ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ, ਪੰਜਾਬ ਸਰਕਾਰ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਭੁਲੱਥ ਤੋਂ ਵਿਧਾਇਕਾ ਬੀਬੀ ਜਗੀਰ ਕੌਰ ਜਿਨ੍ਹਾਂ ਨੂੰ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ, ਨੂੰ ਅੱਜ ਕਪੂਰਥਲਾ ਜ਼ੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਤੇ ਹੋਰ ਹਲਕਾ ਨਿਵਾਸੀ ਉਥੇ ਪਹੁੰਚੇ ਹੋਏ ਸਨ। ਨਿਊਜ਼ੀਲੈਂਡ ਦੇ ਵਿਚ ਵੀ ਉਨ੍ਹਾਂ ਦੇ ਸਮਰਥਾਂ ਦੇ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਆਪਣੇ ਵਿਚਾਰ ਦਿੰਦਿਆ ਸ. ਦਲਜੀਤ ਸਿੰਘ ਜੇ. ਪੀ. ਨੇ ਕਿਹਾ ਕਿ ਬੀਬੀ ਜਾਗੀਰ ਕੌਰ ਸਥਾਨਕ ਲੋਕਾਂ ਦੀ ਚੁਣੀ ਹੋਈ ਵਿਧਾਇਕਾ ਹੈ ਅਤੇ ਉਨ੍ਹਾਂ ਦੇ ਬਾਹਰ ਆਉਣ ਨਾਲ ਹਲਕੇ ਦੇ ਵਿਕਾਸ ਵਿਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਹਰ ਮਨੁੱਖ ਜ਼ਿੰਦਗੀ ਨੂੰ ਸੰਵਾਰਨ ਜਾਂ ਇੱਜਤ ਅਣਖ ਦੀ ਖਾਤਿਰ ਕਈ ਵਾਰ ਗੈਰ ਕਾਨੂੰਨਨ ਕੰਮਾਂ ਵਿਚ ਨਾ ਚਾਹੁੰਦਿਆਂ ਹੋਇਆਂ ਵੀ ਫਸ ਜਾਂਦਾ ਹੈ, ਪਰ ਇਹ ਨਹੀਂ ਹੁੰਦਾ ਕਿ ਉਹ ਇਨਸਾਨ ਹਮੇਸ਼ਾਂ ਹੀ ਗੈਰ ਕਾਨੂੰਨੀ ਕੰਮ ਕਰਦਾ ਰਹੇ। ਬੀਬੀ ਦੇ ਜ਼ੇਲ੍ਹ ਵਿਚ ਹੁੰਦਿਆਂ ਵੀ ਲੋਕ ਆਪਣੀਆਂ ਮੁਸ਼ਕਿਲਾਂ ਲੈ ਕੇ ਉਨ੍ਹਾਂ ਕੋਲ ਆਉਂਦੇ ਰਹੇ ਹਨ ਜਿਨ੍ਹਾਂ ਦਾ ਉਹ ਨਿਪਟਾਰਾ ਵੀ ਕਰਦੀ ਰਹੀ ਹੈ। ਬੀਬੀ ਦੇ ਰਿਹਾਅ ਹੋਣ ਨਾਲ ਜਿਥੇ ਉਨ੍ਹਾਂ ਦੇ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜੇਗੀ ਉਥੇ ਦੇਸ਼-ਵਿਦੇਸ਼ ਬੈਠੇ ਉਨ੍ਹਾਂ ਦੇ ਸਮਰਥਕਾਂ ਦੇ ਵਿਚ ਵੀ ਇਕ ਨਵਾਂ ਜੋਸ਼ ਪੈਦਾ ਹੋਵੇਗਾ। ਵਰਨਣਯੋਗ ਹੈ ਕਿ ਬੀਬੀ ਜਾਗੀਰ ਕੌਰ ਨੂੰ ਇਸੇ ਸਾਲ ਮਾਰਚ ਮਹੀਨੇ ਆਪਣੀ ਹੀ ਬੇਟੀ ਦੀ ਹੱਤਿਆ (21 ਅਪ੍ਰੈਲ 2000) ਦੇ ਵਿਚ ਸ਼ਾਮਿਲ ਹੋਣ ’ਤੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਬੀਬੀ ਜਾਗੀਰ ਕੌਰ ਜ਼ੇਲ੍ਹ ਤੋਂ ਰਿਹਾਅ-ਹਜ਼ਾਰਾਂ ਦੀ ਗਿਣਤੀ ਵਿਚ ਹਲਕਾ ਨਿਵਾਸੀ ਤੇ ਹੋਰ ਸਮਰਥਕ ਪਹੁੰਚੇ
This entry was posted in ਅੰਤਰਰਾਸ਼ਟਰੀ.