ਅੰਮ੍ਰਿਤਸਰ:- 29 ਅਕਤੂਬਰ 1922 ਨੂੰ ਵਾਪਰੇ ਸਾਕਾ ਪੰਜਾ ਸਾਹਿਬ ਦੇ ਨਾਇਕ ਸ਼ਹੀਦ ਭਾਈ ਕਰਮ ਸਿੰਘ ਦੇ ਸਪੁੱਤਰ 95 ਸਾਲਾ ਬਜੁਰਗ ਭਾਈ ਈਸਰ ਸਿੰਘ ਡਲਹੌਜੀ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਦਫ਼ਤਰ ਆਉਣ ਤੇ ਸ.ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਸ.ਦਿਲਜੀਤ ਸਿੰਘ ਬੇਦੀ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਕਿ ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਕਰਮ ਸਿੰਘ ਦੇ ਪਰਿਵਾਰਕ ਮੈਂਬਰ ਸਪੁੱਤਰ ਭਾਈ ਈਸਰ ਸਿੰਘ ਡਲਹੌਜੀ ਦਾ ਪਤਾ ਲੱਗਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰਦੇਸ਼ ਦਿੱਤੇ ਕਿ ਭਾਈ ਈਸਰ ਸਿੰਘ ਨੂੰ ਸਨਮਾਨਿਤ ਕੀਤਾ ਜਾਵੇ।
ਇਸ ਮੌਕੇ ਸ.ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਯੋਗ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਕਾ ਪੰਜਾ ਸਾਹਿਬ ਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਪਤਾ ਲੱਗਣ ਤੇ ਉਹਨਾਂ ਦਾ ਮਾਣ ਸਤਿਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਕਾ ਪੰਜਾ ਸਾਹਿਬ ਤੇ ਸਾਕਾ ਨਨਕਾਣਾ ਸਾਹਿਬ ਦੀਆਂ ਲਾਸਾਨੀ ਸ਼ਹਾਦਤਾ ਨੂੰ ਵਿਸਾਰਿਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬੁਨਿਆਦ ਤੇ ਹੀ ਸਿੱਖ ਕੌਮ ਖੜੀ ਹੈ ਤੇ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਕੌਮ ਦੁਨੀਆਂ ਦੇ ਨਕਸ਼ੇ ਤੋਂ ਸਦਾ ਲਈ ਹੀ ਮਿਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਕਰਮ ਸਿੰਘ ਜੀ ਦੀ ਯਾਦ ‘ਚ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ ਗੁਰੂ ਨਾਨਕਪੁਰਾ ਕਿੱਤੇਆਂ ‘ਚ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ।
ਇਸ ਮੌਕੇ ਭਾਈ ਸਾਹਿਬ ਦੀ ਯਾਦ ‘ਚ ਉਸਾਰੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਜਸਵਿੰਦਰ ਸਿੰਘ, ਸ.ਇਕਬਾਲ ਸਿੰਘ ਖਜਾਨਚੀ, ਸ.ਦਰਸ਼ਨ ਸਿੰਘ ਜਨਰਲ ਸਕੱਤਰ, ਸ.ਸ਼ਾਮ ਸਿੰਘ ਮੈਂਬਰ, ਸ.ਅੰਗਰੇਜ ਸਿੰਘ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਤੇ ਸ਼ਹੀਦ ਭਾਈ ਕਰਮ ਸਿੰਘ ਦੇ ਪੋਤਰੇ ਭਾਈ ਗੁਰਜੀਤ ਸਿੰਘ ਆਦਿ ਮੌਜੂਦ ਸਨ।