ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਪੰਜਾਬੀ ਵਿਚ ਜੇਕਰ ਕੋਈ ਕੁਝ ਜਿਆਦਾ ਹੀ ਅੰਗਰੇਜ਼ੀ ਬੋਲਣ ਲੱਗ ਜਾਵੇ ਤਾਂ ਆਮ ਕਹਿ ਦਿੱਤਾ ਜਾਂਦਾ ਹੈ ਕਿ ‘‘ਅੰਗਰੇਜ਼ ਤਾਂ ਦੇਸ਼ ਛੱਡ ਗਏ, ਪਰ ਤੂੰ ਅੰਗਰੇਜ਼ੀ ਨਾ ਛੱਡੀ’’ ਪਰ ਹੁਣ ਇਸ ਗੱਲ ਦਾ ਵੀ ਇਹ ਜਵਾਬ ਹੈ ਕਿ ‘‘ਭਾਵੇਂ ਅੰਗਰੇਜ਼ ਸਾਡਾ ਦੇਸ਼ ਛੱਡ ਗਏ ਪਰ ਉਹ ਵੀ ਸਾਡੇ ਦੇਸ਼ ਦੇ ਸ਼ਹਿਰਾਂ ਨੂੰ ਨਾਲ ਲੈ ਗਏ’’। ਗੱਲ ਕੀ ਜੇਕਰ ਸਾਡਾ ਪਿਆਰ ਅੰਗਰੇਜ਼ੀ ਭਾਸ਼ਾ ਨਾਲ ਬਣਿਆ ਰਿਹਾ ਹੈ ਤਾਂ ਫਿਰ ਗੋਰਿਆਂ ਦਾ ਵੀ ਭਾਰਤ ਨਾਲ ਉਤਪੰਨ ਪਿਆਰ ਸ਼ਹਿਰੀ ਨਾਮਕਰਣ ਦੇ ਰੂਪ ਵਿਚ ਸਦਾ ਵਾਸਤੇ ਉਜਾਗਰ ਹੋਇਆ ਹੈ। ਇਸ ਦੀ ਉਦਾਹਰਣ ਨਿਊਜ਼ੀਲੈਂਡ ਦੇਸ਼ ਦੇ ਵਿਚ ਵੇਖਣ ਨੂੰ ਮਿਲਦੀ ਹੈ। ਬਾਕੀ ਕਈ ਮੁਲਕਾਂ ਵਾਂਗ ਇਥੇ ਵੀ ਕਈ ਸ਼ਹਿਰਾਂ ਅਤੇ ਥਾਵਾਂ ਦੇ ਨਾਂਅ ਭਾਰਤੀ ਸ਼ਹਿਰਾਂ ਦੇ ਨਾਂਅ ’ਤੇ ਰੱਖੇ ਹੋਏ ਹਨ।
ਬੰਬੇ ਹਿੱਲਜ਼: ਇਹ ਸ਼ਹਿਰ (ਨਗਰ) ਆਕਲੈਂਡ ਤੋਂ 50 ਕਿਲੋਮੀਟਰ ਦੂਰ ਸਟੇਟ ਹਾਈ ਵੇਅ ਨੰਬਰ 1 ਉਤੇ ਸਥਿਤ ਹੈ। ਇਸ ਜਗ੍ਹਾ ਦਾ ਨਾਂਅ ਭਾਰਤ ਦੇ ਸ਼ਹਿਰ ਬੰਬੇ (ਮੁੰਬਈ) ਤੋਂ ਰੱਖਿਆ ਗਿਆ ਹੈ। 1863 ਦੇ ਵਿਚ ਇਕ ਸਮੁੰਦਰੀ ਜ਼ਹਾਜ ਆਕਲੈਂਡ ਵਿਖੇ ਆਇਆ ਸੀ ਅਤੇ ਉਸ ਦਾ ਨਾਂਅ ‘ਬੰਬੇ’ ਸੀ। ਇਸ ਸ਼ਿੱਪ ਵਿਚ ਆਉਣ ਵਾਲੇ ਇਸ ਜਗ੍ਹਾ ਉਤੇ ਆ ਕੇ ਵਸਾਏ ਗਏ ਸਨ। ਇਹ ਇਲਾਕਾ ਪਹਾੜੀ ਇਲਾਕਾ ਹੈ ਅਤੇ ਇਥੇ ਦੀ ਜ਼ਮੀਨ ਵੀ ਕਾਫੀ ਉਪਜਾਊ ਹੈ। ਇਸ ਨਗਰ ਤੋਂ ਬਹੁਤ ਹੀ ਮਸ਼ਹੂਰ ਖਿਡਾਰੀ ਦੇਸ਼ ਨੂੰ ਮਿਲੇ ਹਨ ਜਿਵੇਂ ਉਲੰਪੀਅਕ ਇਰਿਕ ਮੁਰੇ, ਕੈਥਰੀਨ ਪ੍ਰਰੂਮਮ ਵਿਸ਼ਵ ਚੈਂਪੀਅਨ ਮੋਟਰਸਾਈਕਲਿਸਟ ਅਤੇ ਐਂਡੀ ਡਾਲਟਨ ਸਾਬਕਾ ਕੈਪਟਨ ਆਲ ਬਲੈਕ ਟੀਮ ਆਦਿ। ਇਥੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵੀ 1993 ਤੋਂ ਸਥਾਪਿਤ ਹੈ। ਇਸ ਜਗ੍ਹਾ ’ਤੇ 1963 ਵਿਚ ਭਾਰਤੀ ਅਤੇ ਪੰਜਾਬੀ ਵੀਰਾਂ ਨੇ ਇਥੇ ਖੇਤੀ ਫਾਰਮ ਅਤੇ ਹੋਰ ਵਪਾਰਕ ਅਦਾਰੇ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਸਨ।
ਕੈਸ਼ਮੀਰ (Cashmere)ਇਹ ਜਗ੍ਹਾ ਕ੍ਰਾਈਸਟਚਰਚ ਦੇ ਕਿਨਾਰੇ ’ਤੇ ਸੈਰ ਸਪਾਟਾ ਕਰਨ ਵਾਲਿਆਂ ਲਈ ਖਿਚ ਦਾ ਕੇਂਦਰ ਹੈ। ਇਹ ਸ਼ਬਦ ਭਾਰਤ ਦੇ ਕਸ਼ਮੀਰ ਰਾਜ ਤੋਂ ਇਥੇ ਆਇਆ ਹੈ। ਇਕ ਅੰਗਰੇਜ਼ ਜਿਸ ਦਾ ਨਾਮ ਸਰ ਜੌਹਨ ਕ੍ਰਾਕਰੋਫਟ ਵਿਲਸਨ ਸੀ, ਨੇ ਆਪਣੇ ਫਾਰਮ ਦਾ ਨਾਂਅ ਇਥੇ ‘ਕੈਸ਼ਮੀਰ’ ਰੱਖਿਆ। ਉਹ ਇਥੇ 1853 ਦੇ ਵਿਚ ਸਿਡਨੀ ਤੋਂ ਆਇਆ ਸੀ ਤੇ ਇਸਨੇ ਵੱਡੀ ਗਿਣਤੀ ਦੇ ਵਿਚ ਜ਼ਮੀਨ ਖਰੀਦੀ ਸੀ। ਬ੍ਰਿਟਿਸ਼ ਲੋਕਾਂ ਪਹਿਲਾਂ ਕਸ਼ਮੀਰ ਨੂੰ ਅੰਗਰੇਜ਼ੀ ਵਿਚ ਕੈਸ਼ਮੀਰ (Cashmere)ਲਿਖਿਆ ਕਰਦੇ ਸਨ। ਇਸ ਗੋਰੇ ਨੇ ਉਥੇ ਇਕ ਘਰ ਭਾਰਤੀ ਕਾਮਿਆਂ ਵਾਸਤੇ ਬਣਾਇਆ ਸੀ ਜਿਸ ਨੂੰ ‘ਓਲਡ ਸਟੋਨ ਹਾਊਸ’ ਦਾ ਨਾਂਅ ਦਿੱਤਾ ਗਿਆ ਸੀ ਅਤੇ ਇਹ ਘਰ ਹੁਣ ‘ਸਮਾਗਮ’ ਕਰਨ ਵਾਸਤੇ ਵਰਤਿਆ ਜਾਂਦਾ ਹੈ। ਇਹ ਅੰਗਰੇਜ਼ ਬੰਗਾਲ ਸਿਵਲ ਸਰਵਿਸ ਵਿਚ ਅਫ਼ਸਰ ਸੀ ਅਤੇ ਇਸ ਦਾ ਪਿਤਾ ਮਦਰਾਸ ਵਿਚ ਜੱਜ ਸੀ। 1861 ਦੇ ਵਿਚ ਇਸ ਨੂੰ ਵਿਕਟੋਰੀਆ ਦੀ ਰਾਣੀ ਵੱਲੋਂ ‘ਸਟਾਰ ਆਫ਼ ਦਾ ਇੰਡੀਆ’ ਵੀ ਦਿੱਤਾ ਗਿਆ।
ਕੁਨੂਰ (Coonoor): ਭਾਰਤ ਦੇ ਤਾਮਿਲਨਾਡੂ ਦੇ ਸ਼ਹਿਰ ਨੀਲਗਿਰੀ ਅਧੀਨ ਆਉਂਦਾ ਮਸ਼ਹੂਰ ਪਹਾੜੀ ਇਲਾਕਾ ਹੈ ਅਤੇ ਇਥੇ ਦੀ ਚਾਹ ਪੱਤੀ ਬਹੁਤ ਪਸੰਦ ਕੀਤੀ ਜਾਂਦੀ ਹੈ। ਇਥੇ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਨਾਂਅ ਵਾਲਾ ਇਕ ਰੇਲਵੇ ਸਟੇਸ਼ਨ ਵੀ ਹੈ। ਇਹ ਖੇਤਰ ਦੇਸ਼ ਦੀ ਰਾਜਧਾਨੀ ਵਲਿੰਗਟਨ ਅਤੇ ਹਾਕਸ ਬੇਅ ਦੇ ਵਿਚਕਾਰ ਹੈ ਜਦ ਕਿ ਆਕਲੈਂਡ ਤੋਂ 576 ਕਿਲੋਮੀਟਰ ਦੂਰ ਹੈ। ਇਥੇ ਭੇਡਾਂ ਦੇ ਜਿਆਦਾ ਫਾਰਮ ਹਨ।
ਕਾਰਵੀ (Karwi):ਭਾਰਤ ਦੇ ਉਤਰ ਪ੍ਰਦੇਸ਼ ਰਾਜ ਦੇ ਵਿਚ ਵਸੇ ਇਸ ਸ਼ਹਿਰ ਦੇ ਨਾਂਅ ’ਤੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦਾ ਲਾਗੇ ਇਹ ਜਗ੍ਹਾ ਸਥਿਤ ਹੈ ਇਥੇ ਇਸ ਦਾ ਨਾਂਅ ਕਿਰਵੀ ਰੱਖਿਆ ਗਿਆ ਹੈ। ਮਦਰਾਸ ਨੇਟਿਵ ਇਨਫੈਂਟਰੀ ਦੇ ਵਿਚ ਕਮਾਡੈਂਟ ਰਹੇ ਇਕ ਇਕ ਅੰਗਰੇਜ਼ ਸ੍ਰੀ ਬ੍ਰੈਟ ਡੀ ਰੇਂਜੀ ਜ਼ੇਮਸ ਨੇ ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਵਿਚ 1865 ਦੇ ਵਿਚ 1000 ਏਕੜ ਜ਼ਮੀਨ ਖਰੀਦੀ ਅਤੇ ਇਸ ਜਗ੍ਹਾ ਦਾ ਨਾਂਅ ‘ਕੀਰਵੀ’ (Karwi) ਰੱਖਿਆ ਜੋ ਕਿ ਭਾਰਤ ਦੇ ਸ਼ਹਿਰ ਕਾਰਵੀ ਤੋਂ ਲਿਆਂਦਾ ਗਿਆ ਸੀ।
ਵਰਨਣਯੋਗ ਹੈ ਕਿ ਇਥੇ ਪੰਜਾਬੀ ਵੀਰਾਂ ਨੇ ਵੀ ਕੁਝ ਥਾਵਾਂ ਦੇ ਨਾਂਅ ਆਪਣੇ ਪਰਿਵਾਰਾਂ ਜਾਂ ਭਾਰਤੀ ਨਾਵਾਂ ’ਤੇ ਰੱਖੇ ਹੋਏ ਹਨ।