ਨਿਊਯਾਰਕ- ਅਮਰੀਕਾ ਵਿੱਚ ਸੈਂਡੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਦਖਣੀ ਨਿਊ ਜਰਸੀ ਅਤੇ ਪੂਰਬੀ ਤੱਟੀ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਮੋਹਲੇਧਾਰ ਵਰਖਾ ਨਾਲ 39 ਲੋਕਾਂ ਦੀ ਮੌਤ ਹੋ ਗਈ ਹੈ।ਕੁਝ ਇਲਾਕਿਆਂ ਵਿੱਚ ਬਿਜਲੀ ਸੇਵਾਵਾਂ ਵੀ ਠੱਪ ਹੋ ਗਈਆਂ ਹਨ।
ਨਿਊਯਾਰਕ ਅਤੇ ਹੋਰ ਖੇਤਰਾਂ ਵਿੱਚ 6.2 ਮਿਲੀਅਨ ਲੋਕ ਬਿਨਾਂ ਬਿਜਲੀ ਤੋਂ ਹਨੇਰੇ ਵਿੱਚ ਹਨ।ਸਮੁੰਦਰ ਵਿੱਚ ਚਾਰ-ਚਾਰ ਮੀਟਰ ਉਚੀਆਂ ਲਹਿਰਾਂ ਉਠ ਰਹੀਆਂ ਸਨ। ਸੜਕਾਂ ਅਤੇ ਸਬ-ਵੇਅ ਤੇ ਪਾਣੀ ਹੀ ਪਾਣੀ ਫਿਰ ਰਿਹਾ ਸੀ। 10 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ ਹੈ।ਨਿਊਯਾਰਕ ਦੇ ਕਨੇਡੀ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ। ਤੂਫ਼ਾਨ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ 13,000 ਤੋਂ ਵੱਧ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।
ਅਮਰੀਕਾ ਦੇ 12 ਤੋਂ ਵੱਧ ਰਾਜਾਂ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ।ਨਾਰਥ ਕੈਰੋਲੀਨਾ ਅਤੇ ਨਿਊ ਹੈਮਪਸ਼ਾਇਰ ਤੋਂ ਲੈ ਕੇ ਸਮੁੱਚੇ ਪੂਰਬੀ ਤੱਟ ਤੇ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ। ਰਾਸ਼ਟਰਪਤੀ ਓਬਾਮਾ ਅਤੇ ਮਿਟ ਰੋਮਨੀ ਨੇ ਆਪਣੀ ਕੈਂਪੇਨ ਰੱਦ ਕਰ ਦਿੱਤੀ ਹੈ। ਪ੍ਰਭਾਵਿਤ ਰਾਜਾਂ ਵਿੱਚ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਲੋੜਵੰਦ ਲੋਕਾਂ ਨੂੰ ਮਦਦ ਲਈ ਭੋਜਨ,ਪਾਣੀ ਅਤੇ ਕੰਬਲ ਆਦਿ ਮੁਹਈਆ ਕਰਵਾਏ ਜਾ ਰਹੇ ਹਨ।ਪੈਂਟਾਗਨ ਨੇ 140 ਤੋਂ ਵੱਧ ਹੈਲੀਕਾਪਟਰ ਮਦਦ ਲਈ ਤਿਆਰ ਰੱਖੇ ਹਨ। ਨੈਸ਼ਨਲ ਗਾਰਡ ਦੇ ਜਵਾਨ ਬਚਾਅ ਕਾਰਜਾਂ ਵਿੱਚ ਲਗੇ ਹੋਏ ਹਨ।