ਨਵੀਂ ਦਿੱਲੀ : ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਇਕ ਪਾਸੇ ਤਾਂ ਅਠਾਈ ਵਰ੍ਹੇ ਬੀਤ ਜਾਣ ਤੇ ਵੀ ਨਵੰਬਰ 84 ਦੇ ਸਿਖ ਕਤਲੇਆਮ ਦੇ ਮੁਖ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਨਹੀਂ ਮਿਲ ਸਕੀਆਂ ਅਤੇ ਦੂਸਰਾ ਦੁਖਾਂਤ ਇਹ ਹੈ ਕਿ ਇਸ ਘਲੂਘਾਰੇ ਦਾ ਸਿਆਸੀਕਰਣ ਕਰ ਇਸ ਪੁਰ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਕੀਆਂ ਜਾਂਦੀਆਂ ਚਲੀਆਂ ਆ ਰਹੀਆਂ ਹਨ। ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਇਥੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਸਮਾਗਮ ਵਿਚ ਨਵੰਬਰ 84 ਦੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਗਟ ਕੀਤੇ। ਸ. ਸਰਨਾ ਨੇ ਕਿਹਾ ਕਿ ਨਵੰਬਰ 84 ਵਿਚ ਹਜ਼ਾਰਾਂ ਬੇਗੁਨਾਹ ਸਿੱਖ ਦਿਨ-ਦੀਵੀਂ ਕਤਲ ਕਰ ਦਿਤੇ ਗਏ, ਪ੍ਰੰਤੂ ਅੱਜ ਤਕ ਕਿਸੇ ਇਕ ਵੀ ਮੁਖ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਸਕੀ।
ਉਨ੍ਹਾਂ ਕਿਹਾ ਕਿ 28 ਵਰ੍ਹੇ ਪਹਿਲਾਂ ਵਾਪਰੇ ਇਸ ਦੁਖਾਂਤ ਕਾਰਣ ਅਨੇਕਾਂ ਬਚੇ ਯਤੀਮ ਹੋ ਗਏ, ਬੀਬੀਆਂ ਵਿਧਵਾ ਹੋਈਆਂ ਅਤੇ ਬਜ਼ੁਰਗ ਬੇਸਹਾਰਾ ਹੋ ਗਏ, ਪਰ ਇਨ੍ਹਾਂ ਵਰ੍ਹਿਆਂ ਵਿਚ ਇਨ੍ਹਾਂ ਦਾ ਦੁਖ ਵੰਡਾਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਣ ਦੀ ਬਜਾਏ, ਇਨ੍ਹਾਂ ਦੇ ਦੁਖ-ਦਰਦ ਦੀ ਅੱਗ ਤੇ ਲਗਾਤਾਰ ਰਾਜਸੀ-ਸੁਆਰਥ ਦੀਆਂ ਰੋਟੀਆਂ ਸੇਂਕੀਆਂ ਜਾਂਦੀਆਂ ਚਲੀਆਂ ਆ ਰਹੀਆਂ ਹਨ।
ਉਨ੍ਹਾਂ ਪੁਛਿਆ ਕਿ ਦੂਸਰਿਆਂ ਪੁਰ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੁਆਣ ਦੇ ਦੋਸ਼ ਲਾਂਦੇ ਚਲੇ ਆ ਰਿਹਾਂ ਨੇ ਬੀਤੇ ਸਮੇਂ ਵਿਚ 6 ਵਰ੍ਹਿਆਂ ਤੋਂ ਵੱਧ ਕੇਂਦਰੀ ਸਰਕਾਰ ਵਿਚ ਭਾਈਵਾਲੀ ਕੀਤੀ, ਕੀ ਉਹ ਇਸ ਸਮੇਂ ਦੌਰਾਨ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਸੀ ਦੁਆ ਸਕਦੇ ਅਤੇ ਪੀੜਤਾਂ ਦਾ ਸਨਮਾਨ ਜਨਕ ਮੁੜ ਵਸੇਬਾ ਨਹੀਂ ਸਨ ਕਰਵਾ ਸਕਦੇ? ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਵਲੋਂ ਨਵੰਬਰ 84 ਦੇ ਪੀੜਤਾਂ ਦੀ ਮਦਦ ਲਈ ਭੇਜੀ ਗਈ ਰਕਮ ਵਿਚੋਂ ਅਜੇ ਵੀ 144 ਕਰੋੜ ਰੁਪਿਆ ਪੰਜਾਬ ਸਰਕਾਰ ਨੇ ਪੀੜਤਾਂ ਵਿਚ ਵੰਡੇ ਜਾਣ ਪਖੋਂ ਪਾਸਾ ਵਟਿਆ ਹੋਇਆ ਹੈ। ਸ. ਸਰਨਾ ਨੇ ਹੋਰ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਵਲੋਂ ਆਪਣੇ ਦਿੱਲੀ ਵਿਚਲੇ ‘ਜੀ ਹਜੂਰੀਆਂ ਦੀ ਬੇਲੋੜੀ ਸੁਰਖਿਆ ਪੁਰ ਕਰੋੜ ਰੁਪਏ ਤੋਂ ਵੀ ਵੱਧ ਖਰਚਿਆ ਜਾ ਰਿਹਾ ਹੈ, ਜੇ ਉਹ ਇਸ ਵਿਚੋਂ ਪੰਜਾਹ ਲਖ ਰੁਪਏ ਵੀ ਪੀੜਤਾਂ ਦੇ ਪਰਿਵਾਰਾਂ ਵਿਚ ਵੰਡਦੀ ਰਹੇ ਤਾਂ ਉਹ ਵਰਤਮਾਨ ਸੰਤਾਪ ਵਿਚੋਂ ਉਭਰਨੇ ਸ਼ੁਰੂ ਹੋ ਸਕਦੇ ਹਨ।
ਸ. ਸਰਨਾ ਨੇ ਦਸਿਆ ਕਿ ਇਨ੍ਹਾਂ 28 ਵਰ੍ਹਿਆਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਭਾਵੇਂ ਕਿਸੇ ਵੀ ਗੁਟ ਜਾਂ ਧੜੇ ਪਾਸ ਰਿਹਾ, ਉਸਨੇ ਕਦੀ ਵੀ ਪੀੜਤਾਂ ਦੀ ਮੱਦਦ ਕਰਨੋਂ ਸੰਕੋਚ ਨਹੀਂ ਕੀਤਾ। ਅਜ ਵੀ ਪੀੜਤਾ ਪਰਿਵਾਰਾਂ ਦੇ ਕਈ ਬਚਿਆਂ ਨੂੰ ਗੁਰਦੁਆਰਾ ਕਮੇਟੀ ਵਲੋਂ ਮੁਫਤ ਵਿਦਿਆ ਦਿਤੇ ਜਾਣ ਦੇ ਪ੍ਰਬੰਧ ਕੀਤੇ ਗਏ ਹੋਏ ਹਨ ਤੇ ਸਮੇਂ-ਸਮੇਂ ਲੋੜਵੰਦਾਂ ਦੀ ਮਦਦ ਵੀ ਕੀਤੀ ਜਾਂਦੀ ਰਹਿੰਦੀ ਹੈ।