ਫਤਹਿਗੜ੍ਹ ਸਾਹਿਬ – “ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਾਦਲ ਅਤੇ ਮਜੀਠੀਆ ਪਰਿਵਾਰਾਂ ਦੇ ਸਿਆਸੀ ਪ੍ਰਭਾਵ ਹੇਠ ਆਕੇ ਹੀ ਵੜੈਚ (ਬਿਆਸ) ਗੁਰੂਘਰ ਨੂੰ ਢਾਹੇ ਜਾਣ ਦੀ ਅਤਿ ਮੰਦਭਾਗੀ ਕਾਰਵਾਈ ਨੂੰ ਇਹ ਕਹਿਕੇ ਕਿ ਇਤਿਹਾਸਿਕ ਗੁਰੂਘਰਾਂ ਨੂੰ ਨਹੀ ਢਾਹਿਆਂ ਜਾ ਸਕਦਾ । ਲੇਕਿਨ ਗੈਰ ਇਤਿਹਾਸਿਕ ਗੁਰੂਘਰਾਂ ਨੂੰ ਲੋੜ ਪੈਣ ਤੇ ਢਾਹਿਆ ਜਾ ਸਕਦਾ ਹੈ, ਬਿਆਸ ਵਾਲੇ ਰਾਧਾ ਸੁਆਮੀਆਂ ਵੱਲੋਂ ਉਪਰੋਕਤ ਗੁਰੂਘਰ ਨੂੰ ਢਾਹੇ ਜਾਣ ਦੀ ਕਾਰਵਾਈ ਵਿਰੁੱਧ ਲੋੜੀਦਾਂ ਐਕਸਨ ਲੈਣ ਦੀ ਬਜਾਇ ਕਲੀਨ ਚਿੱਟ ਦੇ ਦਿੱਤੀ ਸੀ । ਇਸ ਲਈ ਹੀ ਹੁਣ ਦੁਆਰਾ ਫਤਿਹਗੜ੍ਹ ਗਹਿਰੀ ਵਿਖੇ ਏਕਨੂਰ ਖ਼ਾਲਸਾ ਫ਼ੌਜ ਜਿਸ ਦੀ ਸਰਪ੍ਰਸਤੀ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਸ੍ਰੀ ਦਮਦਮਾ ਸਾਹਿਬ ਕਰ ਰਹੇ ਹਨ, ਨੇ ਫਤਹਿਗੜ੍ਹ ਗਹਿਰੀ ਵਿਖੇ ਗੁਰੂਘਰ ਨੂੰ ਢਾਹਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਵੱਡੀ ਗੁਸਤਾਖੀ ਕੀਤੀ ਹੈ ਅਤੇ ਗੁਰੂਘਰਾਂ ਨੂੰ ਢਹਿ-ਢੇਰੀ ਕਰਨ ਦੀ ਪਿਰਤ ਪਾਉਣ ਵਾਲੇ ਇਹ ਜਥੇਦਾਰ ਸਿੱਖ ਕੌਮ ਦੇ ਦੋਸੀ ਹਨ । ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਬਿਆਸ ਵਾਲੇ ਮੁੱਖੀ ਨਾਲ ਕਿਸੇ ਤਰ੍ਹਾਂ ਦੀ ਸੌਦੇਬਾਜੀ ਨਹੀ ਕੀਤੀ । ਬਲਕਿ ਸੂਝਵਾਨਤਾਂ ਨਾਲ ਟੇਬਲ ਟਾਕ ਕਰਕੇ ਉਥੇ ਫਿਰ ਤੋ ਗੁਰੂਘਰ ਦੀ ਉਸਾਰੀ ਕਰਨ ਅਤੇ ਸਿੱਖ ਕੌਮ ਦੀ ਸ਼ਕਤੀ ਅਤੇ ਸਾਧਨਾਂ ਦੀ ਦੁਰਵਰਤੋਂ ਹੋਣ ਤੋਂ ਬਚਾਅ ਕੀਤਾ ਹੈ । ਜੋ ਲੋਕ ਸਾਡੇ ਵੱਲੋਂ ਕੀਤੀ ਗਈ ਕੌਮ ਪੱਖੀ ਟੇਬਲ ਟਾਕ ਨੂੰ ਗਲਤ ਰੰਗ ਦੇਕੇ ਸਿੱਖ ਕੌਮ ਵਿਚ ਭੰਬਲਭੂਸਾ ਖੜ੍ਹਾ ਕਰਨਾ ਚਾਹੁੰਦੇ ਹਨ, ਅਸਲੀਅਤ ਵਿਚ ਇਹ ਲੋਕ ਸਿੱਖੀ ਬਾਣੇ ਵਿਚ ਕਲੰਕ ਹਨ, ਜਿਸ ਤੋਂ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਰਹਿਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਸਟ੍ਰੇਲੀਆਂ ਤੋਂ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਗੱਲਬਾਤ ਕਰਦੇ ਹੋਏ ਆਪਣੇ ਅਤੇ ਆਪਣੇ ਸਾਥੀਆਂ ਦਾ ਪੱਖ ਸਿੱਖ ਕੌਮ ਅੱਗੇ ਰੱਖਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਵੜੈਚ (ਬਿਆਸ) ਗੁਰੂਘਰ ਦੀ ਮੁੜ ਉਸਾਰੀ ਲਈ ਪੰਥਕ ਜਥੇਬੰਦੀਆਂ ਦੀ ਸਾਂਝੇ ਤੌਰ ਤੇ ਬਣਾਈ ਗਈ ਕਮੇਟੀ ਨੇ ਉਪਰੋਕਤ ਮਨੁੱਖਤਾ ਪੱਖੀ ਫੈਸਲਾ ਕਰਕੇ, ਇਕ ਵਾਰੀ ਫਿਰ ਤੋ ਨਿਰੰਕਾਰੀਆਂ ਅਤੇ ਸਿੱਖ ਕੌਮ ਵਿਚ ਹੋਏ ਟਕਰਾਅ ਦੀ ਤਰ੍ਹਾਂ ਮਾਹੌਲ ਬਣਾਉਣ ਤੋਂ ਰੋਕਣ ਵਿਚ ਸੂਝਵਾਨਤਾਂ ਵਾਲਾ ਉੱਦਮ ਕੀਤਾ ਹੈ । ਕਿਸੇ ਵੀ ਸਿੱਖ ਨੂੰ ਜਾਂ ਸਿੱਖ ਜਥੇਬੰਦੀਆਂ ਨੂੰ ਇਸ ਹੋਏ ਫੈਸਲੇ ਤੇ ਬਿਲਕੁਲ ਕਿੰਤੂ-ਪ੍ਰੰਤੂ ਨਹੀ ਕਰਨਾ ਚਾਹੀਦਾ । ਬਲਕਿ ਕੌਮੀ ਸ਼ਕਤੀ ਅਤੇ ਸਾਧਨਾਂ ਦੀ ਸਹੀ ਵਰਤੋਂ ਕਰਦੇ ਹੋਏ ਕੌਮ ਨੂੰ ਆਪਣੀ ਮੰਜਿ਼ਲ ਵੱਲ ਦ੍ਰਿੜ੍ਹਤਾ ਅਤੇ ਸੰਜ਼ੀਦਗੀ ਨਾਲ ਵੱਧਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ । ਬਾਬਾ ਬਲਜੀਤ ਸਿੰਘ ਦਾਦੂਵਾਲ ਪੰਥਕ ਅਤੇ ਕੌਮੀ ਖਿਆਲਾਤਾਂ ਦੇ ਪੈਰੋਕਾਰ ਹਨ । ਉਹਨਾਂ ਵੱਲੋਂ ਜੋ ਵੀ ਫੈਸਲਾ ਕੀਤਾ ਗਿਆ ਹੈ, ਉਹ ਸਮੁੱਚੀਆਂ ਜਥੇਬੰਦੀਆਂ ਦੀ ਸਰਬਸੰਮਤੀ ਦੀ ਰਾਇ ਅਨੁਸਾਰ ਕੀਤਾ ਗਿਆ ਹੈ । ਲੇਕਿਨ ਅਸੀਂ ਜੋ ਸਿੱਖ ਕੌਮ ਨਾਲ ਵਾਅਦਾ ਕਰਦੇ ਹੋਏ ਵੜੈਚ ਵਿਖੇ ਗੁਰੂਘਰ ਨੂੰ ਮੁੜ ਉਸਾਰਨ ਦੀ ਅਰਦਾਸ ਕੀਤੀ ਸੀ, ਉਸ ਨੂੰ ਹਰ ਕੀਮਤ ‘ਤੇ ਘੱਟ ਤੋ ਘੱਟ ਨੁਕਸਾਨ ਕਰਕੇ ਪੂਰਨ ਕੀਤਾ ਜਾਵੇਗਾ । ਅਸੀਂ ਹਰ ਤਰ੍ਹਾਂ ਦੇ ਗੁਰੂਘਰ ਨੂੰ ਢਾਹੁਣ ਦੇ ਸਖਤ ਵਿਰੁੱਧ ਹਾਂ । ਫਤਹਿਗੜ੍ਹ ਗਹਿਰੀ ਵਿਖੇ ਪੰਥਕ ਮੁਖੋਟੇ ਵਿਚ ਕੁਝ ਸਿੱਖਾਂ ਵੱਲੋਂ ਜੋ ਗੁਰੂਘਰ ਨੂੰ ਢਹਿ-ਢੇਰੀ ਕਰਕੇ ਬੇਅਦਬੀ ਕੀਤੀ ਗਈ ਹੈ, ਪੰਜਾਬ ਸਰਕਾਰ ਉਹਨਾਂ ਵਿਰੁੱਧ 295 ਧਾਰਾ ਅਧੀਨ ਤੁਰੰਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰੇ । ਤਾਂ ਕਿ ਕੋਈ ਵੀ ਸਿੱਖ ਵਿਰੋਧੀ ਤਾਕਤ ਜਾਂ ਖ਼ਾਲਸਾ ਪੰਥ ਵਿਚ ਘੁਸਪੈਠ ਹੋਈਆਂ ਤਾਕਤਾਂ ਭਵਿੱਖ ਵਿਚ ਅਜਿਹੀ ਗਲਤੀ ਨਾ ਕਰ ਸਕਣ ।