਸ਼ਾਰਜ਼ਾਹ ਰਹਿੰਦੇ ਹਜ਼ਾਰਾਂ ਪੰਜਾਬੀ ਖੇਡ ਪ੍ਰੇਮੀਆਂ ਦੇ ਦਿਲ ਜਿੱਤ ਲਏ। ਸਾਬਤ ਸੂਰਤ ਖਿਡਾਰੀਆਂ ਨੇ ਆਪਣੀ ਸੋਹਣੀ ਖੇਡ ਨਾਲ ਖੇਡ ਪ੍ਰੇਮੀਆਂ ਦਾ ਮਨ ਜਿੱਤਿਆ।
ਸਰਬੱਤ ਦੇ ਭਲੇ ਟਰੱਸਟ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਾਬਤ ਸੂਰਤ ਕਬੱਡੀ ਟੀਮ ਨੂੰ ਇਸ ਟੂਰਨਾਮੈਂਟ ਵਿਚ ਮੁਕਾਬਲੇ ਲਈ ਬਲਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਦੀ ਟੀਮ ਨੇ ਪਹਿਲੇ ਮੈਚ ਵਿੱਚ ਰੂਪ ਟਰਾਂਸਪੋਰਟ ਦੀ ਟੀਮ ਨੂੰ 37-24 ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤਿਆ। ਸ਼੍ਰੋਮਣੀ ਕਮੇਟੀ ਦੀ ਟੀਮ ਨੇ ਦੂਸਰੇ ਮੈਚ ਵਿੱਚ ਸ਼ਰਮਾ ਐਂਡ ਕੰਪਨੀ, ਤੀਜੇ ਮੈਚ ਵਿੱਚ ਬਲਵੰਤ ਐਂਡ ਸੋਹਲ ਟਰਾਂਸਪੋਰਟ ਦੀ ਟੀਮ ਅਤੇ ਚੌਥੇ ਮੈਚ ਵਿੱਚ ਸ਼ਰਮਾਂ ਐਂਡ ਕੰਪਨੀ ਨੂੰ ਹਰਾ ਕੇ ਫਾਈਨਲ ‘ਚ ਦਾਖਲਾ ਪਾਇਆ ਸੀ।
ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਹਿੰਦੋਸਤਾਨ ਦੇ ਸਫੀਰ ਸ੍ਰੀ ਵਰਮਾ, ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਅਮਰਪਾਲ ਸਿੰਘ ਬੋਨੀ, ਪਰਵਾਸੀ ਪੰਜਾਬੀ ਸ.ਐਸ.ਪੀ.ਸਿੰਘ ਉਬਰਾਏ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਕੁਮੈਂਟੇਟਰ ਸ.ਸੁਰਜੀਤ ਸਿੰਘ ਪੁਖਰਾਲੀ ਅਤੇ ਮੱਖਣ ਅਲੀ ਨੇ ਕਬੱਡੀ ਕੱਪ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।