ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੈਬਨਿਟ ਵਿੱਚ ਤਬਦੀਲੀ ਤੋਂ ਬਾਅਦ ਮੰਤਰੀਆਂ ਨਾਲ ਪਹਿਲੀ ਬੈਠਕ ਵਿੱਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਸਰਕਾਰ ਹੁਣ ਡੀਫੈਂਸਿਵ ਮੋੜ ਦੀ ਬਜਾਏ ਜੋਰਦਾਰ ਅੰਦਾਜ ਵਿੱਚ ਕੰਮ ਕਰੇਗੀ। ਉਨ੍ਹਾਂ ਨੇ ਮੰਤਰੀਆਂ ਨੂੰ ਕਿਹਾ ਕਿ ਰਾਜਨੀਤਕ ਅਤੇ ਆਰਥਿਕ ਚੁਣੌਤੀਆਂ ਤੋਂ ਨਿਰਾਸ਼ ਹੋਣ ਦੀ ਥਾਂ ਤੁਰੰਤ ਫੈਸਲੇ ਲੈ ਕੇ ਉਦੇਸ਼ ਪ੍ਰਾਪਤ ਕਰੋ। ਇਹ ਫੈਸਲੇ ਸਖਤ ਵੀ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਸੱਭਾ ਚੋਣਾਂ ਦਾ ਡਰ ਮਨ ਵਿੱਚੋਂ ਕੱਢ ਕੇ ਮਿਸ਼ਨ 2014 ਤੇ ਧਿਆਨ ਕੇਂਦਰਿਤ ਕਰਨਾ ਹੈ।
ਪ੍ਰਧਾਨਮੰਤਰੀ ਅਨੁਸਾਰ ਆਰਥਿਕ ਉਦੇਸ਼ਾਂ ਨੂੰ ਪਹਿਲ ਦੇ ਆਧਾਰ ਤੇ ਹਾਸਿਲ ਕਰਨਾ ਹੈ।ਇਨਫਰਾਸਟਰਕਚਰ ਸੈਕਟਰ ਵਿੱਚ ਅਗਲੇ ਪੰਜ ਸਾਲਾਂ ਵਿੱਚ 1,000 ਅਰਬ ਡਾਲਰ ਦਾ ਨਿਵੇਸ਼ ਕਰਵਾਉਣਾ ਅਤੇ ਨੌਕਰੀਆਂ ਦੇ ਵੱਧ ਅਵਸਰ ਪੈਦਾ ਕਰਨਾ ਵੀ ਸਰਕਾਰ ਦਾ ਟੀਚਾ ਹੈ। ਸੋਸ਼ਲ ਸੈਕਟਰ ਵਿੱਚ ਵੀ ਨਿਵੇਸ਼ ਵਧਾਉਣਾ ਜਰੂਰੀ ਹੈ। ਸਬਸਿਡੀ ਨੂੰ ਵੀ ਘੱਟ ਕਰਨਾ ਹੈ, ਖਾਸ ਕਰਕੇ ਪੈਟਰੋਲੀਅਮ ਸਬਸਿੱਡੀ ਨੂੰ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਆਮ ਲੋਕਾਂ ਤੱਕ ਸਰਕਾਰ ਦੀਆਂ ਉਪਲੱਭਦੀਆਂ ਅਤੇ ਨੀਤੀਗੱਤ ਫੈਸਲਿਆਂ ਨੂੰ ਸਹੀ ਢੰਗ ਨਾਲ ਪਹੁੰਚਾਇਆ ਜਾਵੇ। ਵਿਰੋਧੀ ਧਿਰ ਵੱਲੋਂ ਸਰਕਾਰੀ ਨਿਰਣੇ ਗਲਤ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕੀਤੇ ਜਾ ਰਹੇ ਹਨ। ਇਸ ਲਈ ਮੰਤਰੀਆਂ ਦਾ ਇਹ ਫਰਜ਼ ਬਣਦਾ ਹੈ ਕਿ ਰਾਜਨੀਤਕ ਤੌਰ ਤੇ ਮਜ਼ਬੂਤ ਅਕਸ ਬਣਾਉਣ ਲਈ ਇਨ੍ਹਾ ਨੀਤੀਆਂ ਦਾ ਪ੍ਰਚਾਰ ਕੀਤਾ ਜਾਵੇ। ਉਨ੍ਹਾਂ ਨੇ ਮੰਤਰੀਆਂ ਨੂੰ ਨਸੀਹਤ ਦਿੱਤੀ ਕਿ ਆਪਸੀ ਮੱਤਭੇਦ ਭੁੱਲ ਕੇ ਇੱਕਮੁੱਠ ਹੋ ਕੇ ਕਮੰ ਕਰਨ ਤੇ ਜੋਰ ਦਿੱਤਾ।