ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਚਰਚਿਤ ਇਕ ਸੋਧ ਬਿਲ ਜੋ ਕਿ ਮੌਜੂਦਾ ਵਿਆਹ ਦੀ ਪਰਿਭਾਸ਼ਾ ਬਦਲਣ ਸਬੰਧੀ ਹੈ ਅਤੇ ਜਿਸ ਦੇ ਕਾਨੂੰਨਨ ਰੂਪ ਵਿਚ ਪਾਸ ਹੋਣ ਨਾਲ ਇਥੇ ਸਮਲਿੰਗੀ ਵਿਆਹਾਂ ਨੂੰ ਮਾਨਤਾ ਮਿਲ ਸਕਦੀ ਹੈ, ਦਾ ਕਈ ਰਾਜਸੀ ਪਾਰਟੀਆਂ ਅਤੇ ਲੋਕ ਵਿਰੋਧ ਕਰ ਰਹੇ ਹਨ। ਇਹ ਬਿਲ 26 ਜੁਲਾਈ, 2012 ਨੂੰ ਪੇਸ਼ ਕੀਤਾ ਗਿਆ ਸੀ, 29 ਅਗਸਤ ਨੂੰ ਇਸ ਉਤੇ ਪਹਿਲੀ ਵਾਰ ਨਜ਼ਰਸਾਨੀ ਹੋਈ ਸੀ ਤੇ ਇਸ ਦੇ ਹੱਕ ਵਿਚ 80 ਅਤੇ ਵਿਰੋਧ ਵਿਚ 40 ਵੋਟਾਂ ਪਈਆਂ ਸਨ। ਇਸ ਵੇਲੇ ਇਸ ਪ੍ਰਥੀ ਲੋਕਾਂ ਦੇ ਵਿਚਾਰ ਮੰਗੇ ਜਾ ਰਹੇ ਹਨ ਅਤੇ ਅਗਲੇ ਸਾਲ 28 ਫਰਵਰੀ ਨੂੰ ਇਸ ਸਬੰਧੀ ਰਿਪੋਰਟ ਪੇਸ਼ ਹੋਣੀ ਹੈ। ਮੌਜੂਦਾ ਸੱਤਾਧਾਰ ਪਾਰਟੀ ਨੈਸ਼ਨਲ ਹੈ ਜਿਸ ਦੇ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਇਸ ਬਿਲ ਦੇ ਹੱਕ ਵਿਚ ਤੇ ਵਿਰੋਧ ਵਿਚ ਵੋਟ ਪਾਈ ਸੀ। ਇਸੇ ਹੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਪਹਿਲੇ ਭਾਰਤੀ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਜਿਥੇ ਉਸ ਸਮੇਂ ਬਿਲ ਦੇ ਵਿਰੋਧ ਵਿਚ ਵੋਟ ਪਾਈ ਸੀ ਉਥੇ ਹੁਣ ਉਹ ਇਸ ਬਿਲ ਦੇ ਵਿਰੋਧ ਵਿਚ ਸ਼ੁਰੂ ਹੋ ਰਹੇ ਪ੍ਰਦਰਸ਼ਨਾਂ ਵਿਚ ਵੀ ਸ਼ਾਮਿਲ ਹੋ ਰਹੇ ਹਨ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਇਸ ਸਬੰਧੀ ਕਿਹਾ ਹੈ ਕਿ ‘‘ਇਸ ਦੇਸ਼ ਦੇ ਨਾਗਰਿਕ ਹੁੰਦਿਆਂ ਲੋਕਾਂ ਨੂੰ ਹੱਕ ਹੈ ਕਿ ਉਹ ਆਪਣੇ ਵਿਚਾਰਾਂ ’ਤੇ ਦ੍ਰਿੜਤਾ ਨਾਲ ਕਾਇਮ ਰਹਿਣ ਅਤੇ ਆਪਣੇ ਵਿਚਾਰਾਂ ਦੀ ਆਵਾਜ਼ ਬਨਣ, ਸੋ ਇਸੀ ਤਰ੍ਹਾਂ ਮੈਂ ਵੀ ਸੋਚਦਾ ਹਾਂ ਕਿ ਮੇਰਾ ਵੀ ਹੱਕ ਹੈ ਕਿ ਮੈਂ ਆਪਣੇ ਵਿਚਾਰਾਂ ਨੂੰ ਆਵਾਜ਼ ਬਣਾ ਕੇ ਬਾਕੀ ਲੋਕਾਂ ਨਾਲ ਤੇ ਭਾਈਚਾਰੇ ਨਾਲ ਸਾਂਝੇ ਕਰਾਂ।’’ ਉਨ੍ਹਾਂ ਅੱਗੇ ਕਿਹਾ ਕਿ ਇਹ ‘ਵਿਆਹ ਦੀ ਪਰਿਭਾਸ਼ਾ’ ਦੇ ਪਰਿਵਰਤਨ ਵਾਲਾ ਬਿੱਲ ਪ੍ਰਾਈਵੇਟ ਮੈਂਬਰ ਵੱਲੋਂ ਪੇਸ਼ ਕੀਤਾ ਬਿਲ ਹੈ ਅਤੇ ਇਸ ਉਤੇ ਹੋਈ ਵੋਟਿੰਗ ਵੇਲੇ ਉਹ ਆਪਣੀ ਅੰਤਰ ਆਤਮਾ ਦੀ ਗਲ ਮੰਨਦਿਆਂ ਇਸ ਦੇ ਵਿਰੋਧ ਵਿਚ ਭੁਗਤੇ ਸਨ। ਉਨ੍ਹਾਂ ਦੇ ਨਿੱਜੀ ਵਿਚਾਰ ਵੀ ਇਹੀ ਹਨ ਕਿ ਵਿਆਹ ਮਰਦ ਅਤੇ ਔਰਤ ਵਿਚਕਾਰ ਹੀ ਹੋਣਾ ਚਾਹੀਦਾ ਹੈ। ਇਸ ਬਿਲ ਸਬੰਧੀ ਸਦਨ ਵਿਚ ਚਲਦੀ ਕਾਰਵਾਈ ਦੌਰਾਨ ਉਨ੍ਹਾਂ ਭਾਰਤੀ ਭਾਈਚਾਰੇ ਨਾਲ ਵੀ ਵੱਡੇ ਪੱਧਰ ’ਤੇ ਸਲਾਹ ਮਸ਼ਵਰਾ ਕੀਤਾ ਸੀ ਅਤੇ ਭਾਰਤੀ ਭਾਈਚਾਰੇ ਨੇ ਵੀ ਇਸ ਸੋਧ ਬਿਲ ਦੇ ਵਿਰੋਧ ਵਿਚ ਆਪਣੀ ਸੁਰ ਮਿਲਾਈ ਸੀ।
ਨਿਊਜ਼ੀਲੈਂਡ ’ਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਦੇ ਵਿਰੋਧ ਵਿਚ ਸੰਸਦ ਮੈਂਬਰ ਸ. ਬਖਸ਼ੀ ਅੱਗੇ ਆਏ
This entry was posted in ਅੰਤਰਰਾਸ਼ਟਰੀ.