ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਫਲਤਾ ਨਾਲ ਚਲਾਏ ਜਾ ਰਹੇ ‘ਸਿੱਖ ਹੈਰੀਟੇਜ ਸਕੂਲ’ ਜਿਥੇ ਕਿ ਵਿਦਿਆਰਥੀ ਅਤੇ ਸਿਖਿਆਰਥੀਆਂ ਦੀ ਗਿਣਤੀ 200 ਤੋਂ ਵੱਧ ਚੁੱਕੀ ਹੈ, ਲਈ ਸਵੈਸੇਵਿਕ ਅਧਿਆਪਕਾਂ ਨੂੰ ਸੇਵਾ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਭਾਰਤ ਵਿਚ ਅਧਿਆਪਕ ਤੌਰ ’ਤੇ ਸੇਵਾ ਨਿਭਾਅ ਚੁਕੇ ਵੀਰ-ਭੈਣ ਜਾਂ ਇਥੇ ਛੋਟੇ ਬੱਚਿਆਂ ਦੀ ਪੜ੍ਹਾਈ ਦਾ ਕੋਰਸ ਕਰ ਚੁੱਕੇ ਅਧਿਆਪਕਾਂ ਨੂੰ ਸੁਸਾਇਟੀ ਵੱਲੋਂ ਨੌਕਰੀ ਆਦਿ ਲਈ ਰੈਫਰੈਂਸ ਪੱਤਰ, ਆਉਣ ਜਾਣ ਦਾ ਖਰਚਾ ਅਤੇ ਪੂਰਾ ਸਮਾਂ ਨੌਕਰੀ ਦਾ ਮੌਕਾ ਵੀ ਦਿੱਤਾ ਜਾਵੇਗਾ। ਵਿਦੇਸ਼ਾਂ ਦੇ ਵਿਚ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ ਅਤੇ ਵਿਰਸੇ ਨਾਲ ਜੋੜਨ ਲਈ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਮਿਲਦੀ ਸਫਲਤਾ ਨੂੰ ਧਿਆਨ ਵਿਚ ਰੱਖਦਿਆਂ ਚੇਅਰਮੈਨ ਸ. ਕੁਲਦੀਪ ਸਿੰਘ, ਪ੍ਰਿੰਸੀਪਲ ਜਸਵੀਰ ਕੌਰ, ਕਮੇਟੀ ਮੈਂਬਰ ਡਾ. ਇੰਦਰਪਾਲ ਸਿੰਘ ਅਤੇ ਸ. ਮਨਦੀਪ ਸਿੰਘ ਵਿਰਕ ਆਦਿ ਹੋਰਾਂ ਦੱਸਿਆ ਕਿ ਹਰੇਕ ਸਾਲ ਸਿੱਖ ਚਿਲਡਰਨ ਡੇਅ ਤੋਂ ਇਲਾਵਾ ਇਕ ਇਮਤਿਹਾਨ ਡੇਅ ਵੀ ਮਨਾਇਆ ਜਾਵੇਗਾ। ਐਤਵਾਰ ਵਾਲੇ ਦਿਨ ਵੀ ਬੱਚਿਆਂ ਦਾ ਸਕੂਲ 3 ਘੰਟੇ ਲਈ (10 ਤੋਂ 1) ਖੋਲ੍ਹਣ ਬਾਰੇ ਵਿਚਾਰ ਚੱਲ ਰਹੀ ਹੈ ਤਾਂ ਕਿ ਸ਼ਨੀਵਾਰ ਨਾ ਪਹੁੰਚ ਸਕਣ ਵਾਲੇ ਬੱਚੇ ਐਤਵਾਰ ਆਪਣੇ ਮਾਪਿਆਂ ਨਾਲ ਜਰੂਰ ਆ ਸਕਣ। ਸੁਸਾਇਟੀ ਦੇ ਮੁੱਖ ਬੁਲਾਰੇ ਸ. ਦਲਜੀਤ ਸਿੰਘ ਜੇ.ਪੀ. ਹੋਰਾਂ ਦੱਸਿਆ ਕਿ ਬੱਚਿਆਂ ਨੂੰ ਹਰੇਕ ਸਾਲ ਇਕ ‘ਐਜੂਕੇਸ਼ਨਲ ਟੂਰ’ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ ਤਾਂ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਇਸ ਦੇਸ਼ ਦੀਆਂ ਇਤਿਹਾਸਕ ਤੇ ਮਨੋਰੰਜਕ ਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਸਕੇ।
ਸਿੱਖ ਹੈਰੀਟੇਜ ਸਕੂਲ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਵੈਸੇਵਿਕ ਅਧਿਆਪਕਾਂ ਨੂੰ ਅੱਗੇ ਆਉਣ ਦੀ ਅਪੀਲ
This entry was posted in ਅੰਤਰਰਾਸ਼ਟਰੀ.